ਫਸਲ ਤਬਾਹੀ ਦਾ ਮੁਆਵਜ਼ਾ: ਕਿਸਾਨ ਮੋਰਚੇ ਦੀਆਂ ਤਿਆਰੀਆਂ ਨੂੰ ਅੰਤਮ ਛੋਹਾਂ
ਅਸ਼ੋਕ ਵਰਮਾ
ਬਠਿੰਡਾ,24 ਅਕਤੂਬਰ 2021: ਕਪਾਹ ਪੱਟੀ ’ਚ ਤਬਾਹ ਹੋਈ ਨਰਮੇ ਦੀ ਫਸਲ ਦੇ ਮੁਆਵਜੇ ਖਾਤਰ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸੋਮਵਾਰ ਤੋਂ ਬਠਿੰਡਾ ’ਚ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਅਣਮਿਥੇ ਸਮੇਂ ਦਾ ਮੋਰਚਾ ਲਾਇਆ ਜਾ ਰਿਹਾ ਹੈ ਜਿਸ ਨੂੰ ਪੁਲਿਸ ਪ੍ਰਸ਼ਾਸ਼ਨ ਇੱਕ ਨਵੀਂ ਚੁਣੌਤੀ ਵਜੋਂ ਦੇਖ ਰਿਹਾ ਹੈ। ਇਸ ਕਿਸਾਨ ਮੋਰਚੇ ਲਈ ਪਿੰਡਾਂ ’ਚ ਰੈਲੀਆਂ, ਨੁੱਕੜ ਮੀਟਿੰਗਾਂ ਅਤੇ ਜਾਗੋ ਮਾਰਚਾਂ ਰਾਹੀਂ ਲਾਮਬੰਦੀ ਮੁਕੰਮਲ ਕਰ ਲਈ ਗਈ ਹੈ। ਕਿਸਾਨਾਂ ਦੇ ਇਕੱਠ ਵਿੱਚ ਵੱਡੀ ਗਿਣਤੀ ਵਿੱਚ ਉਹ ਵਿਧਵਾ ਔਰਤਾਂ ਸ਼ਾਮਲ ਹੋਣਗੀਆਂ ਜਿੰਨ੍ਹਾਂ ਦੇ ਆਪਣੇ ਖੇਤੀ ਤੇ ਆਏ ਸੰਕਟ ਦੀ ਭੇਂਟ ਚੜ੍ਹ ਗਏ ਹਨ। ਕਿਸਾਨ ਜੱਥੇਬੰਦੀ ਨੇ ਅੱਜ ਬਠਿੰਡਾ ’ਚ ਮੋਰਚੇ ਦੀਆਂ ਤਿਆਰੀਆਂ ਲਈ ਜਾਇਜਾ ਮੀਟਿੰਗ ਕੀਤੀ ਹੈ। ਪਤਾ ਲੱਗਾ ਹੈ ਕਿ ਪ੍ਰਸ਼ਾਸ਼ਨ ਕਿਸਾਨ ਇਕੱਠ ਨੂੰ ਰੋਕਣ ਖਾਤਰ ਕਿਸਾਨ ਆਗੂਆਂ ਨਾਲ ਗੱਲਬਾਤ ਸ਼ੁਰੂ ਕਰ ਸਕਦਾ ਹੈ ਜਿਸ ਦੇ ਸਫਲ ਹੋਣ ਦੀ ਸੰਭਾਵਨਾ ਘੱਟ ਹੈ ਕਿੳਂਕਿ ਕਿਸਾਨ ਫੈਸਲਾਕੁੰਨ ਸੰਘਰਸ਼ ਦੇ ਰੌਂਅ ’ਚ ਹਨ।
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ ) ਦੀ ਅਗਵਾਈ ਹੇਠ ਪੰਜ ਜਿਲਿ੍ਹਆਂ ਦੇ ਕਿਸਾਨ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਬਠਿੰਡਾ ਅੱਗੇ ਪੁੱਜਣਗੇ। ਯੂਨੀਅਨ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ ਅਤੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਿਸਾਨ ਰੋਕਾਂ ਨੂੰ ਤੋੜਦਿਆਂ ਹਰ ਹਾਲਤ ਵਿੱਚ ਡਿਪਟੀ ਕਮਿਸ਼ਨਰ ਦਫਤਰ ਅੱਗੇ ਪੁੱਜਣਗੇ । ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮਕਸਦ ਟਕਰਾਅ ਨਹੀਂ ਹੈ ਬਲਕਿ ਆਪਣੇ ਮਸਲੇ ਸਰਕਾਰ ਅੱਗੇ ਰੱਖਣਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਵੀ ਆਵਾਜ਼ ਬੁਲੰਦ ਕੀਤੀ ਜਾਏਗੀ। ਉਨ੍ਹਾਂ ਦੱਸਿਆ ਕਿ ਨਰਮਾ ਅਤੇ ਹੋਰ ਫਸਲਾਂ ਦੇ ਖ਼ਰਾਬੇ ਕਾਰਨ ਹੋਏ ਆਰਥਿਕ ਨੁਕਸਾਨ ਸਬੰਧੀ ਮੁਆਵਜ਼ੇ ਦੇਣ ਤੋਂ ਪੰਜਾਬ ਸਰਕਾਰ ਵੱਲੋਂ ਵੱਟੀ ਮੁਜਰਮਾਨਾ ਚੁੱਪ ਖ਼ਿਲਾਫ਼ ਕਿਸਾਨਾਂ ਮਜ਼ਦੂਰਾਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਪੁੱਜਾ ਹੋਇਆ ਹੈ ਜਿਸ ਦਾ ਨਜ਼ਾਰਾ ਕਿਸਾਨਾਂ , ਮਜ਼ਦੂਰਾਂ,ਨੌਜਵਾਨਾਂ ਅਤੇ ਔਰਤਾਂ ਦੇ ਵਿਸ਼ਾਲ ਇਕੱਠ ਦੇ ਰੂਪ ’ਚ ਬਠਿੰਡਾ ਵਿੱਚ ਦਿਖਾਈ ਦੇਵੇਗਾ ।
ਉਨ੍ਹਾਂ ਕਿਹਾ ਕਿ ਪਹਿਲਾਂ ਤੋਂ ਹੀ ਆਰਥਿਕ ਮਾਰ ਹੇਠ ਆਏ ਕਿਸਾਨਾਂ ਦਾ ਸ਼ਨੀਵਾਰ ਨੂੰ ਆਏ ਭਾਰੀ ਮੀਂਹ ਨੇ ਝੋਨੇ ਦਾ ਵੱਡਾ ਨੁਕਸਾਨ ਕਰ ਦਿੱਤਾ ਹੈ । ਉਨ੍ਹਾਂ ਸਰਕਾਰ ਨੂੰ ਮੰਗਾਂ ਨਾਂ ਮੰਨਣ ਦੀ ਸੂਰਤ ’ਚ ਸਿਆਸੀ ਨੁਕਸਾਨ ਅਤੇ ਕਿਸਾਨਾਂ ਮਜਦੂਰਾਂ ਦੇ ਰੋਹ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ ਦੀ ਚਿਤਾਵਨੀ ਦਿੱਤੀ । ਇਸ ਮੌਕੇ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਸਿੰਘ ਬੱਗੀ, ਮੋਠੂ ਸਿੰਘ ਕੋਟੜਾ, ਜ਼ਿਲ੍ਹਾ ਮਾਨਸਾ ਤੋਂ ਰਾਮ ਸਿੰਘ ਭੈਣੀਬਾਘਾ, ਜ਼ਿਲ੍ਹਾ ਫਾਜ਼ਿਲਕਾ ਤੋਂ ਗੁਰਭੇਜ ਸਿੰਘ ,ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਗੁਰਭਗਤ ਸਿੰਘ ਭਲਾਈਆਣਾ, ਜ਼ਿਲ੍ਹਾ ਸੰਗਰੂਰ ਤੋਂ ਜਗਤਾਰ ਸਿੰਘ ਕਾਲਾ ਝਾੜ ,ਜਿਲ੍ਹਾ ਫਰੀਦਕੋਟ ਤੋਂ ਨੱਥਾ ਸਿੰਘ ਰੋੜੀਕਪੂਰਾ, ਜਿਲ੍ਹਾ ਮੋਗਾ ਦੇ ਆਗੂ ਜੰਗੀਰ ਸਿੰਘ ਅਤੇ ਜਿਲ੍ਹਾ ਬਰਨਾਲਾ ਦੇ ਕਿਸਾਨ ਆਗੂ ਵੀ ਸ਼ਾਮਲ ਸਨ। ਕਿਸਾਨ ਆਗੂਆਂ ਨੇ ਨਰਮਾ ਤਬਾਹੀ ਦਾ ਮੁਆਵਜਾ 60 ਹਜ਼ਾਰ ਰੁਪਏ ਪ੍ਰਤੀ ਏਕੜ ਅਤੇ ਮਜ਼ਦੂਰਾਂ ਨੂੰ ਤੀਹ ਹਜਾਰ ਰੁਪਏ ਪ੍ਰਤੀ ਪਰਿਵਾਰ ਦੇਣ ਸਮੇਤ ਵੱਖ ਵੱਖ ਮੰਗਾਂ ਮੰਨਣ ਦੀ ਮੰਗ ਕੀਤੀ।