ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ’ਚ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਸਮਾਪਤ
ਅਸ਼ੋਕ ਵਰਮਾ
ਬਠਿੰਡਾ, 24 ਅਕਤੂਬਰ 2021 - ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿਖੇ ਨਾਨ-ਟੀਚਿੰਗ ਸਟਾਫ ਲਈ ਦੋ ਹਫਤਿਆਂ ਦਾ ਆਲ ਇੰਡੀਆ ਕੌਂਸਲ ਆਫ਼ ਟੈਕਨੀਕਲ ਐਜੂਕੇਸ਼ਨ ਵੱਲੋਂ ਸਪਾਂਸਰਡ ਪ੍ਰੋਫੈਸਨਲ ਡਿਵੈਲਪਮੈਂਟ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੀ ਸਮਾਪਤੀ ਮੌਕੇ ਮੁੱਖ ਮਹਿਮਾਨ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਸਿੱਧੂ ਸਨ। । ਇਸ ਮੌਕੇ ਨੈਸ਼ਨਲ ਇੰਸਟੀਚਿਊਟ ਆਫ ਟੈਕਨੀਕਲ ਟੀਚਰਜ ਟ੍ਰੇਨਿੰਗ ਐਂਡ ਰਿਸਰਚ ਚੰਡੀਗੜ੍ਹ, ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਬਠਿੰਡਾ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਹੋਰ ਉੱਘੀਆਂ ਸੰਸਥਾਵਾਂ ਦੇ 30 ਤੋਂ ਵੱਧ ਵਿਅਕਤੀਆਂ ਨੇ ਮਹੱਤਵਪੂਰਨ ਵਿਸ਼ਿਆਂ ਤੇ ਭਾਸ਼ਣ ਦਿੱਤੇ।ਪ੍ਰੋ. ਸਿੱਧੂ ਨੇ ਏ.ਆਈ.ਸੀ.ਟੀ.ਈ. ਅਤੇ ਪੀ.ਡੀ.ਪੀ. 2021 ਦੀ ਪ੍ਰਬੰਧਕੀ ਟੀਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਦਾ ਮਕਸਦ ਸਮਾਜ ਦੇ ਸਾਰੇ ਵਰਗਾਂ ਦੀ ਉੱਚ ਸਿੱਖਿਆ ਤੱਕ ਪਹੁੰਚ ਮੁਹੱਈਆ ਕਰਵਾਉਣਾ ਅਤੇ ਉੱਚ ਕੁਆਲਿਟੀ ਵਾਲੇ ਨਵੀਨਤਾਕਾਰੀ ਅਤੇ ਲੋੜ ਅਧਾਰਿਤ ਪ੍ਰੋਗਰਾਮ ਪੇਸ਼ ਕਰਨਾ ਹੈ।
ਨਾਨ-ਟੀਚਿੰਗ ਸਟਾਫ ਲਈ ਪ੍ਰੋਫੈਸ਼ਨਲ ਡਿਵੈਲਪਮੈਂਟ ਪ੍ਰੋਗਰਾਮ ਦੀ ਮਹੱਤਤਾ ‘ਤੇ ਜੋਰ ਦਿੰਦਿਆਂ ਪ੍ਰੋ. ਸਿੱਧੂ ਨੇ ਕਿਹਾ ਕਿ ਪੀ.ਡੀ.ਪੀ. ਦਾ ਉਦੇਸ਼ ਗੈਰ-ਅਧਿਆਪਨ ਸਟਾਫ ਨੂੰ ਯੂਨੀਵਰਸਿਟੀ ਪ੍ਰਤੀ ਆਪਣੇ ਫਰਜਾਂ ਨੂੰ ਅੱਗੇ ਵਧਾਉਣ ਲਈ, ਸਾਧਨਾਂ ਅਤੇ ਤਰੀਕਿਆਂ ਨੂੰ ਅਪਣਾਉਣ ਦੇ ਯੋਗ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ‘ਚੰਗਾ ਜਾਣਨਾ ਸਿੱਖੋ, ਚੰਗਾ ਕਰਨਾ ਸਿੱਖੋ ਅਤੇ ਚੰਗਾ ਹੋਣਾ ਸਿੱਖੋ’ ਦੇ ਸਿਧਾਂਤ ਨੂੰ ਵਿਕਸਤ ਕਰਨਾ ਪਏਗਾ ਤਾਂ ਹੀ ਚੰਗੇ ਨਤੀਜ਼ੇ ਸਾਹਮਣੇ ਆਉਣਗੇ । ਯੂਨੀਵਰਸਿਟੀ ਦੇ ਰਜਿਸਟਰਾਰ, ਡਾ. ਗੁਰਿੰਦਰ ਪਾਲ ਸਿੰਘ ਬਰਾੜ ਨੇ ਵਿਵਹਾਰਕ ਗਿਆਨ ਦੀ ਮਹਤੱਤਾ ਤੇ ਜੋਰ ਦਿੱਤਾ । ਇਸ ਤੋਂ ਪਹਿਲਾਂ ਪ੍ਰਸ਼ਾਸ਼ਕ ਅਤੇ ਅਕਾਦਮਿਕ, ਕਰਨਲ ਬੀ. ਵੈਂਕਟ ਡਾਇਰੈਕਟਰ, ਫੈਕਲਟੀ ਡਿਵੈਲਪਮੈਂਟ ਸੈੱਲ ਨਵੀਂ ਦਿੱਲੀ ਨੇ ਆਪਣੇ ਵਿਚਾਰ ਸਾਂਝੇ ਕੀਤੇ ਸਨ।
ਪ੍ਰੋਗਰਾਮ ਦੌਰਾਨ ਵੱਖ -ਵੱਖ ਬੁਲਾਰਿਆਂ ਨੇ ਮਨੁੱਖੀ ਕਦਰਾਂ -ਕੀਮਤਾਂ ਅਤੇ ਦਫਤਰੀ ਕੰਮਾਂ ਦੀ ਪ੍ਰਭਾਵਸੀਲਤਾ, ਅਮੀਰ ਸੱਭਿਆਚਾਰਕ ਵਿਰਾਸਤ ਅਤੇ ਪਰੰਪਰਾਵਾਂ ਪ੍ਰਦਾਨ ਕਰਨ ਅਤੇ ਚਰਿੱਤਰ ਨਿਰਮਾਣ ਕਰਨ ਦੀ ਜਰੂਰਤ ਤੇ ਜ਼ੋਰ ਦਿੱਤਾ। ਯੂਨੀਵਰਸਿਟੀ ਦੀ ਕੈਂਪਸ ਡਾਇਰੈਕਟਰ ਅਤੇ ਡੀਨ ਅਕਾਦਮਿਕ, ਡਾ. ਸਵੀਨਾ ਬਾਂਸਲ ਅਤੇ ਡਿਪਟੀ ਰਜਿਸਟਰਾਰ, ਅਗਿਆਪਾਲ ਸਿੰਘ ਨੇ ਵੀ ਸਮਾਗਮ ਦੇ ਵੱਖ -ਵੱਖ ਪਹਿਲੂਆਂ ਬਾਰੇ ਚਰਚਾ ਕੀਤੀ। ਸਿਖਲਾਈ ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ ਨੇ ਧੰਨਵਾਦ ਕੀਤਾ। ਪ੍ਰੋਗਰਾਮ ਦੇ ਕੋਆਰਡੀਨੇਟਰ ਇੰਜ. ਹਰਅਮਿ੍ਰਤਪਾਲ ਸਿੰਘ, ਇੰਜ. ਯਾਦਵਿੰਦਰ ਸ਼ਰਮਾ ਅਤੇ ਇੰਜ ਸੁਖਵਿੰਦਰ ਸਿੰਘ ਨੇ ਸਮਾਗਮ ’ਚ ਅਹਿਮ ਭੂਮਿਕਾ ਨਿਭਾਈ।