ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ‘ਤਰੰਨੁਮ 2021’ ਦੀ ਰੰਗਾਰੰਗ ਸਮਾਪਤੀ
ਅਸ਼ੋਕ ਵਰਮਾ
ਬਠਿੰਡਾ,24ਅਕਤੂਬਰ2021: ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਕੈਂਪਸ ਦੇ ਆਡੀਟੋਰੀਅਮ ’ਚ ਭਰਵੇਂ ਇਕੱਠਦੌਰਾਨ ਸੱਭਿਆਚਾਰਕ-ਸਾਹਿਤ-ਤਕਨੀਕੀ ਫੈਸਟੀਵਲ ‘ਤਰੰਨੁਮ-2021’ (ਜਸ਼ਨ-ਏ-ਆਜਾਦੀ) ਢੋਲ ਢਮੱਕੇ ਨਾਲ ਸਮਾਪਤ ਹੋ ਗਿਆ। ਇਸ ਸਮਾਗਮ ਦਾ ਉਦਘਾਟਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ: ਬੂਟਾ ਸਿੰਘ ਸਿੱਧੂ ਨੇ ਕੀਤਾ, ਜਦੋਂ ਕਿ ਮੁੱਖ ਮਹਿਮਾਨ ਵਜੋਂ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਪੰਜਾਬ ਦੇ ਪ੍ਰਮੁੱਖ ਸਕੱਤਰ ਰਮੇਸ਼ ਕੁਮਾਰ ਗੰਟਾ ਨੇ ਸ਼ਮੂਲੀਅਤ ਕੀਤੀ।
ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਗੰਟਾ ਨੇ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਦੀ ਸ਼ਖਸ਼ੀਅਤ ਨੂੰ ਨਿਖਾਰਦੀਆਂ ਅਤੇ ਅਕਾਦਮਿਕ ਪ੍ਰਦਰਸ਼ਨ ‘ਤੇ ਸਕਾਰਾਤਮਕ ਪ੍ਰਭਾਵ ਪਾਉਂਦੀਆਂ ਹਨ। ਉਨ੍ਹਾਂ ਨੌਜਵਾਨਾਂ ਵਿੱਚ ਮੁਕਾਬਲੇਬਾਜੀ ਲਈ ਅਜਿਹੇ ਟੈਕਨੋ-ਸੱਭਿਆਚਾਰਕ ਸਮਾਗਮਾਂ ਦੇ ਯੋਗਦਾਨ ਬਾਰੇ ਚਾਨਣਾ ਪਾਇਆ ਅਤੇ ਵਿਦਿਆਰਥੀਆਂ ਨੂੰ ਸਰਵਪੱਖੀ ਵਿਕਾਸ ਲਈ ਸਹਿ-ਪਾਠਕ੍ਰਮ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇੱਕ ਪੇਸ਼ੇਵਰ ਵਜੋਂ ਸਫਲਤਾ ਹਾਸਲ ਕਰਨ ਲਈ ਟੀਮ ਵਰਕ ਬਹੁਤ ਮਹੱਤਵਪੂਰਨ ਹੈ।
ਉਨ੍ਹਾਂ ਕਿਹਾ ਕਿ ਕਿਸੇ ਵਿਅਕਤੀ ਦੀ ਪ੍ਰਤਿਭਾ ਸਿਰਫ ਰੋਜੀ-ਰੋਟੀ ਲਈ ਨਹੀਂ ਹੋਣੀ ਚਾਹੀਦੀ, ਬਲਕਿ ਉਸ ’ਚ ਸਮਾਜ ਵਿੱਚ ਯੋਗਦਾਨ ਪਾਉਣ ਲਈ ਵੀ ਕੱੁਝ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖਣ ਦਾ ਢੰਗ ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਸੀਨੀਅਰ, ਜੂਨੀਅਰ ਅਤੇ ਫੈਕਲਟੀ ਦਾ ਇੱਕ ਦੂਸਰੇ ਨਾਲ ਕਿਹੋ ਜਿਹਾ ਵਿਹਾਰ ਹੈ। ਆਪਣੇ ਕਾਲਜ ਦੇ ਦਿਨਾਂ ਨੂੰ ਯਾਦ ਕਰਦਿਆਂ, ਸ੍ਰੀ ਗੰਟਾ ਨੇ ਅਜਿਹੇ ਸੱਭਿਆਚਾਰਕ ਸਮਾਗਮਾਂ ਦੌਰਾਨ ਬਣੀਆਂ ਯਾਦਾਂ ਦੀ ਮਹੱਤਤਾ ਬਾਰੇ ਚਰਚਾ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਸਖਤ ਮਿਹਨਤ ਅਤੇ ਆਪਣੇ ਮਾਪਿਆਂ ਦੇ ਆਸ਼ੀਰਵਾਦ ਨੂੰ ਧਿਆਨ ਵਿੱਚ ਰੱਖਣ ਦੀ ਲੋੜ ਤੇ ਵੀ ਜੋਰ ਦਿੱਤਾ। ਪ੍ਰੋ: ਬੂਟਾ ਸਿੰਘ ਸਿੱਧੂ ਨੇ ਇਸ ਪ੍ਰੋਗਰਾਮ ਦੀ ਸਫਲਤਾ ਲਈ ਵਿਦਿਆਰਥੀਆਂ, ਭਾਗੀਦਾਰਾਂ, ਸਮਾਗਮ ਦੇ ਜੇਤੂਆਂ ਅਤੇ ਪ੍ਰਬੰਧਕਾਂ ਨੂੰ ਵਿਸਾਲ ਟੈਕਨੋ-ਸੱਭਿਆਚਾਰਕ ਮੇਲੇ ਤਰੁਨਮ -2021 ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਬਹੁਤ ਹੀ ਘੱਟ ਸਮੇਂ ਦੌਰਾਨ ਯੂਨੀਵਰਸਿਟੀ ਵੱਲੋਂ ਕੀਤੀਆਂ ਗਈਆਂ ਪ੍ਰਾਪਤੀਆਂ ਦਾ ਵੀ ਜਿਕਰ ਕੀਤਾ।
ਸਮਾਗਮ ਦੌਰਾਨ ਸਕਿੱਟ, ਗੀਤ, ਡਾਂਸ, ਰੈਪ, ਬੈਂਡ ਪਰਫਾਰਮੈਂਸ, ਪਾਵਰ-ਪੈਕਡ ਗਿੱਧਾ ਅਤੇ ਭੰਗੜਾ ਸਮਾਗਮ ਦੇ ਮੁੱਖ ਖਿੱਚ੍ਹ ਦਾ ਕੇਂਦਰ ਸਨ। ਸੂਫੀ ਗਾਇਕ ਬੀਰੇਂਦਰ ਅਤੇ ਸ਼ਮਸ਼ੇਰ ਲਹਿਰੀ ਅਤੇ ਪ੍ਰਸਿੱਧ ਫਿਲਮ ਅਦਾਕਾਰ ਅਤੇ ਨਿਰਦੇਸਕ ਗੁਰਮੀਤ ਸੱਜਣ ਨੇ ਆਪਣੀ ਪੇਸ਼ਕਾਰੀ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਉਨ੍ਹਾਂ ਅਰਦਾਸ, ਗੰਗਾਜਲ, ਤੁੰਨਕਦੀ ਤਾਰ, ਬਾਬਾ ਨਾਨਕ ਭਲੀ ਕਰੂਗਾ ਅਤੇ ਦਿਲਾਂ ਦੇ ਵਾਇਰਸ ਆਦਿ ਪੇਸ਼ ਕੀਤੇ ਜਦੋਂ ਕਿ ਗੁਰਮੀਤ ਸੱਜਣ ਨੇ ਹਾਸਰਸ ਦਾ ਪ੍ਰੋਗਰਾਮ ਪੇਸ਼ ਕੀਤਾ।
ਇਸ ਮੌਕੇ ਰਜਿਸਟਰਾਰ ਡਾ: ਗੁਰਿੰਦਰ ਪਾਲ ਸਿੰਘ ਬਰਾੜ, ਕੈਂਪਸ ਡਾਇਰੈਕਟਰ ਡਾ: ਸਵੀਨਾ ਬਾਂਸਲ, ਸੀਨੀਅਰ ਫੈਕਲਟੀ, ਡੀਨ, ਡਾਇਰੈਕਟਰ ਅਤੇ ਸਟਾਫ ਨੇ ਸ਼ਿਰਕਤ ਕੀਤੀ। ਸਮਾਗਮ ਨੂੰ ਸਫਲ ਬਨਾਉਣ ਲਈ ਪ੍ਰੋਗਰਾਮ ਦੀ ਕੋਆਰਡੀਨੇਟਰ ਡਾ: ਨੀਰਜਾ ਗਿੱਲ , ਕੋ-ਕੋਆਰਡੀਨੇਟਰ, ਸਤਨਾਮ ਸਿੰਘ, ਵਿਦਿਆਰਥੀ ਪ੍ਰਧਾਨ ਵੈਭਵ ਸਿੰਘ ਅਤੇ ਜਸਮੀਨ ਕੌਰ ਨੇ ਯੋਗਦਾਨ ਪਾਇਆ ਜਦੋਂਕਿ ਸਹਾਇਕ ਪ੍ਰੋਫੈਸਰ, ਡਾ: ਸੁਨੀਤਾ ਕੋਤਵਾਲ ਅਤੇ ਮਿਸ ਨਵਦੀਪ ਖੀਵਾ ਨੇ ਸਟੇਜ ਸੰਚਾਲਨ ਬਹੁਤ ਕੀਤਾ। ਇਸ ਮੌਕੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।