ਅਸਥੀਆਂ ਬਠਿੰਡਾ ਪੁੱਜਣ ਤੇ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ
ਅਸ਼ੋਕ ਵਰਮਾ
ਬਠਿੰਡਾ,24ਅਕਤੂਬਰ2021:ਲਖੀਮਪੁਰ ਖੀਰੀ ਵਿੱਚ ਇੱਕ ਭਾਜਪਾ ਮੰਤਰੀ ਦੇ ਪੁੱਤ ਵੱਲੋਂ ਗੱਡੀ ਹੇਠਾਂ ਦਰੜ ਕੇ ਸ਼ਹੀਦ ਕਰ ਦਿੱਤੇ ਗਏ ਕਿਸਾਨਾਂ ਦੀਆਂ ਅਸਥੀਆਂ ਬਠਿੰਡਾ ਪੁੱਜਣ ਤੇ ਵੱਡੀ ਗਿਣਤੀ ਕਿਸਾਨ ਆਗੂਆਂ,ਜਨਤਕ ਜੱਥੇਬੰਦੀਆਂ ਅਤੇ ਸੰਘਰਸ਼ੀ ਲੋਕਾਂ ਨੇ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ ਅਤੇ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ। ਕੇਂਦਰ ਸਰਕਾਰ ਦੀਆਂ ਕਾਰਪੋਰੇਟ ਪੱਖੀ ਅਤੇ ਲੋਕ ਵਿਰੋਧੀ ਨੀਤੀਆਂ ਖਿਲਾਫ ਨਾਅਰੇਬਾਜੀ ਦੌਰਾਨ ਕਾਫਲੇ ਦੇ ਰੂਪ ਵਿੱਚ ਸ਼ਹੀਦਾਂ ਦੀਆਂ ਅਸਥੀਆਂ ਹੁਸੈਨੀਵਾਲਾ ਨੂੰ ਰਵਾਨਾ ਕੀਤੀਆਂ ਗਈਆਂ ਜਿੱਥੇ ਇੰਨ੍ਹਾਂ ਨੂੰ ਜਲ ਪ੍ਰਵਾਹ ਕੀਤਾ ਜਾਏਗਾ। ਕਿਰਤੀ ਕਿਸਾਨ ਯੂਨੀਅਨ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਅਮਰਜੀਤ ਹਨੀ ਅਤੇ ਡੀਟੀਐਫ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਪਾਲ ਬੰਗੀ ਨੇ ਕਿਹਾ ਕਿ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦੀ ਹੈ ਅਤੇ ਜਦੋਂ ਤੋਂ ਸੱਤਾ ਵਿੱਚ ਆਈ ਉਦੋਂ ਤੋਂ ਨਿੱਜੀਕਰਨ ਦੀ ਨੀਤੀ ਲਾਗੂ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਫਾਸ਼ੀਵਾਦੀ ਸਰਕਾਰ ਵੱਲੋਂ ਸਿੱਖਿਆ ਦਾ ਨਿੱਜੀਕਰਨ ਭਗਵਾਕਰਨ ਕੀਤਾ ਜਾ ਰਿਹਾ ਹੈ ਜੋ ਦੇਸ਼ ਲਈ ਸਭ ਤੋਂ ਖ਼ਤਰਨਾਕ ਹੈ। ਉਨ੍ਹਾਂ ਮੋਦੀ ਦੀ ਇਸ ਨੀਤੀ ਦਾ ਡਟ ਕੇ ਵਿਰੋਧ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਬੀਕੇਯੂ ਡਕੌਂਦਾ ਦੇ ਸੰਗਤ ਬਲਾਕ ਦੇ ਪ੍ਰਧਾਨ ਬਿੰਦਰ ਸਿੰਘ ਕੋਟਲੀ ਫ਼ਰੀਦਕੋਟ ਨੇ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਨੂੰ ਖੇਤੀ ਦੇ ਵਿੱਚ ਬਾਹਰ ਕਰਕੇ ਦਿਹਾੜੀਦਾਰ ਬਣਾਉਣਾ ਚਾਹੁੰਦੀ ਹੈ ਜਿਸ ਦੀ ਮਿਸਾਲ ਤਿੰਨੇ ਖੇਤੀ ਕਾਨੂੰਨ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਾਉਣ ਦੀ ਖਾਤਰ ਲੰਮੀ ਲੜਾਈ ਲੜਨੀ ਪੈਣੀ ਹੈ ਅਤੇ ਰੱਦ ਹੋਣ ਤੱਕ ਸੰਘਰਸ਼ ਜਾਰੀ ਰਹੇਗਾ। ਕਿਰਤੀ ਕਿਸਾਨ ਯੂਨੀਅਨ ਦੇ ਗੋਬਿੰਦਪੁਰਾ ਇਕਾਈ ਦੇ ਪ੍ਰਧਾਨ ਬਖਸ਼ੀਸ਼ ਸਿੰਘ ਖਾਲਸਾ ਨੇ ਕਿਹਾ ਕਿ ਯੋਗੀ ਸਰਕਾਰ ਨੂੰ ਭੁਲੇਖਾ ਸੀ ਕਿ ਆਪਣੇ ਗੁੰਡਿਆਂ ਤੋਂ ਕਿਸਾਨਾਂ ਨੂੰ ਸ਼ਹੀਦ ਕਰਾ ਕੇ ਅੰਦੋਲਨ ਖ਼ਤਮ ਕਰਾ ਦਿੱਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੂੰ ਕੋਈ ਵੀ ਸਰਕਾਰ ਡੰਡੇ ਦੇ ਜੋਰ ਤੇ ਖਤਮ ਨਹੀਂ ਕਰਾ ਸਕੇਗੀ ਬਲਕਿ ਯੋਗੀ ਦੀ ਸਰਕਾਰ ਖਤਮ ਜ਼ਰੂਰ ਹੋ ਜਾਵੇਗੀ । ਇਸ ਮੌਕੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮਿੱਠੀ, ਫੁੱਲੋ ਨੈਬ ਸਿੰਘ ਫੂਸਮੰਡੀ, ਬੀਕੇਯੂ ਮਾਨਸਾ ਦੇ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਜਗਸੀਰ ਸਿੰਘ ਜੀਦਾ, ਬੀਕੇਯੂ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਹਰਪ੍ਰੀਤ ਸਿੰਘ, ਬੀਕੇਯੂ ਡਕੌਂਦਾ ਦੇ ਬਠਿੰਡਾ ਬਲਾਕ ਦੇ ਪ੍ਰਧਾਨ ਗੁਰਦੀਪ ਸਿੰਘ ਨਰੂਆਣਾ, ਬਲਦੇਵ ਸਿੰਘ ਬੱਲੂਆਣਾ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਸਾਧਾ ਸਿੰਘ ਭੁੱਚੋ ਖੁਰਦ ,ਅਜੈਬ ਸਿੰਘ ਹਰਰੰਗਪੁਰਾ ਔਰਤ ਮੁਕਤੀ ਮੰਚ ਦੇ ਮੁਖਤਿਆਰ ਕੌਰ, ਬਠਿੰਡਾ ਪੈਨਸ਼ਨਰ ਐਸੋਸੀਏਸ਼ਨ ਦੇ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਦਰਸ਼ਨ ਮੌੜ, ਸਕੱਤਰ ਮਾਸਟਰ ਰਣਜੀਤ ਸਿੰਘ, ਜਮਹੂਰੀ ਕਿਸਾਨ ਸਭਾ ਦੇ ਆਗੂ ਸੰਪੂਰਨ ਸਿੰਘ ਬਠਿੰਡਾ ਅਤੇ ਡੈਮੋਕਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਆਗੂ ਸਿਕੰਦਰ ਧਾਲੀਵਾਲ ਹਾਜ਼ਰ ਸਨ।