ਵਿਜੈ ਇੰਦਰ ਸਿੰਗਲਾ ਨੇ ਸਰਕਾਰੀ ਸਕੂਲਾਂ ‘ਚ ਪੌਸ਼ਟਿਕ ਖਾਣਾ ਮੁਹੱਈਆ ਕਰਵਾਉਣ ਲਈ ਪਾਈਲਟ ਪ੍ਰੋਜੈਕਟ ਦੀ ਕੀਤੀ ਸ਼ੁਰੂਆਤ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਭਵਾਨੀਗੜ੍ਹ/ਸੰਗਰੂਰ, 23 ਅਕਤੂਬਰ, 2021: ਲੋਕ ਨਿਰਮਾਣ ਤੇ ਪ੍ਰਸ਼ਾਸਕੀ ਸੁਧਾਰ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਅੱਜ ਭਵਾਨੀਗੜ੍ਹ ਬਲਾਕ ਦੇ ਲੋਕਲ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਸ੍ਰੀ ਸੱਤਿਆ ਸਾਈਂ ਅੰਨਪੂਰਨਾ ਟਰੱਸਟ ਵੱਲੋਂ ਸਰਕਾਰੀ ਸਕੂਲਾਂ ‘ਚ ਸਵੇਰ ਦੇ ਸਮੇਂ ਪੌਸ਼ਟਿਕ ਭੋਜਨ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੇ ਗਏ ਪਾਈਲਟ ਪ੍ਰੋਜੈਕਟ ਦਾ ਉਦਘਾਟਨ ਕੀਤਾ।
ਇਸ ਮੌਕੇ ਬੋਲਦਿਆਂ ਸ਼੍ਰੀ ਸਿੰਗਲਾ ਨੇ ਕਿਹਾ ਕਿ ਅੱਜ ਚਲਾਇਆ ਜਾ ਰਿਹਾ ਇਹ ਪਾਈਲਟ ਪ੍ਰੋਜੈਕਟ ਸ਼ੁਰੂਆਤੀ ਤੌਰ ‘ਤੇ ਤਿੰਨ ਮਹੀਨਿਆਂ ਲਈ ਸ਼ੁਰੂ ਕੀਤਾ ਗਿਆ ਹੈ ਜਿਸਦੀ ਸਫਲਤਾ ਤੋਂ ਬਾਅਦ ਇਸ ਨੂੰ ਪੂਰੇ ਸਮੇਂ ਲਈ ਚਲਾਉਣ ਬਾਰੇ ਵਿਚਾਰ ਕੀਤਾ ਜਾਵੇਗਾ।
ਸ੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਤਹਿਤ ਅੱਜ ਤੋਂ ਇਲਾਕੇ ਦੇ 1000 ਵਿਦਿਆਰਥੀਆਂ ਨੂੰ ਡੀਹਾਈਡਰੈਟਿਡ ਪਾਊਡਰ ਦੇ ਰੂਪ ਵਿੱਚ ਸੰਤੁਲਿਤ ਭੋਜਨ ਦੀ ਖ਼ੁਰਾਕ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਪਾਊਡਰ ਵਿੱਚ ਬੱਚਿਆਂ ਦੇ ਵਿਕਾਸ ਲਈ ਲੋੜੀਂਦਾ ਸਾਰੇ ਜ਼ਰੂਰੀ ਤੱਤ ਅਤੇ ਵਿਟਾਮਿਨ ਸ਼ਾਮਲ ਹੋਣਗੇ। ਉਨ੍ਹਾਂ ਦੱਸਿਆ ਕਿ ਇਸ ਪਾਊਡਰ ਨੂੰ ਸਾਫ਼ ਪਾਣੀ ਵਿੱਚ ਘੋਲ ਕੇ ਵਿਦਿਆਰਥੀਆਂ ਨੂੰ ਪਿਲਾਇਆ ਜਾਵੇਗਾ ਜਿਸ ਨਾਲ ਉਨ੍ਹਾਂ ਦਾ ਸਰੀਰਕ ਵਿਕਾਸ ਨਿਯਮਤ ਹੋ ਸਕੇਗਾ।
ਕੈਬਨਿਟ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਸੁਪਨਾ ਹੈ ਕਿ ਸੰਗਰੂਰ ਪੰਜਾਬ ਦਾ ਨੰਬਰ ਇੱਕ ਵਿਧਾਨ ਸਭਾ ਹਲਕਾ ਬਣ ਕੇ ਉੱਭਰੇ ਤੇ ਇਸ ਲਈ ਸਾਰੇ ਲੋੜੀਂਦਾ ਕੰਮ ਕਰਵਾਏ ਜਾਣੇ ਯਕੀਨੀ ਬਣਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੰਗਰੂਰ ਹਲਕੇ ‘ਚ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਹਰ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਹਲਕੇ ਦੇ ਹਰ ਇੱਕ ਸਰਕਾਰੀ ਸਕੂਲ ਨੂੰ ਸਮਾਰਟ ਸਕੂਲ ਵਿੱਚ ਤਬਦੀਲ ਕੀਤਾ ਜਾ ਚੁੱਕਾ ਹੈ।
ਉਨ੍ਹਾਂ ਇਸ ਮੌਕੇ ਹਾਜ਼ਰ ਲੋਕਾਂ ਨੂੰ ਭਰੋਸਾ ਦਵਾਇਆ ਕਿ ਆਪਣੇ ਪੰਜ ਸਾਲ ਦੇ ਕਾਰਜ-ਕਾਲ ਦੌਰਾਨ ਉਹ ਇਲਾਕੇ ਦੇ ਲੋਕਾਂ ਨੂੰ ਬਿਹਤਰੀਨ ਸਹੂਲਤਾਂ ਮੁਹੱਈਆ ਕਰਵਾਉਣੀਆਂ ਜ਼ਰੂਰ ਯਕੀਨੀ ਬਣਾਉਣਗੇ।
ਇਸ ਮੌਕੇ ਹੋਰਨਾਂ ਪਤਵੰਤਿਆਂ ਤੋਂ ਇਲਾਵਾ ਕੁਲਦੀਪ ਸਿੰਘ ਭੁੱਲਰ, ਹਰੀ ਸਿੰਘ ਫੱਗੂਵਾਲਾ, ਤੇਜਪਾਲ, ਭੁਪਿੰਦਰ ਸ਼ਰਮਾ, ਜਗਰੂਪ ਸਿੰਘ, ਡਾ. ਲਛਮਣ, ਮਹਿੰਦਰ ਸਿੰਘ, ਰੌਕੀ ਬਾਂਸਲ, ਗੌਰਵ ਸਿੰਗਲਾ, ਚਮਕੌਰ ਜੱਸੀ, ਧਰੁਵ ਗਰਗ ਆਦਿ ਵੀ ਮੌਜੂਦ ਸਨ।