ਅਰੂਸਾ ’ਤੇ ਹਮਲਾ ਪੈ ਰਿਹੈ ਮਹਿੰਗਾ, ਹੱਥਾਂ ਨਾਲ ਦਿੱਤੀਆਂ ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਨੇ, ਜਾਣੋਂ ਕਿਵੇਂ
ਚੰਡੀਗੜ੍ਹ, 23 ਅਕਤੂਬਰ, 2021: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਮਿੱਤਰ ਅਰੂਸਾ ਆਲਮ ’ਤੇ ਹਮਲਾ ਹੁਣ ਪੰਜਾਬ ਦੇ ਕਾਂਗਰਸੀਆਂ ਨੁੰ ਮਹਿੰਗਾ ਪੈਣ ਲੱਗ ਪਿਆ ਹੈ। ਕੱਲ੍ਹ ਡਿਪਟੀ ਸੀ ਐਮ ਸੁਖਜਿੰਦਰ ਸਿੰਘ ਰੰਧਾਵਾ ਨਾਲ ਟਵਿੱਟਰ ਵਾਰ ਛਿੜਣ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਜਦੋਂ ਅਰੂਸਾ ਆਲਮ ’ਤੇ ਹਮਲਾ ਬੋਲਿਆ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਝੱਟ ਸਿੱਧੂ ਦੇ ਸਲਾਹਕਾਰ ਮੁਹੰਮਦ ਮੁਸਫਤਾ ਦੀ ਪਤਨੀ ਤੇ ਪੰਜਾਬ ਦੀ ਮੰਤਰੀ ਰਜ਼ੀਆ ਸੁਲਤਾਨਾ ਤੇ ਉਹਨਾਂ ਦੀ ਨੂੰਹ ਦੀਆਂ ਤਸਵੀਰਾਂ ਵਾਇਰਲ ਕਰ ਦਿੱਤੀਆਂ।
ਦੁਪਹਿਰ ਵੇਲੇ ਨਵਜੋਤ ਕੌਰ ਸਿੱਧੂ ਨੇ ਅਰੂਸਾ ਆਲਮ ’ਤੇ ਤਿੱਖਾ ਹਮਲਾ ਬੋਲਿਆ ਸੀ ਤੇ ਕਿਹਾ ਸੀ ਕਿ ਅਫਸਰਾਂ ਤੋਂ ਪੈਸੇ ਲੈ ਲੈ ਕੇ ਅਮਰਿੰਦਰ ਸਿੰਘ ਨੇ ਅਰੂਸਾ ਆਲਮ ਨੁੰ ਦਿੱਤੇ ਤੇ ਉਹ ਹੁਣ ਫਰਾਰ ਹੈ।
ਅੱਜ ਸ਼ਾਮ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਸਿੱਧੂ ਦੇ ਸਲਾਕਹਾਰ ਦੀ ਪਤਨੀ ਤੇ ਨੂੰਹ ਦੀਆਂ ਤਸਵੀਰਾਂ ਵਾਇਰਲ ਕਰਦਿਆਂ ਟਵੀਟ ਕੀਤਾ ਹੈ ਕਿ ਕੀ ਇਹ ਉਸੇ ਜਨਾਨੀ ਨਾਲ ਤੁਹਾਡੀ ਪਤਨੀ ਤੇ ਨੁੰਹ ਨਹੀਂ ਹੈ ? ਹੋਰ ਕਿੰਨਾ ਹੇਠਾਂ ਤੁਸੀਂ ਡਿੱਗੋਗੇ। ਦੋਸਤੀ ਨੁੰ ਰਾਜਨੀਤੀ ਨਾਲ ਰਲਾ ਰਹੇ ਹੋ। ਅਰੂਸਾ ਆਲਮ ਕੋਲ ਇਹ ਤੇ ਹੋਰ ਅਨੇਕਾਂ ਯਾਦਾਂ ਸੰਜੋ ਕੇ ਰੱਖੀਆਂ ਹੋਈਆਂ ਹਨ।
ਕੈਪਟਨ ਅਮਰਿੰਦਰ ਸਿੰਘ ਦੀ ਟੀਮ ਵੱਲੋਂ ਕੀਤੇ ਹਮਲੇ ਤੋਂ ਬਾਅਦ ਪੰਜਾਬ ਵਿਚ ਅਰੂਸਾ ’ਤੇਹਮਲਾ ਕਰਨ ਵਾਲੇ ਕਾਂਗਰਸੀਆਂ ਦੀ ਹਾਲਤ ਇਹ ਹੋ ਗਈ ਹੈ ਕਿ ਹੱਥਾਂ ਨਾਲ ਦਿੱਤੀਆਂ, ਦੰਦਾਂ ਨਾਲ ਖੋਲ੍ਹਣੀਆਂ ਪੈ ਰਹੀਆਂ ਹਨ। ਅਜਿਹਾ ਜਾਪ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਟੀਮ ਨੇ ਅਰੂਸਾ ਆਲਮ ਦੇ ਮਾਮਲੇ ਵਿਚ ਪਹਿਲਾਂ ਹੀ ਤਸਵੀਰਾਂ ਤੇ ਵੀਡੀਓ ਸੰਭਾਲ ਕੇ ਰੱਖੀਆਂ ਹੋਈਆਂ ਹਨ, ਜੋ ਵੀ ਹਮਲਾ ਬੋਲੇਗਾ, ਉਸਦੀਆਂ ਤਸਵੀਰਾਂ ਜਾਰੀ ਹੋ ਜਾਣਗੀਆਂ।