ਜੀ ਐਸ ਪੰਨੂ
ਪਟਿਆਲਾ, 23 ਅਕਤੂਬਰ,2021: ਸਾਂਝਾ ਅਧਿਆਪਕ ਮੋਰਚਾ ਪੰਜਾਬ ਦੇ ਸੂਬਾਈ ਕਨਵੀਨਰਾਂ ਅਤੇ ਕੋ ਕਨਵੀਨਰਾਂ ਅਧਾਰਿਤ ਵਫਦ ਵਲੋਂ ਡੀ.ਪੀ.ਆਈ. (ਐ: ਸਿੱ:) ਸ੍ਰੀਮਤੀ ਹਰਿੰਦਰ ਕੌਰ ਨਾਲ ਪ੍ਰਾਇਮਰੀ ਅਧਿਆਪਕਾਂ ਅਤੇ ਸਿੱਖਿਆ ਨਾਲ ਸਬੰਧਿਤ ਮੰਗਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ ਗਈ। ਮੋਰਚੇ ਦੇ ਵਫਦ ਦੀ ਅਗਵਾਈ ਬਲਕਾਰ ਸਿੰਘ ਵਲਟੋਹਾ, ਵਿਕਰਮ ਦੇਵ ਸਿੰਘ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਜੀਤ ਸਿੰਘ ਸਲਾਣਾ, ਹਰਵਿੰਦਰ ਸਿੰਘ ਬਿਲਗਾ, ਜਸਵਿੰਦਰ ਸਿੰਘ ਔਲਖ, ਸੁਖਜਿੰਦਰ ਸਿੰਘ ਹਰੀਕਾ ਅਤੇ ਸੁਖਰਾਜ ਸਿੰਘ ਕਾਹਲੋਂ ਨੇ ਕੀਤੀ।
ਮੀਟਿੰਗ ਦੀ ਜਾਣਕਾਰੀ ਸਾਂਝੀ ਕਰਦਿਆਂ ਮੋਰਚੇ ਦੇ ਕਨਵੀਨਰਾਂ ਅਤੇ ਕੋ-ਕਨਵੀਨਰਾਂ ਨੇ ਦੱਸਿਆ ਕਿ ਸੰਘਰਸ਼ਾਂ ਦੌਰਾਨ ਹੋਈਆਂ ਵਿਕਟੇਮਾਈਜ਼ੇਸ਼ਨਾਂ ਰੱਦ ਕਰਨ, ਵੱਖ-ਵੱਖ ਕਾਰਨਾਂ ਦੇ ਹਵਾਲੇ ਨਾਲ ਰੋਕੇ ਰੈਗੂਲਰ ਪੱਤਰ ਜਾਰੀ ਕਰਨ ਸਬੰਧੀ ਡੀ.ਪੀ.ਆਈ. ਨੇ ਭਰੋਸਾ ਦਿੱਤਾ ਕਿ ਪ੍ਰਾਇਮਰੀ ਨਾਲ ਸਬੰਧਿਤ ਅਜਿਹੇ ਸਾਰੇ ਮਾਮਲੇ ਜਲਦ ਹੱਲ ਹੋਣਗੇ। ਪਦਉੱਨਤੀਆਂ ਸਬੰਧੀ ਠੋਸ ਭਰੋਸਾ ਦਿੱਤਾ ਗਿਆ ਕਿ ਹੈੱਡ ਟੀਚਰ ਤੋਂ ਸੈਂਟਰ ਹੈੱਡ ਟੀਚਰ ਲਈ 25 ਅਕਤੂਬਰ ਤੱਕ ਅਤੇ ਸੀ.ਐੱਚ.ਟੀ. ਤੋਂ ਬੀ.ਪੀ.ਈ.ਓ. ਲਈ ਅਗਲੇ ਤਿੰਨ ਜਾਂ ਚਾਰ ਦਿਨਾਂ ਵਿੱਚ ਹੀ ਪਦਉੱਨਤੀਆਂ ਸ਼ੁਰੂ ਹੋਣਗੀਆਂ, ਪੋਸਟਾਂ ਖਾਲੀ ਹੁੰਦੇ ਸਾਰ ਦੂਜਾ ਰਾਊਂਡ ਵੀ ਫੌਰੀ ਚਲਾਇਆ ਜਾਵੇਗਾ ਅਤੇ ਪਦਉੱਨਤੀਆਂ ਦੀ ਇਹ ਪ੍ਰਕਿਰਿਆ 5 ਨਵੰਬਰ ਤੋਂ ਪਹਿਲਾਂ-ਪਹਿਲਾਂ ਮੁਕੰਮਲ ਕੀਤਾ ਜਾਵੇਗਾ। ਜਿਸ ਉਪਰੰਤ ਈਟੀਟੀ ਤੋਂ ਐੱਚ.ਟੀ. ਦੀ ਪਦ ਉੱਨਤੀ ਪ੍ਰਕਿਰਿਆ ਸ਼ੁਰੂ ਹੋਵੇਗੀ। ਈ.ਟੀ.ਟੀ. ਤੋਂ ਮਾਸਟਰ ਕਾਡਰ ਦੇ ਸਾਰੇ ਵਿਸ਼ਿਆਂ ਦੀਆਂ ਪੈਡਿੰਗ ਤਰੱਕੀਆਂ ਕਰਨ ਦੀ ਮੰਗ ਤਹਿਤ ਡੀਪੀਆਈ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੇ ਦਫਤਰ ਵਲੋਂ ਸੀਨੀਆਰਤਾ ਸੂਚੀਆਂ ਦਫ਼ਤਰ ਡੀ.ਪੀ.ਆਈ. (ਸੈਕੰਡਰੀ) ਵੱਲ ਭੇਜੀਆਂ ਜਾ ਚੁੱਕੀਆਂ ਹਨ। ਨਿਯਮਾਂ ਵਿੱਚ ਸੋਧ ਦੀ ਮੰਗ ਕਰਦਿਆਂ ਬੀ.ਪੀ.ਈ.ਓ. ਅਤੇ ਸੀ.ਐੱਚ.ਟੀ. ਦੀ ਸੀਨੀਆਰਤਾ ਸਟੇਟ ਦੀ ਥਾਂ ਜਿਲ੍ਹਾ ਕਾਡਰ ਰੱਖਣ ਅਤੇ ਸਾਰੇ ਕਾਡਰਾਂ ਲਈ ਪਦਉੱਨਤੀ ਕੋਟਾ 75% ਰੱਖਦਿਆਂ ਹਰੇਕ ਤਿਮਾਹੀ ਪਦਉੱਨਤੀ ਪ੍ਰਕਿਰਿਆ ਚਲਾਉਣ ਦੀ ਮੰਗ ਕੀਤੀ ਗਈ।
ਮਿਡ ਡੇਅ ਮੀਲ ਦੀ ਰਾਸ਼ੀ ਵਿੱਚ ਤਰਕਸੰਗਤ ਵਾਧਾ ਕਰਨ ਦੀ ਮੰਗ ਕੀਤੀ ਗਈ। ਡੀਪੀਆਈ ਨੇ ਦੱਸਿਆ ਕਿ ਬਹੁਤ ਜਲਦ ਮਿਡ ਡੇਅ ਮੀਲ ਦੀ ਬਕਾਇਆ ਰਾਸ਼ੀ ਸਕੂਲਾਂ ਨੂੰ ਜਾਰੀ ਹੋਵੇਗੀ। ਮਿਡ ਡੇਅ ਮੀਲ ਵਰਕਰਾਂ ‘ਤੇ ਘੱਟੋ ਘੱਟ ਉਜਰਤਾਂ ਕਾਨੂੰਨ ਤਹਿਤ ਸਾਲ ਵਿੱਚ 12 ਤਨਖਾਹਾਂ ਲਾਗੂ ਕਰਨ ਅਤੇ ਅਧਿਆਪਕਾਂ ਤੋਂ ਲਏ ਜਾਂਦੇ ਸਾਰੇ ਗੈਰ ਵਿੱਦਿਅਕ ਕੰਮ, ਸਮੇਤ ਬੀ.ਐੱਲ.ਓ. ਡਿਊਟੀਆਂ ਲੈਣੀਆਂ ਪੂਰੀ ਤਰ੍ਹਾਂ ਬੰਦ ਕਰਨ ਦੀ ਮੰਗ ਕੀਤੀ ਗਈ। ਕਰੋਨਾ ਕਾਰਨ ਜਾਨ ਗਵਾਉਣ ਵਾਲੇ ਅਧਿਆਪਕਾਂ ਨੂੰ 50 ਲੱਖ ਦੀ ਐਕਸ ਗਰੇਸ਼ੀਆ ਅਤੇ ਆਸ਼ਰਿਤਾਂ ਲਈ ਨੌਕਰੀ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦਾ ਭਰੋਸਾ ਮਿਲਿਆ। ਕੋਵਿਡ-19 ਤੋਂ ਗ੍ਰਸਤ ਅਧਿਆਪਕਾਂ ਦੀ ਪਿਛਲੇ ਸਮੇਂ ਦੌਰਾਨ ਕੱਟੀ ਗਈ ਕਮਾਈ ਜਾਂ ਮੈਡੀਕਲ ਛੁੱਟੀ ਨੂੰ ਕੁਆਰਟਾਈਨ ਛੁੱਟੀ ਵਿੱਚ ਤਬਦੀਲ ਕਰਨ ਸਬੰਧੀ ਦੱਸਿਆ ਗਿਆ ਕਿ ਜਲਦ ਪੱਤਰ ਜਾਰੀ ਕੀਤਾ ਜਾਵੇਗਾ। ਪਿਛਲੇ ਸਮਿਆਂ ਵਿਚ ਬੋਰਡ ਪ੍ਰੀਖਿਆਵਾਂ ਨਾ ਹੋਣ ਦੇ ਮੱਦੇਨਜ਼ਰ ਵਿਦਿਆਰਥੀਆਂ ਦੀਆਂ ਫੀਸਾਂ ਤੇ ਜੁਰਮਾਨੇ ਰੀਫੰਡ ਕਰਨ ਅਤੇ ਸਰਟੀਫਿਕੇਟ ਦੀ ਹਾਰਡ ਕਾਪੀ ਲੈਣ ‘ਤੇ ਲਗਾਈ ਫੀਸ ਨੂੰ ਪੂਰੀ ਤਰ੍ਹਾਂ ਰੱਦ ਕਰਨ ਦੀ ਮੰਗ ਕੀਤੀ ਗਈ। ਪਦਉੱਨਤੀ ਦੀ ਥਾਂ ਰਿਵਰਸ਼ਨ ਲੈਣ ਵਾਲਿਆਂ ਨੂੰ ਪਿਛਲੇ ਕਾਡਰ ਅਨੁਸਾਰ ਏ.ਸੀ.ਪੀ. ਦਾ ਬਣਦਾ ਲਾਭ ਦਿੱਤਾ ਜਾਵੇਗਾ। ਬੱਚਾ ਸੰਭਾਲ ਛੁੱਟੀ, ਵਿਦੇਸ਼ ਛੁੱਟੀ ਅਤੇ ਮੈਡੀਕਲ ਛੁੱਟੀ ਦੀ ਪ੍ਰਵਾਨਗੀ ਦੇ ਅਧਿਕਾਰ ਡੀ.ਡੀ.ਓ. ਪੱਧਰ ‘ਤੇ ਦਿੱਤੇ ਜਾਣ। ਅਧਿਆਪਕਾਂ ਅਤੇ ਨਾਨ ਟੀਚਿੰਗ ਨੂੰ ਰੈਗੂਲਰ ਪੜ੍ਹਾਈ ਲਈ ਛੁੱਟੀ ਦੀ ਪ੍ਰਵਾਨਗੀ ਦੇਣ ਅਤੇ ਪੁਰਸ਼ ਅਧਿਆਪਕਾਂ ਨੂੰ ਅਚਨਚੇਤ ਛੁੱਟੀਆਂ 10 ਤੋਂ ਵਧਾ ਕੇ 15/20 ਕਰਨ ਲਈ ਗਿਣਨਯੋਗ ਸੇਵਾ ਕਾਲ ਲਈ ਠੇਕਾ ਅਧਾਰਿਤ ਸਰਵਿਸ ਨੂੰ ਵਾਜਿਬ ਮੰਨਦਿਆਂ ਉੱਚ ਅਧਿਕਾਰੀਆਂ ਤੱਕ ਪੁੱਜਦਾ ਕਰਨ ਦਾ ਭਰੋਸਾ ਦਿੱਤਾ। ਸਾਰੇ ਜ਼ਿਲ੍ਹਿਆਂ ਵਿੱਚ ਮੈਡੀਕਲ ਰੀਇਮਬਰਸਮੈਂਟ ਦੀ ਬਕਾਇਆ ਰਾਸ਼ੀ ਜਾਰੀ ਕਰਨ ਦਾ ਭਰੋਸਾ ਦਿੱਤਾ।