ਬਠਿੰਡਾ: ਕਰਵਾ ਚੌਥ ਸਬੰਧੀ ਸਮਾਗਮ ਵਿੱਚ ਸ਼ਾਮਲ ਹੋਈ ਹਰਸਿਮਰਤ ਬਾਦਲ
ਅਸ਼ੋਕ ਵਰਮਾ
ਬਠਿੰਡਾ,24ਅਕਤੂਬਰ2021: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਦੇ ਇੱਕ ਹੋਟਲ ਵਿਖੇ ਚੰਦਨ ਮਦਾਨ ਅਤੇ ਡਿੰਪਲ ਜਿੰਦਲ ਦੀ ਅਗਵਾਈ ਹੇਠ ਕਰਵਾਏ ਪ੍ਰਭਾਵਸ਼ਾਲੀ ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ’ਚ ਅਕਾਲੀ ਦਲ ਦੇ ਸਿਆਸੀ ਮਾਮਲਿਆਂ ਬਾਰੇ ਕਮੇਟੀ ਦੇ ਮੈਂਬਰ ਮੋਹਿਤ ਗੁਪਤਾ ਦੀ ਪਤਨੀ ਦੀਪਮਾਲਾ ਗੁਪਤਾ ,ਸਰੋਜ ਸਿੰਗਲਾ ਅਤੇ ਮਮਤਾ ਜੈਨ ਜੌਲੀ ਵਿਸ਼ੇਸ਼ ਮਹਿਮਾਨ ਸਨ । ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਪ੍ਰੋਗਰਾਮ ਦੀ ਸ਼ੁਰੂਆਤ ਜੋਤੀ ਜਗਾ ਕੇ ਕੀਤੀ ।
ਬੀਬੀ ਬਾਦਲ ਨੇ ਇਸ ਮੌਕੇ ਕਰਵਾਏ ਗਿੱਧਾ, ਡਾਂਸ ਅਤੇ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ’ਚ ਭਾਗ ਲਿਆ ਅਤੇ ਖੂਬ ਅਨੰਦ ਮਾਣਿਆ। ਬੀਬੀ ਬਾਦਲ ਦੇ ਖੁਸ਼ਦਿਲ ਸੁਭਾਅ ਕਰ ਕੇ ਸ਼ਹਿਰ ਦੀਆਂ ਔਰਤਾਂ ਵਿੱਚ ਵੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਲੜਕੀਆਂ ਨੇ ਬੀਬੀ ਬਾਦਲ ਨਾਲ ਸੈਲਫੀਆਂ ਲਈਆਂ। ਸਮਾਗਮ ’ਚ ਆਪਣੇ ਲਈ ਮਾਣ ਸਨਮਾਨ ਦੇਖਦਿਆਂ ਬੀਬੀ ਬਾਦਲ ਵੀ ਕਾਫੀ ਖੁਸ਼ ਦਿਖਾਈ ਦਿੱਤੇ। ਇਸ ਮੌਕੇ ਵੱਖ ਵੱਖ ਖੇਤਰਾਂ ਵਿੱਚ ਆਪਣੇ ਹੱਥਾਂ ਦੇ ਹੁਨਰ ਨਾਲ ਰੁਜ਼ਗਾਰ ਚਲਾ ਰਹੀਆਂ ਔਰਤਾਂ ਵੱਲੋਂ ਤਿਆਰ ਕੀਤੇ ਜਾਂਦੇ ਸਮਾਨ ਨਾਲ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੂੰ ਸਨਮਾਨਿਤ ।
ਭਾਵਨਾ ਗਰਗ ਨੇ ਸਨਮਾਨ ਦੇ ਤੌਰ ਤੇ ਹਰਸਿਮਰਤ ਕੌਰ ਬਾਦਲ ਦੀ ਬਣਾਈ ਤਸਵੀਰ ਭੇਂਟ ਕੀਤੀ। ਇਸ ਮੌਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਔਰਤਾਂ ਦਾ ਸਨਮਾਨ ਕਰਦਾ ਹੈ ਤੇ ਹਮੇਸ਼ਾ ਹੀ ਉਨ੍ਹਾਂ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਯਤਨ ਕੀਤੇ ਗਏ ਹਨ। ਉਨ੍ਹਾਂ ਵਾਅਦਾ ਕੀਤਾ ਕਿ 2022 ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ਤੇ ਔਰਤਾਂ ਦਾ ਸਵੈਮਾਣ ਅਤੇ ਸਵੈ ਰੁਜਗਾਰ ਮਜਬੂਤ ਬਣਾਉਣ ਲਈ ਪੂਰਨ ਹੌਂਸਲਾ ਅਫਜਾਈ ਕੀਤੀ ਜਾਏਗੀ ਜਿਸ ਲਈ ਸਰਕਾਰ ਹਰ ਤਰ੍ਹਾਂ ਦਾ ਸਹਿਯੋਗ ਕਰੇਗੀ।