ਹਾਈਵੇ 'ਤੇ ਸੜਕ ਹਾਦਸੇ 'ਚ ਨੈਸ਼ਨਲ ਕਬੱਡੀ ਖ਼ਿਡਾਰੀ ਦੀ ਮੌਤ, 4 ਗੰਭੀਰ ਜ਼ਖ਼ਮੀ
ਜਗਤਾਰ ਸਿੰਘ, ਬਾਬੂਸ਼ਾਹੀ ਨੈੱਟਵਰਕ
ਸ਼ੰਭੂ, 23 ਅਕਤੂਬਰ 2021: ਲੰਘੀ ਦੇਰ ਰਾਤ ਮੁੱਖ ਕੌਮੀ ਸ਼ਾਹ ਮਾਰਗ ਨੰਬਰ 44 `ਤੇ ਪਿੰਡ ਘੱਗਰ ਸਰਾਏ ਨੇੜੇ ਵਾਪਰੇ ਇਕ ਭਿਆਨਕ ਸੜਕ ਹਾਦਸੇ `ਚ ਕਾਰ ਸਵਾਰ ਰਾਸ਼ਟਰੀ ਕਬੱਡੀ ਖ਼ਿਡਾਰੀ ਜਸਪ੍ਰੀਤ ਸਿੰਘ (27) ਦੀ ਮੌਤ ਹੋ ਗਈ ਅਤੇ ਉਸਦੇ ਨਾਲ ਕਾਰ ਵਿਚ ਬੈਠੇ 4 ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਚੰਡੀਗੜ੍ਹ ਦੇ ਹਸਪਤਾਲ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ।
ਜਾਣਕਾਰੀ ਅਨੁਸਾਰ ਰਾਸ਼ਟਰੀ ਕਬੱਡੀ ਖ਼ਿਡਾਰੀ ਜਸਪ੍ਰੀਤ ਸਿੰਘ (ਜੱਸੂ ਘਨੌਰ)ਆਪਣੇ 4 ਹੋਰ ਸਾਥੀਆਂ ਨਾਲ ਲੰਘੀ ਦੇਰ ਰਾਤ ਸਵਿਫਟ ਡੀਜਾਇਰ ਕਾਰ ਰਾਹੀਂ ਆਪਣੇ ਪਿੰਡ ਸੰਧਾਰਸੀ ਤੋਂ ਰਾਜਪੁਰਾ ਆ ਰਿਹਾ ਸੀ।ਜਦੋਂ ਉਹਨਾਂ ਦੀ ਕਾਰ ਕੌਮੀ ਸ਼ਾਹ ਮਾਰਗ ਨੰਬਰ 44 `ਤੇ ਪਿੰਡ ਘੱਗਰ ਸਰਾਏ ਨੇੜੇ ਪਹੁੰਚੀ ਤਾਂ ਉਹਨਾਂ ਦੀ ਕਾਰ ਨੂੰ ਇਕ ਟਰੱਕ ਨੇ ਟੱਕਰ ਮਾਰ ਦਿੱਤੀ।ਇਸ ਹਾਦਸੇ ਵਿਚ ਕਾਰ ਸਵਾਰ ਸਾਰੇ 5 ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ।ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ।ਜਿੱਥੇ ਡਾਕਟਰਾਂ ਨੇ ਜਸਪ੍ਰੀਤ ਸਿੰਘ (26) ਨੂੰ ਮ੍ਰਿਤਕ ਐਲਾਨ ਦਿੱਤਾ ਜਦੋਂ ਕਿ ਬਾਕੀ ਹੋਰ ਕਾਰ ਸਵਾਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਸੰਧਾਰਸੀ, ਰਮਨਪ੍ਰੀਤ ਸਿੰਘ ਵਾਸੀ ਪਿੰਡ ਸਰਾਲਾ ਖ਼ੁਰਦ, ਅੰਗ੍ਰੇਜ ਸਿੰਘ ਵਾਸੀ ਸਰਾਲਾ ਖ਼ੁਰਦ ਅਤੇ ਅੰਮ੍ਰਿਤ ਪਾਲ ਸਿੰਘ ਵਾਸੀ ਪਿੰਡ ਜੱਬੋਮਾਜਰਾ ਦੀ ਗੰਭੀਰ ਹਾਲਤ ਦੇਖਦਿਆਂ ਹੋਇਆਂ ਡਾਕਟਰਾਂ ਨੇ ਉਹਨਾਂ ਨੂੰ ਚੰਡੀਗੜ੍ਹ ਦੇ ਪੀ.ਜੀ.ਆਈ. ਹਸਪਤਾਲ ਵਿਖੇ ਰੈਫਰ ਕਰ ਦਿੱਤਾ ਹੈ। ਸਥਾਨਕ ਸਿਵਲ ਹਸਪਤਾਲ ਵਿਚ ਪਹੁੰਚੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਮਨਿੰਦਰ ਸਿੰਘ ਵਿੱਕੀ ਘਨੌਰ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਇਕ ਰਾਸ਼ਟਰੀ ਖ਼ਿਡਾਰੀ ਸੀ ਤੇ ਉਹ ਜਸਪ੍ਰੀਤ ਸਿੰਘ ਨੂੰ ਕੌਚਿੰਗ ਦਿੰਦੇ ਸਨ। ਉਸਨੇ ਇਸ ਖੇਡ ਵਿਚ ਬਹੁਤ ਮਲ੍ਹਾ ਮਾਰੀਆਂ ਅਤੇ ਸਨਮਾਨ ਪ੍ਰਾਪਤ ਕੀਤੇ ਹਨ ਅਤੇ ਕਿਸਾਨੀ ਸੰਘਰਸ਼ ਵਿਚ ਵੀ ਇਸ ਨੌਜਵਾਨ ਨੇ ਆਪਣਾ ਬਹੁਤ ਯੋਗਦਾਨ ਪਾਇਆ ਹੈ ।ਥਾਣਾ ਸ਼ੰਭੁ ਦੀ ਪੁਲਿਸ ਨੇ ਅਣਪਛਾਤੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ।