ਕੈਨੇਡਾ ’ਚ ਜਿਉਂਦੇ ਜੀਅ ਨਾਮਵਰ ਪੰਜਾਬੀ ਦੇ ਨਾਂ ’ਤੇ ਰੱਖਿਆ ਸਟਰੀਟ ਦਾ ਨਾਂ
ਵਿੰਨੀਪੈਗ, 24 ਅਕਤੂਬਰ, 2021:
ਵਿੰਨੀਪੈਗ ਸਿਟੀ ਕੌਂਸਲ ਵਲੋ ਮੈਨੀਟੋਬਾ, ਕੈਨੇਡਾ ਵਿਚ ਚੁਣੇ ਜਾਣ ਵਾਲੇ ਭਾਰਤੀ ਮੂਲ ਦੇ ਪਹਿਲੇ ਐਮ ਐਲ ਏ ਡਾ. ਗੁਲਜ਼ਾਰ ਸਿੰਘ ਚੀਮਾ ਦੇ ਨਾਮ ਉਪਰ ਸ਼ਹਿਰ ਦੀ ਇਕ ਸੜਕ ਦਾ ਨਾਮ ਡਾ ਗੁਲਜ਼ਾਰ ਚੀਮਾ ਸਟਰੀਟ ਰੱਖਿਆ ਗਿਆ ਹੈ। ਇਸ ਸਬੰਧੀ ਵਿੰਨੀਪੈਗ ਸਿਟੀ ਕੌਂਸਲ ਦੀ ਸਪੀਕਰ ਦੇਵੀ ਸ਼ਰਮਾ ਤੋ ਪ੍ਰਾਪਤ ਇਕ ਜਾਣਕਾਰੀ ਮੁਤਾਬਿਕ ਡਾ ਗੁਲਜ਼ਾਰ ਸਿੰਘ ਚੀਮਾ ਦੀਆਂ ਵਿੰਨੀਪੈਗ ਸ਼ਹਿਰ ਅਤੇ ਕਮਿਊਨਿਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਧਿਆਨ ਵਿਚ ਰੱਖਦਿਆਂ ਉਕਤ ਫੈਸਲਾ ਲਿਆ ਗਿਆ ਹੈ।
ਸਿਟੀ ਵਲੋ ਸਟਰੀਟ ਨਾਮਕਰਣ ਸਮਾਗਮ 23 ਅਕਤੂਬਰ ਦਿਨ ਸ਼ਨੀਵਾਰ ਨੂੰ ਕਮਰਸ਼ੀਅਲ ਐਵਨਿਊ- ਚੀਮਾ ਡਰਾਈਵ ( ਵੈਸਟ ਆਫ ਐਡਵਰਡ ਸਟਰੀਟ) ਤੇ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ.
ਜ਼ਿਕਰਯੋਗ ਹੈ ਕਿ ਡਾ ਗੁਲਜ਼ਾਰ ਸਿੰਘ ਚੀਮਾ ਜੋ ਕਿ ਅੱਜਕੱਲ ਸਰੀ (ਬੀ ਸੀ) ਵਿਖੇ ਰਹਿ ਰਹੇ ਹਨ, ਲੰਬਾ ਸਮਾਂ ਵਿੰਨੀਪੈਗ ਸ਼ਹਿਰ ਵਿਚ ਆਪਣੇ ਪਰਿਵਾਰ ਸਮੇਤ ਰਹੇ ਹਨ। ਉਹ ਇਥੋ ਦੇ ਕਿਲਡੋਨਨ ਹਲਕੇ ਤੋ ਪਹਿਲੀ ਵਾਰ 1988 ਵਿਚ ਲਿਬਰਲ ਵਿਧਾਇਕ ਚੁਣੇ ਗਏ ਸਨ। ਉਹ ਕੈਨੇਡਾ ਦੀ ਕਿਸੇ ਲੈਜਿਸਲੇਚਰ ਵਿਚ ਪੁੱਜਣ ਵਾਲੇ ਪਹਿਲੇ ਵਿਧਾਇਕ ਬਣੇ ਸਨ। ਬਾਦ ਵਿਚ ਉਹ ਬੀ ਸੀ ਚਲੇ ਗਏ ਜਿਥੇ ਉਹ 2001 ਵਿਚ ਮੁੜ ਵਿਧਾਇਕ ਤੇ ਸਿਹਤ ਮੰਤਰੀ ਬਣੇ।
ਉਹ ਇਸ ਸਮੇ ਵੀ ਫੈਡਰਲ ਲਿਬਰਲ ਪਾਰਟੀ ਨਾਲ ਜੁੜੇ ਹੋਏ ਹਨ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨੇੜਲੇ ਸਾਥੀਆਂ ਵਿਚ ਉਹਨਾਂ ਦਾ ਸ਼ੁਮਾਰ ਹੈ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਆਪਣੇ ਵਧਾਈ ਸੰਦੇਸ਼ ਵਿਚ ਇਹ ਵਿਸ਼ੇਸ਼ ਤੌਰ ’ਤੇ ਜ਼ਿਕਰ ਕੀਤਾ ਹੈ ਕਿ ਡਾ. ਗੁਲਜ਼ਾਰ ਸਿੰਘ ਚੀਮਾ ਅਜਿਹੀ ਵਿਲੱਖਣ ਸ਼ਖਸੀਅਤ ਹਨ ਜੋ ਦੋ ਸੂਬਿਆਂ ਦੀਆਂ ਅਸੰਬਲੀਆਂ ਦੇ ਮੈਂਬਰ ਰਹੇ ਹਨ।]
ਦੱਸਣਯੋਗ ਹੈ ਕਿ ਡਾ. ਚੀਮਾ ਦਾ ਜਨਮ ਅਜਿੰਦਰ ਸਿੰਘ ਚੀਮਾ ਤੇ ਅਜੀਤ ਕੌਰ ਔਲਖ ਦੇ ਘਰ ਉਹਨਾਂ ਦੇ ਨਾਨਕੇ ਪਿੰਡ ਬੇਨਾਗੜ੍ਹ ਜੰਮੂ ਵਿਖੇ ਹੋਇਆ ਸੀ। ਉਂਝ ਉਹਨਾਂ ਦਾ ਆਪਣਾ ਪਿੰਡ ਗੁਰਦਾਸਪੁਰ ਜ਼ਿਲ੍ਹੇ ਵਿਚ ਬਰਿਆੜ ਹੈ। ਉਹਨਾਂ ਨੇ 1977 ਵਿਚ ਪੰਜਾਬ ਯੂਨੀਵਰਸਿਟੀ ਤੋਂ ਮੈਡੀਸਿਨ ਅਤੇ ਸਰਜਰੀ ਦੀ ਡਿਗਰੀ ਕੀਤੀ। 1979 ਵਿਚ ਉਹਨਾਂ ਦਾ ਵਿਆਹ ਇੰਦਰਜੀਤ ਸਿੰਘ ਕਲੇਰ ਦੀ ਪਤਨੀ ਹਰਿੰਦਰ ਕਲੇਰ ਨਾਲ ਹੋ ਗਿਆ ਤੇ ਉਹ ਕੈਨੇਡਾ ਆ ਕੇ ਵੱਸ ਗਏ।