ਸੇਫਟੀ ਟ੍ਰੇਨਿੰਗ ਪ੍ਰੋਗਰਾਮ ਅਧੀਨ ਵਰਕਰਾਂ ਨੂੰ ਦਿੱਤੀ ਫਸਟ ਏਡ ਦੀ ਜਾਣਕਾਰੀ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,23 ਅਕਤੂਬਰ2021: ਰਿਫਾਈਨਰੀ ਵਰਕਰਾਂ ਨੂੰ ਇੰਡਸਟ੍ਰੀਅਲ ਹਾਦਸਿਆਂ ਤੋਂ ਬਚਾਅ ਸੰਬੰਧੀ ਜਾਣਕਾਰੀ ਦੇਣ ਲਈ ਐੱਚਐੱਮਈਐੱਲ ਗੁਰੂ ਗੋਬਿੰਦ ਸਿੰਘ ਰਿਫਾਇਨਰੀ ਫੁੱਲੋ ਖ਼ਾਰੀ ਵੱਲੋਂ ਡਿਪਟੀ ਡਾਇਰੈਕਟਰ ਫੈਕਟਰੀਜ਼ ਬਠਿੰਡਾ ਦੇ ਸਹਿਯੋਗ ਨਾਲ ਪਲਾਂਟ ਵਿੱਚ 2 ਰੋਜ਼ਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਰੈੱਡ ਕਰਾਸ ਸੁਸਾਇਟੀ ਦੇ ਫਸਟ ਏਡ ਮਾਸਟਰ ਟਰੇਨਰ ਨਰੇਸ਼ ਪਠਾਣੀਆ ਨੇ ਰਿਫਾਈਨਰੀ ਵਰਕਰਾਂ ਨੂੰ ਜੀਵਨ ਸੁਰੱਖਿਆ ਲਈ ਫਸਟ ਏਡ ਦੀ ਮੁਢਲੀ ਜਾਣਕਾਰੀ ਦਿੱਤੀ ਜਦੋਂਕਿ ਕਮਿਊਨਿਟੀ ਏਡਜ਼ ਐਜੂਕੇਟਰ ਨਰਿੰਦਰ ਬੱਸੀ ਨੇ ਆਰਟ ਆਫ ਲਿਵਿੰਗ ਅਤੇ ਐੱਚਆਈਵੀ/ਏਡਜ਼ ਤੋਂ ਬਚਾਅ ਬਾਰੇ ਨੁਕਤੇ ਦੱਸੇ । ਦੋਵਾਂ ਮਾਹਿਰਾਂ ਨੇ ਸਿਖਲਾਈ ਹਾਸਲ ਕਰਨ ਵਾਲਿਆਂ ਨੂੰ ਇਹ ਜਾਣਕਾਰੀ ਆਪਣੇ ਜੀਵਨ ’ਚ ਅਪਨਾਉਣ ਅਤੇ ਹੋਰਨਾਂ ਨੂੰ ਅੱਗੇ ਵੰਡਣ ਦਾ ਸੱਦਾ ਦਿੱਤਾ।
ਡਿਪਟੀ ਡਾਇਰੈਕਟਰ ਫੈਕਟਰੀਜ਼ ਬਠਿੰਡਾ ਵਿਸ਼ਾਲ ਸਿੰਗਲਾ ਦੀ ਅਗੁਵਾਈ ਹੇਠ ਕਰਵਾਏ ਗਏ ਇਸ ਦੋ ਰੋਜ਼ਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਦੌਰਾਨ ਫਸਟ ਏਡ ਮਾਸਟਰ ਟ੍ਰੇਨਰ ਨਰੇਸ਼ ਪਠਾਣੀਆ ਨੇ ਵਰਕਰਾਂ ਨੂੰ ਹਾਦਸੇ ਹੋਣ ਦੇ ਕਾਰਣਾਂ, ਇਹਨਾਂ ਤੋਂ ਬਚਾਅ ਅਤੇ ਜੀਵਨ ਸੁਰੱਖਿਆ ਲਈ ਮੁੱਢਲੀ ਸਹਾਇਤਾ ਦੇ ਬੇਸਿਕ ਟਿਪਸ ਦਿੱਤੇ। ਉਹਨਾਂ ਵਰਕਰਾਂ ਨੂੰ ਅੱਗ ਲੱਗਣ, ਬੇਹੋਸ਼ੀ, ਲੂ ਲੱਗ ਜਾਣ, ਕਰੰਟ ਲੱਗਣ ਅਤੇ ਜ਼ਹਿਰੀਲੇ ਜੀਵ ਜੰਤੂਆਂ ਦੇ ਕੱਟਣ ਮੌਕੇ ਦਿੱਤੀ ਜਾਣ ਵਾਲੀ ਫਸਟ ਏਡ ਦੀ ਜਾਣਕਾਰੀ ਦਿੱਤੀ। ਸਿਖਿਆਰਥੀਆਂ ਨੂੰ ਸੰਬੋਧਨ ਕਰਦਿਆਂ ਟਰੇਨਰ ਪਠਾਣੀਆ ਨੇ ਕਿਹਾ ਕਿ ਹਾਦਸਿਆਂ ਦੌਰਾਨ ਪਲ-ਪਲ ਕੀਮਤੀ ਹੁੰਦਾ ਹੈ। ਅਜਿਹੀਆਂ ਹੰਗਾਮੀ ਹਾਲਤਾਂ ਦੌਰਾਨ ਤੁਰੰਤ ਫਸਟ ਏਡ ਦੇ ਕੇ ਕਿਸੇ ਦਾ ਅਨਮੋਲ ਜੀਵਨ ਬਚਾਇਆ ਜਾ ਸਕਦਾ ਹੈ।
ਡਿਪਟੀ ਡਾਇਰੈਕਟਰ ਫੈਕਟਰੀਜ਼ ਵਿਸ਼ਾਲ ਸਿੰਗਲਾ ਨੇ ਇਸ ਮੌਕੇ ਕਿਹਾ ਕਿ ਕਾਰਖਾਨਿਆਂ ਵਿੱਚ ਹਾਦਸਿਆਂ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ ਸੇਫਟੀ ਪ੍ਰੋਗਰਾਮ ਕਰਨ ਨਾਲ ਵਰਕਰਾਂ ਵਿੱਚ ਹਾਦਸਿਆਂ ਦਾ ਮੁਕਾਬਲਾ ਕਰਨ ਲਈ ਹੌਂਸਲਾ ਪੈਦਾ ਹੁੰਦਾ ਹੈ ਅਤੇ ਸੇਫਟੀ ਨਿਯਮਾਂ ਦੀ ਪਾਲਣਾ ਕਰਨ ਦੀ ਆਦਤ ਪੈਦਾ ਹੁੰਦੀ ਹੈ। ਟ੍ਰੇਨਿੰਗ ਪ੍ਰੋਗਰਾਮ ਦੌਰਾਨ ਡਿਪਟੀ ਡਾਇਰੈਕਟਰ ਫੈਕਟਰੀਜ਼ ਸੰਗਰੂਰ ਸਾਹਿਲ ਗੋਇਲ, ਲੁਧਿਆਣਾ ਤੋਂ ਸੁਖਜਿੰਦਰ ਸਿੰਘ ਭੱਟੀ, ਪੰਜਾਬ ਇੰਡਸਟ੍ਰੀਅਲ ਸੁਰੱਖਿਆ ਪ੍ਰੀਸ਼ਦ ਤੋਂ ਸੰਜੀਵ ਕੁਮਾਰ, ਐੱਨਐੱਫਐੱਲ ਤੋਂ ਅਨਿਲ ਸ਼ਰਮਾ, ਅਲਟ੍ਰਾਟੈੱਕ ਤੋਂ ਦਵਿੰਦਰ ਪਾਲ ਸਿੰਘ ਅਤੇ ਐੱਚਐੱਮਈਐੱਲ ਦੇ ਅਧਿਕਾਰੀ ਮਲਿਕ ਅਤੇ ਸੰਦੀਪ ਨੇ ਪ੍ਰੋਗਰਾਮ ਨੂੰ ਸਫਲ ਬਨਾਉਣ ਵਿੱਚ ਆਪਣਾ ਯੋਗਦਾਨ ਦਿੱਤਾ। 2 ਰੋਜ਼ਾ ਸੇਫਟੀ ਟ੍ਰੇਨਿੰਗ ਪ੍ਰੋਗਰਾਮ ਪ੍ਰਵੀਨ ਕੁਮਾਰ ਥਿੰਦ ਲੇਬਰ ਕਮਿਸ਼ਨਰ-ਕਮ-ਡਾਇਰੈਕਟਰ ਆੱਫ ਫੈਕਟਰੀਜ਼ ਪੰਜਾਬ, ਇੰਡਸਟ੍ਰੀਅਲ ਸੇਫਟੀ ਕਾਂਊਸਲ ਮੋਹਾਲੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਕਰਵਾਇਆ ਗਿਆ।
--