ਅਕਾਲ ਯੂਨੀਵਰਸੀਟੀ ਵਲੋਂ ਬਾਗਬਾਨੀ ਵਰਕਸ਼ਾਪ
ਹਰਜਿੰਦਰ ਸਿੰਘ ਭੱਟੀ
ਤਲਵੰਡੀ ਸਾਬੋ, 25 ਅਕਤੂਬਰ 2021 - ਅਕਾਲ ਯੂਨੀਵਰਸਿਟੀ ਨੇ ਵਣ ਵਿਭਾਗ, ਬਠਿੰਡਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਦੀ ਬਾਗਬਾਨੀ ਅਤੇ ਨਰਸਰੀ ਤਕਨੀਕਾਂ ਦੇ ਗਿਆਨ ਵਿਸਥਾਰ ਲਈ ਪਿੰਡ ਭਾਗੀਵਾਂਦਰ ਸਰਕਾਰੀ ਨਰਸਰੀ ਵਿਖੇ ਹੈਂਡ-ਆਨ-ਟ੍ਰੇਨਿੰਗ ਸਮੇਤ ਇੱਕ ਰੋਜ਼ਾ ਸੈਮੀਨਾਰ-ਕਮ-ਵਰਕਸ਼ਾਪ ਦਾ ਆਯੋਜਨ ਕੀਤਾ। ਯੂਨੀਵਰਸਿਟੀ ਦੇ ਮੈਡੀਕਲ ਸਾਇੰਸਜ਼ ਵਿਸ਼ਿਆਂ ਦੇ ਵਿਦਿਆਰਥੀਆਂ ਨੇ ਇਸ ਵਰਕਸ਼ਾਪ ਵਿਚ ਵੱਡੀ ਗਿਣਤੀ ਵਿੱਚ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ. ਮਨਦੀਪ ਸਿੰਘ, ਵਣ ਰੇਂਜ ਅਫਸਰ, ਬਠਿੰਡਾ ਦੇ ਸੁਆਗਤੀ ਨੋਟ ਅਤੇ ਲੈਕਚਰ ਨਾਲ ਹੋਈ, ਉਪਰੰਤ ਸ੍ਰੀ ਗੁਰਜੰਟ ਸਿੰਘ, ਬਲਾਕ ਅਫਸਰ, ਤਲਵੰਡੀ ਸਾਬੋ ਵੱਲੋਂ ਬਾਗਬਾਨੀ ਅਤੇ ਨਰਸਰੀ ਤਕਨੀਕਾਂ ਬਾਰੇ ਪ੍ਰੈਕਟੀਕਲ ਸੈਸ਼ਨ ਕੀਤਾ ਗਿਆ।
ਸਿੰਘ ਨੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਦਰਸਾਇਆ ਕਿ ਕਿਵੇਂ ਅਸੀਂ ਰਾਜ ਦੀ ਹਰੀ ਪੱਟੀ ਦਾ ਵਿਸਥਾਰ ਕਰ ਸਕਦੇ ਹਾਂ ਅਤੇ ਵਾਤਾਵਰਣ ਦੀ ਸਮੁੱਚੀ ਸੁਰੱਖਿਆ ਵਿੱਚ ਯੋਗਦਾਨ ਪਾ ਸਕਦੇ ਹਾਂ। ਸ਼ੈਸ਼ਨ ਵਿੱਚ ਵੱਖ-ਵੱਖ ਨਰਸਰੀ ਕਾਰਜਾਂ ਜਿਵੇਂ ਕਿ ਬਿਜਾਈ, ਖਾਦ, ਨਦੀਨਾਂ, ਪਾਣੀ ਪਰਣਾਲੀ ਅਤੇ ਵਰਮੀਕੰਪੋਸ ਸੰਬੰਦੀ ਸਮਝਾਇਆ ਗਿਆ।
ਉਨ੍ਹਾਂ ਨੇ 50 ਤੋਂ ਵੱਧ ਵੱਖ -ਵੱਖ ਪੌਦਿਆਂ, ਖਾਸ ਕਰਕੇ ਵੱਖ -ਵੱਖ ਨਰਸਰੀ ਬੈੱਡਾਂ ਵਿੱਚ ਉੱਗਣ ਵਾਲੇ ਰੁੱਖਾਂ ਬਾਰੇ ਵਿਦਿਆਰਥੀਆਂ ਨੂੰ ਜਿਥੇ ਜਾਣਕਾਰੀ ਦਿਤੀ ਉਥੇ ਨਾਲ ਹੀ ਇਹਨਾ ਦੀ ਆਰਥਿਕ ਅਤੇ ਵਾਤਾਵਰਣਿਕ ਮਹੱਤਤਾ ਬਾਰੇ ਵੀ ਦੱਸਿਆ। ਵਿਦਿਆਰਥੀਆਂ ਨੂੰ ਵਰਮੀ ਕੰਪੋਸਟਿੰਗ ਦੀ ਤਕਨੀਕ ਵੀ ਦਿਖਾਈ ਗਈ ਅਤੇ ਇਸ ਦੀ ਮਹੱਤਤਾ ਬਾਰੇ ਸਮਝਾਇਆ ਗਿਆ। ਹੱਥੀਂ ਤਜ਼ਰਬੇ ਕਰਦਿਆਂ ਵਿਦਿਆਰਥੀਆਂ ਨੇ ਖੁਦ ਵੱਖ ਵੱਖ ਗਤੀਵਿਧੀਆਂ ਕੀਤੀਆਂ. ਸੈਸ਼ਨ ਦੇ ਅੰਤ ਵਿੱਚ ਯੂਨੀਵਰਸਿਟੀ ਦੇ ਬੌਟਨੀ ਵਿਭਾਗ ਦੇ ਮੁਖੀ ਡਾ: ਅਰਵਿੰਦਰ ਸਿੰਘ ਨੇ ਸਾਰੇ ਹੀ ਸਹਯੋਗੀ ਅਦਿਆਪਕਾਂ, ਵਿਦਿਆਰਥੀਆਂ ਅਤੇ ਵਣ ਬਿਭਾਗ ਦੇ ਸਾਰੇ ਅਧਿਕਾਰੀਆਂ ਦਾ ਧੰਨਵਾਦ ਕੀਤਾ।