ਸੋਹੀ ਦੀ ਕਾਂਗਰਸ ’ਚ ਸ਼ਮੂਲੀਅਤ: ਦਿਹਾਤੀ ਹਲਕੇ ’ਚ ‘ਸੇਹ ਦਾ ਤੱਕਲਾ’ ਗੱਡਿਆ
ਅਸ਼ੋਕ ਵਰਮਾ
ਬਠਿੰਡਾ,24ਅਕਤੂਬਰ2021: ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਅਕਾਲੀ ਦਲ ਦੇ ਲੀਡਰ ਅਤੇ ਸੀਨੀਅਰ ਐਡਵੋਕੇਟ ਸੁਰਜੀਤ ਸਿੰਘ ਸੋਹੀ ਨੂੰ ਕਾਂਗਰਸ ’ਚ ਸ਼ਾਮਲ ਕਰਕੇ ਨਾਂ ਕੇਵਲ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਵਿਚਲੇ ਆਪਣੇ ਸਿਆਸੀ ਵਿਰੋਧੀਆਂ ਨੂੰ ਝਟਕਾ ਦਿੱਤਾ ਹੈ ਬਲਕਿ ਹਲਕੇ ’ਚ ਸਿਆਸੀ ਤੌਰ ਤੇ ਝੰਡੇ ਗੱਡ ਦਿੱਤੇ ਹਨ। ਐਡਵੋਕੇਟ ਸੋਹੀ ਦੀ ਗਿਣਤੀ ਕਦੇ ਭਾਰਤੀ ਕਮਿਊਨਿਸਟ ਪਾਰਟੀ ਦੇ ਸਿਰਕੱਢ ਆਗੂਆਂ ’ਚ ਹੁੰਦੀ ਸੀ । ਸੀਪੀਆਈ ਦੇ ਦਿਨੋ ਦਿਨ ਡਿੱਗ ਰਹੇ ਗਰਾਫ ਕਾਰਨ ਕਰੀਬ 4 ਸਾਲ ਪਹਿਲਾਂ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ ਸੀ। ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਬਾਹਰੋਂ ਲਿਆਕੇ ਖੜ੍ਹੇ ਕੀਤੇ ਅਮਿਤ ਰਤਨ ਦੀ ਹਾਰ ਹੋਣ ਅਤੇ ਬਾਅਦ ’ਚ ਪਾਰਟੀ ਵਿੱਚੋਂ ਕੱਢਣ ਕਾਰਨ ਸੋਹੀ ਨੂੰ ਆਸ ਸੀ ਕਿ ਅਕਾਲੀ ਦਲ ਇਸ ਵਾਰ ਉਨ੍ਹਾਂ ਨੂੰ ਉਮੀਦਵਾਰ ਬਣਾਏਗਾ ਪਰ ਆਪਣੀ ਰਿਵਾਇਤ ਨੂੰ ਕਾਇਮ ਰੱਖਦਿਆਂ ਐਤਕੀਂ ਵੀ ਬੱਲੂਆਣਾ ਹਲਕੇ ਨਾਲ ਸਬੰਧਤ ਪ੍ਰਕਾਸ਼ ਸਿੰਘ ਭੱਟੀ ਨੂੰ ਹਲਕੇ ਦੀ ਕਮਾਂਡ ਦੇ ਦਿੱਤੀ ਹੈ।
ਅਜਿਹੇ ਹਾਲਾਤਾਂ ਨੂੰ ਦੇਖਦਿਆਂ ਖੁਦ ਨੂੰ ਅਣਗੌਲਿਆ ਸਮਝਣ ਕਰਕੇ ਐਡਵੋਕੇਟ ਸੋਹੀ ਨੇ ਅੱਜ ਆਪਣਾ ਨਵਾਂ ਸਿਆਸੀ ਰਸਤਾ ਅਖਤਿਆਰ ਕਰ ਲਿਆ ਹੈ ਜਿਸ ਨਾਲ ਦਿਹਾਤੀ ਹਲਕੇ ’ਚ ਨਵੇਂ ਸਮੀਕਰਣ ਬਣਨ ਦੀ ਸੰਭਾਵਨਾ ਰੱਦ ਨਹੀਂ ਕੀਤੀ ਜਾ ਸਕਦੀ ਹੈ। ਇਸ ਵੇਲੇ ਬਠਿੰਡਾ ਦਿਹਾਤੀ ਹਲਕੇ ’ਚ ਹਲਕਾ ਇੰਚਾਰਜ ਹਰਵਿੰਦਰ ਲਾਡੀ ਹੈ ਜੋ ਕਦੇ ਵਿੱਤ ਮੰਤਰੀ ਦੀ ਸੱਜੀ ਬਾਂਹ ਹੋਇਆ ਕਰਦਾ ਸੀ । ਇਸ ਦੇ ਅਧਾਰ ਤੇ ਲਾਡੀ ਨੂੰ ਦੋ ਵਾਰ ਚੋਣ ਲੜਨ ਦਾ ਮੌਕਾ ਮਿਲਿਆ ਸੀ ਪਰ ਉਹ ਜਿੱਤ ਤੋਂ ਦੋਵੇਂ ਵਾਰ ਦੂਰ ਰਿਹਾ। ਇਸੇ ਦੌਰਾਨ ‘ਗੁਰੂ ਜਿੰਨ੍ਹਾਂ ਦੇ ਟੱਪਣੇ ਚੇਲੇ ਜਾਣ ਛੜੱਪ’ ਕਹਾਵਤ ਵਾਂਗ ਲਾਡੀ ਨੇ ਵੱਡੇ ਲੀਡਰਾਂ ਨਾਲ ਤਾਰਾਂ ਜੋੜ ਲਈਆਂ ਅਤੇ ਵਿੱਤ ਮੰਤਰੀ ਨੂੰ ਅੱਖਾਂ ਦਿਖਾਊੁਣੀਆਂ ਸ਼ੁਰੂ ਕਰ ਦਿੱਤੀਆਂ। ਲਾਡੀ ਨੇ ਤਾਂ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵਿੱਤ ਮੰਤਰੀ ਦੀ ਲਿਖਤੀ ਸ਼ਕਾਇਤ ਦੇਕੇ ਰੋਸ ਮੁਜਾਹਰੇ ਦੀ ਚਿਤਾਵਨੀ ਤੱਕ ਦੇ ਦਿੱਤੀ ਸੀ।
ਅਜਿਹੇ ਹਾਲਾਤਾਂ ਦੇ ਮੱਦੇਨਜ਼ਰ ਇਹ ਮੰਨਿਆ ਜਾ ਰਿਹਾ ਸੀ ਕਿ ਬਠਿੰਡਾ ਦਿਹਾਤੀ ਹਲਕੇ ’ਚ ਕੋਈ ਨਵਾਂ ਸਿਆਸੀ ਚਿਹਰਾ ਅੱਗੇ ਆ ਸਕਦਾ ਹੈ। ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਪਤਨ ਉਪਰੰਤ ਤਾਂ ਕਿਆਸ ਅਰਾਈਆਂ ਲਾਈਆਂ ਜਾ ਰਹੀਆਂ ਸਨ ਕਿ ਇੱਕ ਔਰਤ ਆਗੂ ਕਾਂਗਰਸ ’ਚ ਸ਼ਾਮਲ ਹੋਣ ਜਾ ਰਹੀ ਹੈ ਜੋ ਦਿਹਾਤੀ ਹਲਕੇ ’ਚ ਸਿਆਸੀ ਸਰਗਰਮੀਆਂ ਚਲਾਏਗੀ ਪਰ ਅੰਤ ਨੂੰ ਬਾਜੀ ਐਡਵੋਕੇਟ ਸੁਰਜੀਤ ਸਿੰਘ ਸੋਹੀ ਨੇ ਮਾਰਨ ’ਚ ਸਫਲਤਾ ਹਾਸਲ ਕਰ ਲਈ। ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਐਡਵੋਕੇਟ ਸੁਰਜੀਤ ਸਿੰਘ ਸੋਹੀ ਅਤੇ ਉਨ੍ਹਾਂ ਦੇ ਲੜਕੇ ਐਡਵੋਕੇਟ ਅਮਨਦੀਪ ਸਿੰਘ ਸੋਹੀ ਤੋਂ ਇਲਾਵਾ ਨਿਰਮਲ ਸਿੰਘ ਸੋਹੀ ਸਮੇਤ ਉਨ੍ਹਾਂ ਦੇ ਸਾਥੀਆਂ ਨੂੰ ਕਾਂਗਰਸ ਪਾਰਟੀ ਦੇ ਚਿੰਨ੍ਹ ਵਾਲੇ ਪਰਨੇ ਪਾ ਕੇ ਕਾਂਗਰਸ ਵਿੱਚ ਸ਼ਾਮਲ ਕਰਦਿਆਂ ਪਾਰਟੀ ’ਚ ਪੂਰੇ ਮਾਣਤਾਣ ਦਾ ਭਰੋਸਾ ਦਿਵਾਇਆ ਹੈ।
ਐਡਵੋਕੇਟ ਸੋਹੀ ਦਾ ਸਿਆਸੀ ਸਫਰ
ਐਡਵੋਕੇਟ ਸੁਰਜੀਤ ਸਿੰਘ ਸੋਹੀ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਭਾਰਤੀ ਕਮਿਊਨਿਸਟ ਪਾਰਟੀ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਹਲਕਾ ਬਠਿੰਡਾ ਦਿਹਾਤੀ ਤੋਂ ਚੋਣ ਲੜੇ ਸਨ। ਹਲਕਿਆਂ ਦੀ ਨਵੀਂ ਹੱਦਬੰਦੀ ਉਪਰੰਤ ਪਹਿਲੀ ਵਾਰ ਹੋਂਦ ’ਚ ਆਏ ਇਸ ਹਲਕੇ ’ਚ ਸੋਹੀ ਚੰਗੀਆਂ ਵੋਟਾਂ ਹਾਸਲ ਕਰਨ ’ਚ ਸਫਲ ਰਹੇ ਸਨ। ਭਾਵੇਂ ਉਹ ਜਿੱਤ ਨਾਂ ਸਕੇ ਪਰ ਉਨ੍ਹਾਂ ਕਾਂਗਰਸੀ ਉਮੀਦਵਾਰ ਅਤੇ ਸਾਬਕਾ ਕਮਿਊਨਿਸਟ ਆਗੂ ਮਰਹੂਮ ਮੱਖਣ ਸਿੰਘ ਦੀ ਜਿੱਤ ਰੋਕ ਦਿੱਤੀ ਅਤੇ ਅਕਾਲੀ ਉਮੀਦਵਾਰ ਦਰਸ਼ਨ ਸਿੰਘ ਕੋਟਫੱਤਾ ਬਾਜੀ ਮਾਰ ਗਿਆ। ਸਾਲ 2017 ’ਚ ਵੀ ਐਡਵੋਕੇਟ ਸੋਹੀ ਨੇ ਕਿਸਮਤ ਅਜਮਾਈ ਪਰ ਸਫਲਤਾ ਹੱਥ ਨਾਂ ਲੱਗਣ ਕਾਰਨ ਅਕਾਲੀ ਦਲ ’ਚ ਸ਼ਮੂਲੀਅਤ ਕਰ ਲਈ ਜਿਸ ਨਾਲੋਂ ਤੋੜ ਵਿਛੋੜਾ ਕਰਦਿਆਂ ਅੱਜ ਕਾਂਗਰਸ ਦਾ ‘ਹੱਥ’ ਫੜ੍ਹ ਲਿਆ।
ਵਿੱਤ ਮੰਤਰੀ ਸਿਰ ਸਿਹਰਾ ਬੰਨਿ੍ਹਆ
ਇਸ ਮੌਕੇ ਐਡਵੋਕੇਟ ਸੁਰਜੀਤ ਸਿੰਘ ਸੋਹੀ ਦਾ ਕਹਿਣਾ ਸੀ ਕਿ ਉਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸ਼ਹਿਰ ਦੇ ਕੀਤੇ ਗਏ ਵਿਕਾਸ ਨੂੰ ਦੇਖਦਿਆਂ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਦੋ ਕਿਲੋਵਾਟ ਲੋਡ ਦੇ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਅਤੇ ਲਾਲ ਲਕੀਰ ਅੰਦਰ ਮਕਾਨਾਂ ਦੇ ਲੋਕਾਂ ਨੂੰ ਮਾਲਕੀ ਹੱਕ ਦੇਣ ਦੇ ਫੈਸਲੇ ਵੀ ਉਨ੍ਹਾਂ ਨੂੰ ਕਾਂਗਰਸ ਵੱਲ ਖਿੱਚ੍ਹ ਲਿਆਏ ਹਨ। ਐਡਵੋਕੇਟ ਸੋਹੀ ਨੇ ਆਖਿਆ ਕਿ ਬਠਿੰਡਾ ਸ਼ਹਿਰ ਦੇ ਵਿਕਾਸ ਤਰੱਕੀ ਅਤੇ ਖੁਸ਼ਹਾਲੀ ਲਈ ਵਿੱਤ ਮੰਤਰੀ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨਗੇ।
ਵਿੱਤ ਮੰਤਰੀ ਵੱਲੋਂ ਸੁਆਗਤ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸੋਹੀ ਪਰਿਵਾਰ ਤੇ ਉਨ੍ਹਾਂ ਦੇ ਸਾਥੀਆਂ ਦਾ ਸੁਆਗਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਨਮਾਨ ਦਿੱਤਾ ਜਾਵੇਗਾ। ਵਿੱਤ ਮੰਤਰੀ ਨੇ ਆਖਿਆ ਕਿ ਉਹ ਬਠਿੰਡਾ ਸ਼ਹਿਰ ਦੀ ਤਰੱਕੀ ਅਤੇ ਵਿਕਾਸ ਲਈ ਸਿਰ ਤੋੜ ਯਤਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਅਧੂਰੇ ਵਿਕਾਸ ਕਾਰਜਾਂ ਨੂੰ ਜਲਦੀ ਪੂਰਾ ਕਰਨ ਲਈ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ ਅਤੇ ਸਾਰੀਆਂ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬਕਾਇਆ ਬਿਜਲੀ ਬਿੱਲ ਮੁਆਫ਼ ਕਰਨ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ।