ਅਮਰੀਕਾ: ਲਾਪਤਾ ਹੋਏ 5 ਸਾਲਾਂ ਬੱਚੇ ਦੀ ਲਾਸ਼ ਜੰਗਲ ਵਿੱਚ ਦੱਬੀ ਹੋਈ ਮਿਲੀ
ਗੁਰਿੰਦਰਜੀਤ ਨੀਟਾ ਮਾਛੀਕੇ
ਫਰਿਜ਼ਨੋ (ਕੈਲੀਫੋਰਨੀਆ), 24 ਅਕਤੂਬਰ 2021 - ਅਮਰੀਕਾ ਦੇ ਨਿਊ ਹੈਂਪਸ਼ਾਇਰ ਦੇ 5 ਸਾਲਾਂ ਲਾਪਤਾ ਹੋਏ ਲੜਕੇ ਦੀ ਇੱਕ ਹਫਤੇ ਤੋਂ ਵੱਧ ਸਮੇਂ ਤੱਕ ਖੋਜ ਕਰਨ ਤੋਂ ਬਾਅਦ, ਅਧਿਕਾਰੀਆਂ ਨੇ ਜੰਗਲ ਵਿੱਚ ਦੱਬੀ ਹੋਈ ਇੱਕ ਲਾਸ਼ ਪ੍ਰਾਪਤ ਕੀਤੀ ਹੈ , ਜੋ ਕਿ ਸੰਭਾਵਿਤ ਤੌਰ 'ਤੇ ਇਸੇ ਲਾਪਤਾ ਹੋਏ ਲੜਕੇ ਦੀ ਮੰਨੀ ਜਾ ਰਹੀ ਹੈ। ਪੁਲਿਸ ਅਨੁਸਾਰ ਇਹ ਲਾਸ਼ ਉਸਦੇ ਜੱਦੀ ਸ਼ਹਿਰ ਤੋਂ 70 ਮੀਲ ਦੂਰ, ਮੈਸੇਚਿਉਸੇਟਸ ਵਿੱਚ ਇੱਕ ਜੰਗਲੀ ਖੇਤਰ ਵਿੱਚ ਦੱਬੀ ਹੋਈ ਮਿਲੀ ਹੈ।
ਇਹ ਲਾਪਤਾ ਹੋਇਆ ਲੜਕਾ ਜਿਸਦਾ ਨਾਮ ਏਲੀਯਾਹ ਲੁਈਸ ਹੈ, ਨੂੰ ਆਖਰੀ ਵਾਰ ਸਤੰਬਰ ਵਿੱਚ ਨਿਊ ਹੈਂਪਸ਼ਾਇਰ ਦੇ ਮੈਰੀਮੈਕ ਵਿੱਚ ਉਸਦੇ ਘਰ ਵੇਖਿਆ ਗਿਆ ਸੀ। ਇੱਕ ਜਾਣਕਾਰੀ ਦੇ ਆਧਾਰ 'ਤੇ ਪੁਲਿਸ ਨੇ ਇਸ ਹਫਤੇ ਦੇ ਅਖੀਰ ਵਿੱਚ ਬੋਸਟਨ ਦੇ ਦੱਖਣ ਵਿੱਚ ਐਬਿੰਗਟਨ ਵਿੱਚ ਇੱਕ ਜੰਗਲੀ ਖੇਤਰ ਵਿੱਚ ਜਾਂਚ ਮੁਹਿੰਮ ਸ਼ੁਰੂ ਕੀਤੀ ਸੀ ਅਤੇ ਸ਼ਨੀਵਾਰ ਦੀ ਸਵੇਰ ਸਟੇਟ ਪੁਲਿਸ ਨੇ ਖੋਜੀ ਕੁੱਤੇ ਦੀ ਮੱਦਦ ਨਾਲ ਇਸ ਲਾਸ਼ ਨੂੰ ਲੱਭਿਆ।
ਇਸ ਮੌਤ ਦੇ ਤਰੀਕੇ ਅਤੇ ਕਾਰਨ ਦਾ ਪਤਾ ਲਗਾਉਣ ਅਤੇ ਅਧਿਕਾਰਤ ਤੌਰ 'ਤੇ ਲਾਸ਼ ਦੀ ਪਛਾਣ ਕਰਨ ਲਈ ਮੈਸੇਚਿਉਸੇਟਸ ਦੇ ਮੁੱਖ ਮੈਡੀਕਲ ਜਾਂਚਕਰਤਾ ਦੁਆਰਾ ਪੋਸਟਮਾਰਟਮ ਕਰਵਾਇਆ ਜਾਵੇਗਾ, ਹਾਲਾਂਕਿ ਅਵਸ਼ੇਸ਼ਾਂ ਦੀ ਦਿੱਖ ਅਤੇ ਸਥਿਤੀ ਨੇ ਅਧਿਕਾਰੀਆਂ ਨੂੰ ਇਹ ਵਿਸ਼ਵਾਸ ਕਰਨ ਲਈ ਪ੍ਰੇਰਿਤ ਕੀਤਾ ਕਿ ਇਹ ਏਲੀਯਾਹ ਦੀ ਹੀ ਲਾਸ਼ ਹੈ। ਪੁਲਿਸ ਅਨੁਸਾਰ ਇਸ ਮੌਤ ਨੂੰ ਸ਼ੱਕੀ ਮੰਨਿਆ ਜਾ ਰਿਹਾ ਹੈ ਅਤੇ ਪੋਸਟਮਾਰਟਮ ਦੇ ਨਤੀਜਿਆਂ ਦੇ ਆਧਾਰ 'ਤੇ ਦੋਸ਼ ਲਾਏ ਜਾ ਸਕਦੇ ਹਨ। ਇਸ ਬੱਚੇ ਦੇ ਲਾਪਤਾ ਹੋਣ ਦੇ ਸਬੰਧ ਵਿੱਚ ਹੁਣ ਤੱਕ ਦੋ ਲੋਕਾਂ ਏਲੀਯਾਹ ਦੀ ਮਾਂ, ਡੇਨੀਏਲ ਡੌਫਿਨਿਸ (35) ਅਤੇ ਉਸਦੇ ਦੋਸਤ, ਜੋਸੇਫ ਸਟੈਫ(30) ਨੂੰ ਪਹਿਲਾਂ ਹੀ ਚਾਰਜ ਕੀਤਾ ਜਾ ਚੁੱਕਾ ਹੈ।