ਭਿਆਨਕ ਸੜਕ ਹਾਦਸੇ 'ਚ 3 ਦੀ ਮੌਤ, 3 ਗੰਭੀਰ ਜ਼ਖ਼ਮੀ
ਜਗਤਾਰ ਸਿੰਘ
- ਕਰਬਾ ਚੌਥ ਦੇ ਤਿਉਹਾਰ ਤੇ ਨਾਭਾ ਵਿੱਚ ਮਾਤਮ
ਨਾਭਾ 24 ਅਕਤੂਬਰ 2021 - ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ ਅਤੇ ਅਨੇਕਾਂ ਹੀ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ। ਨਾਭਾ-ਭਾਦਸੋਂ ਰੋਡ ਤੇ ਮਲਕੀਤ ਐਗਰੋਟੈਕ ਦੇ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰਿਆ ਜਦੋਂ ਆਹਮਣੇ ਸਾਹਮਣੇ ਤੋਂ ਆ ਰਹੀਆਂ ਦੋ ਕਾਰਾਂ ਦੀ ਜ਼ਬਰਦਸਤ ਟੱਕਰ ਹੋ ਗਈ। ਇਸ ਭਿਅੰਕਰ ਟੱਕਰ ਦੇ ਦੌਰਾਨ ਇਕ ਬਜ਼ੁਰਗ ਔਰਤ ਜੋ ਬਲੈਨੋ ਕਾਰ ਵਿੱਚ ਸਵਾਰ ਸੀ ਉਹ ਆਪਣੇ ਪਰਿਵਾਰ ਸਮੇਤ ਭੋਗ ਸਮਾਗਮ ਤੋਂ ਵਾਪਸ ਪਰਤ ਰਹੇ ਸੀ ਤਾਂ ਰਸਤੇ ਵਿਚ ਸਵਿਫਟ ਕਾਰ ਦੇ ਨਾਲ ਆਹਮਣੇ ਸਾਹਮਣੇ ਟੱਕਰ ਹੋ ਗਈ।
ਬਲੈਨੋ ਕਾਰ ਵਿੱਚ ਸਵਾਰ ਬਜ਼ੁਰਗ ਮਾਤਾ ਗੁਰਬਚਨ ਕੌਰ ਦੀ ਮੌਕੇ ਤੇ ਮੌਤ ਹੋ ਗਈ ਅਤੇ ਉਸਦੇ ਤਿੰਨ ਪਰਿਵਾਰਕ ਮੈਂਬਰ ਗੰਭੀਰ ਰੂਪ ਵਿੱਚ ਫੱਟੜ ਹੋ ਗਏ ਜਿਨ੍ਹਾਂ ਨੂੰ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਪਹੁੰਚਾਇਆ ਗਿਆ। ਦੂਸਰੀ ਸਵਿਫਟ ਕਾਰ ਵਿੱਚ ਦੋ ਵਿਅਕਤੀਆਂ ਦੀ ਵੀ ਮੌਕੇ ਤੇ ਮੌਤ ਹੋ ਗਈ ਜਿਸ ਵਿੱਚ ਜਤਿੰਦਰ ਕੁਮਾਰ ਪਿੰਡ ਮਟੋਰੜਾ ਤੇ ਹਰਵਿੰਦਰ ਸਿੰਘ ਵਾਸੀ ਪਿੰਡ ਮਟੋਰੜਾ ਦੱਸਿਆ ਜਾ ਰਿਹਾ ਹੈ । ਪੁਲੀਸ ਵੱਲੋਂ ਕਈ ਘੰਟਿਆਂ ਦੀ ਜੱਦੋ ਜਹਿਦ ਤਹਿਤ ਮ੍ਰਿਤਕ ਦੇਹਾਂ ਨੂੰ ਨਾਭਾ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਦੋਂਕਿ 108 ਐਂਬੂਲੈਂਸ ਗੱਡੀ ਮ੍ਰਿਤਕ ਦੇਹਾਂ ਨੂੰ ਚੁੱਕਣ ਤੋਂ ਨਾਂਹ ਕਰਕੇ ਉੱਥੋਂ ਰਫੂਚੱਕਰ ਹੋ ਗਈ। ਪੁਲੀਸ ਵੱਲੋਂ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਐਕਸੀਡੈਂਟ ਕਿਸ ਤਰ੍ਹਾਂ ਵਾਪਰਿਆ।
ਇਸ ਮੌਕੇ ਤੇ 108 ਐਂਬੂਲੈਂਸ ਦੇ ਕਰਮਚਾਰੀ ਨੂੰ ਜਦੋਂ ਪੁੱਛਿਆ ਕਿ ਤੁਸੀਂ ਲਾਸ਼ ਨੂੰ ਕਿਉਂ ਨਹੀਂ ਚੁੱਕ ਰਹੇ ਤਾਂ ਉਨ੍ਹਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਨੂੰ ਪੁੱਛਾਂਗੇ ਤਾਂ ਹੀ ਅਸੀਂ ਚੁੱਕਾਂਗੇ ਉਨ੍ਹਾਂ ਨੇ ਲਾਸ਼ ਨੂੰ ਚੁੱਕਣ ਤੋਂ ਸਾਫ਼ ਇਨਕਾਰ ਕਰ ਦਿੱਤਾ।
ਇਸ ਮੌਕੇ ਤੇ ਮ੍ਰਿ੍ਰਤਕ ਮਾਤਾ ਦੇ ਲੜਕੇ ਨੇ ਦੱਸਿਆ ਕਿ ਅਸੀਂ ਆਪਣੇ ਬੇਟੇ ਦੇ ਭੋਗ ਤੋਂ ਵਾਪਸ ਘਰ ਪਰਤ ਰਹੇ ਸੀ ਤਾਂ ਮੌਕੇ ਤੇ ਗਲਤ ਸਾਈਡ ਤੋਂ ਆ ਰਹੀ ਸਵਿਫਟ ਕਾਰ ਸਾਡੇ ਵਿੱਚ ਆ ਕੇ ਲੱਗੀ। ਜਿਸ ਹਾਦਸੇ ਦੌਰਾਨ ਮੇਰੀ ਮਾਤਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਾਰ ਵਿੱਚ ਮੇਰੀ ਪਤਨੀ, ਦੋਹਤਾ ਅਤੇ ਮੇਰਾ ਬੇਟਾ ਸੀ ਜਿਨ੍ਹਾਂ ਨੂੰ ਪਟਿਆਲਾ ਵਿਖੇ ਇਲਾਜ ਅਧੀਨ ਲੈ ਗਏ ਅਤੇ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੋਣ ਕਰਕੇ ਦੋ ਨੂੰ ਪੀਜੀਆਈ ਤੇ ਇੱਕ ਨੂੰ ਨਿੱਜੀ ਹਸਪਤਾਲ ਪਟਿਆਲਾ ਵਿਖੇ ਰੈਫਰ ਕੀਤਾ ਗਿਆ ਹੈ। ਪੀਡ਼ਤ ਪਰਿਵਾਰ ਨੇ ਦੱਸਿਆ ਕਿ ਗੱਡੀ ਗਲਤ ਸਾਈਡ ਹੋਣ ਦੇ ਕਾਰਨ ਇਹ ਹਾਦਸਾ ਵਾਪਰਿਆ ਹੈ। ਮੌਕੇ ਤੇ ਹਾਜਰ ਏ ਐਸ ਆਈ ਅਮਰੀਕ ਸਿੰਘ ਚੌਂਕੀ ਰੋਹਟੀ ਕੌਰ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕੀਤਾ ਜਾਵੇਗਾ।