38ਵਾਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਸ਼ੁਰੂ
ਉਦਘਾਟਨੀ ਮੈਚ ਵਿੱਚ ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 1-0 ਦੇ ਫਰਕ ਨਾਲ ਹਰਾਇਆ
ਬਾਬੂਸ਼ਾਹੀ ਨੈੱਟਵਰਕ
ਜਲੰਧਰ 23 ਅਕਤੂਬਰ 2021- ਪੰਜਾਬ ਪੁਲਿਸ ਨੇ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ 1-0 ਦੇ ਫਰਕ ਨਾਲ ਹਰਾ ਕੇ 38ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਵਿੱਚ ਜੇਤੂ ਸੁਰੂਆਤ ਕਰਦੇ ਹੋਏ ਤਿੰਨ ਅੰਕ ਹਾਸਲ ਕੀਤੇ। ਜਲੰਧਰ ਕੈਂਟ ਦੇ ਕਟੋਚ ਐਸਟਰੋਟਰਫ ਹਾਕੀ ਸਟੇਡੀਅਮ ਵਿਖੇ ਸ਼ੁਰੂ ਹੋਏ ਉਕਤ ਟੂਰਨਾਮੈਂਟ ਦਾ ਉਦਘਾਟਨ ਲੈਫਟੀਨੈਂਟ ਕਰਨਲ ਸੀ ਬੰਸੀ ਪੁਨੱਪਾ ਏਵੀਐਸਐਮ ਵੀਐਸਐਮ ਨੇ ਕੀਤਾ।
ਉਦਘਾਟਨੀ ਸਮਾਰੋਹ ਦੌਰਾਨ ਮੁੱਖ ਮਹਿਮਾਨ ਨੇ ਦੋਵਾਂ ਟੀਮਾਂ ਦੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ। ਮੁੱਖ ਮਹਿਮਾਨ ਦਾ ਸਵਾਗਤ ਸੁਰਜੀਤ ਹਾਕੀ ਸੋਸਾਇਟੀ ਦੇ ਜਨਰਲ ਸਕੱਤਰ ਇਕਬਾਲ ਸਿੰਘ ਸੰਧੂ ਨੇ ਕੀਤਾ। ਦੋਵਾਂ ਟੀਮਾਂ ਦਰਮਿਆਨ ਮੁਕਾਬਲਾ ਕਾਂਟੇਦਾਰ ਰਿਹਾ। ਖੇਡ ਦਾ ਪਹਿਲਾ ਕਵਾਰਟਰ ਬਿਨ੍ਹਾਂ ਕਿਸੇ ਗੋਲ ਦੇ ਬਰਾਬਰ ਰਿਹਾ। ਖੇਡ ਦੇ ਦੂਜੇ ਕਵਾਰਟਰ ਦੇ 27ਵੇਂ ਮਿੰਟ ਵਿੱਚ ਪੰਜਾਬ ਪੁਲਿਸ ਵਲੋਂ ਉਲੰਪੀਅਨ ਰਮਨਦੀਪ ਸਿੰਘ ਨੇ ਸਿਮਰਨਜੀਤ ਸਿੰਘ ਦੇ ਪਾਸ ਤੇ ਮੈਦਾਨੀ ਗੋਲ ਕਰਕੇ ਪੁਲਿਸ ਨੂੰ ਬੜਤ ਦੁਆਈ। ਅੱਧੇ ਸਮੇਂ ਤੱਕ ਪੰਜਾਬ ਪੁਲਿਸ 1-0 ਨਾਲ ਅੱਗੇ ਸੀ।
ਹਾਫ ਟਾਇਮ ਤੋਂ ਬਾਅਦ ਖੇਡ ਦੇ ਤੀਜੇ ਕਵਾਰਟਰ ਵਿੱਚ ਰੇਲ ਕੋਚ ਫੈਕਟਰੀ ਕਪੂਰਥਲਾ ਨੂੰ ਲਗਾਤਾਰ ਤਿੰਨ ਪੈਨਲਟੀ ਕਾਰਨਰ ਮਿਲੇ ਪਰ ਪੰਜਾਬ ਪੁਲਿਸ ਦੇ ਗੋਲਕੀਪਰ ਹਰਜੋਤ ਸਿੰਘ ਨੇ ਸ਼ਾਨਦਾਰ ਬਚਾਅ ਕੀਤੇ। ਖੇਡ ਦੇ ਚੌਥੇ ਕਵਾਰਟਰ ਵਿੱਚ ਦੋਵੇਂ ਟੀਮਾਂ ਨੇ ਗੋਲ ਕਰਨ ਦੇ ਕਈ ਮੌਕੇ ਗੁਆਏ।
ਇਸ ਮੌਕੇ ਤੇ ਉਲੰਪੀਅਨ ਹਰਪ੍ਰੀਤ ਸਿੰਘ ਮੰਡੇਰ, ਲਖਵਿੰਦਰ ਪਾਲ ਸਿੰਘ ਖਹਿਰਾ, ਅਮਰੀਕ ਸਿੰਘ ਪੁਆਰ, ਕ੍ਰਿਪਾਲ ਸਿੰਘ ਮਠਾਰੂ, ਸੁਰਿੰਦਰ ਸਿੰਘ ਭਾਪਾ, ਗੁਰਵਿੰਦਰ ਸਿੰਘ ਗੁਲੂ, ਰਾਮ ਪ੍ਰਤਾਪ, ਰਣਬੀਰ ਸਿੰਘ ਰਾਣਾ ਟੁੱਟ, ਕੁਲਵਿੰਦਰ ਸਿੰਘ ਥਿਆੜਾ, ਉਲੰਪੀਅਨ ਰਜਿੰਦਰ ਸਿੰਘ, ਡੀਐਸਪੀ ਮੇਜਰ ਸਿੰਘ, ਡੀਐਸਪੀ ਹਰਿੰਦਰ ਸਿੰਘ ਡਿੰਪੀ, ਗੌਰਵ ਮਹਾਜਨ, ਟੂਰਨਾਮੈਂਟ ਦੀ ਜੇਤੂ ਟੀਮ ਨੂੰ 5 ਲੱਖ ਦਾ ਨਕਦ ਇਨਾਮ ਦੇਣ ਵਾਲੇ ਐਨਆਰਆਈ ਅਮੋਲਕ ਸਿੰਘ ਗਾਖਲ, ਨੱਥਾ ਸਿੰਘ ਗਾਖਲ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।