ਸਿਆਸੀ ਪਾਰਟੀਆਂ ਨੇ ਖੇਤੀ ਅਤੇ ਸਨਅਤਾਂ ਤਬਾਹ ਕਰਕੇ ਬੇਰਜ਼ਗਾਰੀ ਫੈਲਾਈ - ਉਗਰਾਹਾਂ
ਅਸ਼ੋਕ ਵਰਮਾ
ਨਵੀਂ ਦਿੱਲੀ, 22ਅਕਤੂਬਰ 2021 : ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਐਤਵਾਰ ਵਾਲੇ ਦਿਨ ਨੌਜਵਾਨਾਂ ਅਤੇ ਔਰਤਾਂ ਦੀਆਂ ਵੱਖ ਵੱਖ ਮੀਟਿੰਗਾਂ ਕਰਵਾਈਆਂ ਗਈਆਂ । ਨੌਜਵਾਨਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਨੌਜਵਾਨ ਨੇ ਦਿੱਲੀ ਮੋਰਚੇ ਤੋਂ ਪਹਿਲਾਂ ਇਸ ਗੱਲ ਬਾਰੇ ਅਣਜਾਣ ਸਨ ਕਿ ਕਦੇ ਸਾਡੇ ਮਾਪੇ ਦਿਨ ਰਾਤ ਖੇਤਾਂ ਵਿੱਚ ਕੰਮ ਕਰਦੇ ਹਨ, ਫਸਲ ਵੀ ਵਧੀਆ ਹੁੰਦੀ ਹੈ ਫਿਰ ਸਾਡੇ ਬਾਪੂਆਂ ਨੂੰ ਧਰਨੇ ਮੁਜ਼ਾਹਰੇ ਕਿਉਂ ਕਰਨੇ ਪੈਂਦੇ ਹਨ ਅਤੇ ਸਾਡੇ ਘਰਾਂ ਵਿਚ ਖੁਸ਼ਹਾਲੀ ਦੀ ਥਾਂ ਕੰਗਾਲੀ ਕਿਉਂ ਹੈ । ਉਨ੍ਹਾਂ ਕਿਹਾ ਕਿ ਕਦੇ ਇਹ ਵੀ ਸੋਚਿਆ ਨਹੀਂ ਹੋਵੇਗਾ ਕਿ ਪੀਐੱਚ ਡੀ ਤੱਕ ਦੀ ਪੜ੍ਹਾਈ ਕਰਨ ਦੇ ਬਾਵਜੂਦ ਰੁਜ਼ਗਾਰ ਕਿਉਂ ਨਹੀਂ ਮਿਲ ਰਿਹਾ , ਕੀ ਸਾਡੇ ਮਸਲਿਆਂ ਦੇ ਹੱਲ ਇਹ ਵੋਟ ਪਾਰਟੀਆਂ ਕਰਨਗੀਆਂ ਜਿਨ੍ਹਾਂ ਨੂੰ ਤੁਸੀਂ ਪਿਛਲੇ 73 ਸਾਲਾਂ ਤੋਂ ਵਾਰੀ ਵਾਰੀ ਸੱਤਾ ਵਿਚ ਲਿਆ ਕੇ ਵੇਖ ਚੁੱਕੇ ਹੋ ।
ਉਨ੍ਹਾਂ ਕਿਹਾ ਕਿ ਮਨਾਂ ਵਿਚ ਵੋਟ ਪਾਰਟੀਆਂ ਮਗਰ ਭੱਜਣ ਦੀ ਲਾਲਸਾ ਸੀ ਜਿਨ੍ਹਾਂ ਨੇ ਤੁਹਾਡੀ ਖੇਤੀ ਅਤੇ ਦੇਸੀ ਸਨਅਤਾਂ ਬਰਬਾਦ ਕਰ ਕੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ਕੰਢੇ ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ ।ਇਸ ਮੋਰਚੇ ਨੇ ਕਿਰਤ ਦੀ ਲੁੱਟ ਨੂੰ ਖ਼ਤਮ ਕਰਾਉਣ ਲਈ ਗੁਰੂ ਨਾਨਕ ਤੋਂ ਲੈ ਕੇ ਗ਼ਦਰੀ ਬਾਬੇ ਭਗਤ ਸਰਾਭੇ ਦਾ ਇਤਿਹਾਸ ਚੇਤੇ ਕਰਵਾ ਦਿੱਤਾ ਹੈ । ਪਿਛਲੇ ਕਈ ਦਹਾਕਿਆਂ ਤੋਂ ਖੇਤੀ ਨੂੰ ਬਚਾਉਣ ਲਈ ਅਤੇ 2020 ਵਿੱਚ ਲਿਆਂਦੇ ਤਿੰਨ ਖੇਤੀ ਕਾਲੇ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਪਿਛਲੇ ਸਾਲ ਤੋਂ ਚੱਲ ਰਿਹਾ ਸ਼ੰਘਰਸ਼ ਜੋ ਅੱਜ ਦਿੱਲੀ ਦੇ ਬਾਰਡਰਾਂ ਤੇ ਵੱਖ ਵੱਖ ਮੋਰਚਿਆਂ ਵਿੱਚ ਚੱਲ ਰਿਹਾ ਹੈ ਇਸ ਘੋਲ ਨੇ ਕੁੱਲ ਵਰਗ ਦੇ ਲੋਕਾਂ ਨੂੰ ਸੋਚਣ ਲਈ ਹੀ ਨਹੀਂ ਸਗੋਂ ਸੰਘਰਸ਼ਾਂ ਵਿਚ ਆਪਣੇ ਆਪਣੇ ਵਿੱਤ ਮੁਤਾਬਕ ਵਧ ਚੜ੍ਹ ਕੇ ਹਿੱਸਾ ਪਾਉਣ ਦੀ ਚਿਣਗ ਲਾਈ ਹੈ।
ਉਨ੍ਹਾਂ ਕਿਹਾ ਕਿ ਭਾਵੇਂ ਇਕੱਠਾਂ ਵਿੱਚ ਵੱਧ ਤੋਂ ਵੱਧ ਗਿਣਤੀ ਵਿਚ ਸ਼ਾਮਿਲ ਹੋਣ ਦੀ ਗੱਲ ਹੋਵੇ, ਭਾਵੇਂ ਹੋਰ ਕਿਸੇ ਕਿਸਮ ਦੀ ਲੋੜ ਹੋਵੇ ਸਾਰਿਆਂ ਨੇ ਹੀ ਆਪਣੇ ਆਪਣੇ ਵਿੱਤ ਮੁਤਾਬਿਕ ਹਿੱਸਾ ਪਾਇਆ ਹੈ ਸੋ ਅੱਜ ਅਸੀਂ ਨੌਜਵਾਨਾਂ ਤੋਂ ਬਹੁਤ ਵੱਡੀ ਆਸ ਰੱਖਦੇ ਹਾਂ ਕਿਉਂਕਿ ਨੌਜਵਾਨ ਦੇਸ਼ ਦਾ ਭਵਿੱਖ ਹੁੰਦੇ ਹਨ । ਨੌ ਵੱਡੀ ਗਿਣਤੀ ਦੇ ਵਿਚ ਸੰਘਰਸ਼ ਵਿੱਚ ਸ਼ਾਮਿਲ ਹੋ ਰਹੇ ਹਨ ਤੇ ਸਮਝ ਚੁੱਕੇ ਹਨ ਕਿ ਸਾਨੂੰ ਕੰਗਾਲੀ ਦੀ ਹਾਲਤ ਵਿਚ ਧੱਕਣ ਵਾਲੇ ਕੌਣ ਹਨ ਅਤੇ ਅੱਗੇ ਤੋਂ ਕੀ ਕਰਨ ਦੀ ਲੋੜ ਹੈ ।ਅੱਜ ਔਰਤ ਭੈਣਾਂ ਦੀ ਮੀਟਿੰਗ ਸਟੇਜ ਤੇ ਬਚਿੱਤਰ ਕੌਰ ਮੋਗਾ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਔਰਤ ਭੈਣਾਂ ਨੂੰ ਦਿੱਲੀ ਮੋਰਚੇ ਵਿੱਚ ਇਕੱਠ ਵਧਾਉਣ ਦਾ ਸੱਦਾ ਦਿੱਤਾ ਗਿਆ ।
ਔਰਤਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਬਠਿੰਡਾ ਜ਼ਿਲ੍ਹੇ ਦੇ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਬਹੁਤ ਸਾਰੇ ਰੁਝੇਵਿਆਂ ਦੇ ਬਾਵਜੂਦ ਭੈਣਾਂ ਨੇ ਕਿਸਾਨ ਮੋਰਚਿਆਂ ਵਿੱਚ ਵੱਡਾ ਯੋਗਦਾਨ ਪਾ ਕੇ ਸੰਘਰਸ਼ ਮੱਠਾ ਨਹੀਂ ਪੈਣ ਦਿੱਤਾ ਕਿਉਂਕਿ ਪੰਜਾਬ ਦੇ ਵਿੱਚ ਝੋਨੇ ਦੀ ਵਾਢੀ ਅਤੇ ਝੋਨੇ ਨੂੰ ਮੰਡੀਆਂ ਵਿੱਚ ਵੇਚਣ ਦਾ ਕੰਮ ਅਤੇ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦੇ ਨਰਮੇ ਦੇ ਖ਼ਰਾਬੇ ਦੇ ਮੁਆਵਜ਼ੇ ਦੀ ਮੰਗ ਨੂੰ ਲੈ ਕੇ ਮਰਦਾਂ ਦੇ ਰੁਝੇਵੇਂ ਵੱਧ ਹਨ। ਝੋਨੇ ਦੀ ਵਢਾਈ ਤੋਂ ਬਾਅਦ ਕਣਕ ਦੀ ਬਿਜਾਈ ਵੀ ਕਰਨੀ ਹੈ ਇਸ ਕਰਕੇ ਕਿਸਾਨ ਵੀਰਾਂ ਲਈ ਕੰਮ ਦਾ ਸਮਾਂ ਹੋਣ ਕਰਕੇ ਔਰਤ ਭੈਣਾਂ ਨੂੰ ਇਨ੍ਹਾਂ ਦਿਨਾਂ ਵਿੱਚ ਦਿੱਲੀ ਮੋਰਚੇ ਵਿਚ ਇਕੱਠ ਵਧਾ ਕੇ ਚੱਲ ਰਹੇ ਮੋਜੂਦਾ ਸੰਘਰਸ਼ ਨੂੰ ਤਕੜਾਈ ਦੇਣ ਦੀ ਲੋੜ ਹੈ। ਵੱਡੀ ਗਿਣਤੀ ਦੇ ਵਿੱਚ ਔਰਤ ਭੈਣਾਂ ਦਾ ਮੀਟਿੰਗ ਦੇ ਵਿੱਚ ਪਹੁੰਚਣ ਤੇ ਜਥੇਬੰਦੀ ਵੱਲੋਂ ਧੰਨਵਾਦ ਕੀਤਾ ਗਿਆ ।