ਕਿਸਾਨਾਂ ਨੂੰ ਕਾਰਪੋਰੇਟ ਰੂਪੀ ਦੈਂਤ ਦੇ ਮੂੰਹ ਵੱਲ ਧੱਕ ਰਹੀ ਭਾਜਪਾ ਹਕੂਮਤ - ਤੋਲੇਵਾਲ
ਅਸ਼ੋਕ ਵਰਮਾ
ਨਵੀਂ ਦਿੱਲੀ, 22 ਅਕਤੂਬਰ 2021 : ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੇ ਟਿਕਰੀ ਬਾਰਡਰ ਤੇ ਗ਼ਦਰੀ ਗੁਲਾਬ ਕੌਰ ਨਗਰ ਵਿਖੇ ਚੱਲ ਰਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਸਟੇਜ ਤੋਂ ਬਰਨਾਲਾ ਜ਼ਿਲ੍ਹੇ ਦੇ ਮੀਤ ਪ੍ਰਧਾਨ ਬੁੱਕਣ ਸਿੰਘ ਸੱਦੋਵਾਲ ਅਤੇ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲੇਵਾਲ ਨੇ ਕਿਹਾ ਕਿ ਭਾਰਤ ਦੀ ਲੁੱਟ ਦਾ ਦੌਰ ਲੰਮੇ ਸਮੇਂ ਤੋਂ ਚੱਲ ਰਿਹਾ ਹੈ । ਉਨ੍ਹਾਂ ਕਿਹਾ ਕਿ ਪਹਿਲਾਂ ਅੰਗਰੇਜ਼ੀ ਸਾਮਰਾਜ ਨੇ ਭਾਰਤ ਦੇ ਵਿੱਚ ਦੋ ਸੌ ਸਾਲ ਰਾਜ ਕਰਕੇ ਭਾਰਤ ਦੇ ਅਮੀਰ ਖ਼ਜ਼ਾਨਿਆਂ ਨੂੰ ਲੁੱਟਿਆ ਅਤੇ ਦੇਸ਼ ਦੀ ਦੇਸੀ ਸਨਅਤ ਤਬਾਹ ਕੀਤੀ ਅਤੇ ਵਿਕਾਸ ਦੇ ਨਾਮ ਤੇ ਰੇਲਾਂ ਦਾ ਜਾਲ ਵਿਛਾਇਆ ਜਿਨ੍ਹਾਂ ਰਾਹੀਂ ਭਾਰਤ ਚੋਂ ਕੱਚਾ ਮਾਲ ਲਿਜਾ ਕੇ ਬਰਤਾਨੀਆ ਦੇ ਮੁਲਕਾਂ ਵਿਚ ਉਸ ਤੋਂ ਵੱਖ ਵੱਖ ਤਰ੍ਹਾਂ ਦੀਆਂ ਵਸਤਾਂ ਤਿਆਰ ਕਰਕੇ ਦੁਨੀਆਂ ਦੀ ਮੰਡੀ ਵਿਚ ਮਹਿੰਗੇ ਭਾਅ ਤੇ ਵੇਚੀਆਂ ਜਾਂਦੀਆਂ ਸੀ ।
ਉਨ੍ਹਾਂ ਕਿਹਾ ਕਿ ਖੇਤੀ ਖੇਤਰ ਵਿੱਚ ਵੱਧ ਟੈਕਸ ਲਾਉਣ ਕਰ ਕੇ ਕਿਸਾਨਾਂ ਦੀਆਂ ਜ਼ਮੀਨਾਂ ਸ਼ਾਹੂਕਾਰਾਂ ਦੇ ਕਬਜ਼ੇ ਥੱਲੇ ਆਈਆਂ ਕਿਉਂਕਿ ਕਿਸਾਨਾਂ ਦੀ ਖੇਤੀ ਤੋਂ ਆਮਦਨ ਘੱਟ ਹੋਣ ਅਤੇ ਟੈਕਸਾਂ ਦਾ ਬੋਝ ਜ਼ਿਆਦਾ ਪੈਣ ਕਰਕੇ ਕਿਸਾਨਾਂ ਨੂੰ ਦੂਹਰੀ ਲੁੱਟ ਦਾ ਸ਼ਿਕਾਰ ਹੋਣਾ ਪਿਆ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਜ਼ਮੀਨਾਂ ਆਪਣੇ ਹੱਥਾਂ ਚੋਂ ਕਿਰ ਕੇ ਸਾਹੂਕਾਰਾਂ ,ਜਾਗੀਰਦਾਰਾਂ ਦੇ ਕਬਜ਼ੇ ਚ ਜਾਣ ਲੱਗੀਆਂ । ਉਨ੍ਹਾਂ ਕਿਹਾ ਕਿ ਅੱਜ ਦੀਆਂ ਹਾਲਤਾਂ ਪਹਿਲਾਂ ਨਾਲੋਂ ਵੀ ਨਾਜ਼ਕ ਬਣੀਆਂ ਹੋਈਆਂ ਹਨ ਕਿਉਂਕਿ ਖੇਤੀ ਲਾਗਤ ਖਰਚੇ ਵਧਣ ਕਰਕੇ ਕਿਸਾਨੀ ਕਰਜ਼ੇ ਦੀ ਦਲਦਲ ਵਿੱਚ ਫਸੀ ਹੋਈ ਹੈ । ਉਨ੍ਹਾਂ ਕਿਹਾ ਕਿ ਕੇਂਦਰ ਦੀ ਭਾਜਪਾ ਹਕੂਮਤ ਨੇ ਤਿੰਨ ਖੇਤੀ ਕਾਨੂੰਨ ਲਿਆ ਕੇ ਕਿਸਾਨਾਂ ਨੂੰ ਕਾਰਪੋਰੇਟਾਂ ਦੇ ਦੈਂਤ ਰੂਪੀ ਮੂੰਹ ਵੱਲ ਧੱਕ ਰਹੀ ਹੈ ।
ਪਟਿਆਲਾ ਜ਼ਿਲ੍ਹੇ ਦੇ ਆਗੂ ਬਲਕਾਰ ਸਿੰਘ ਤਰੌਡ਼ਾ ਅਤੇ ਮਾਨਸਾ ਜ਼ਿਲ੍ਹੇ ਤੋਂ ਡਾ ਮੇਘਾ ਸਿੰਘ ਬਾਜੇਵਾਲਾ ਨੇ ਕਿਹਾ ਕਿ ਮਾਲਵਾ ਪੱਟੀ ਦੀ ਨਰਮਾ ਬੈਲਟ ਦੇ ਜ਼ਿਲ੍ਹਿਆਂ ਵਿੱਚ ਗੁਲਾਬੀ ਸੁੰਡੀ ਦੇ ਕਹਿਰ ਨੇ ਨਰਮੇ ਦੀ ਫਸਲ ਦਾ ਤਕਰੀਬਨ ਸੌ ਪਰਸੈਂਟ ਨੁਕਸਾਨ ਕਰ ਦਿੱਤਾ ਹੈ ਤੇ ਕਿਸਾਨ ਪਹਿਲਾਂ 25 ਦਿਨ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਦੇ ਘਰ ਅੱਗੇ ਬੈਠ ਕੇ ਮੁਆਵਜ਼ੇ ਦੀ ਮੰਗ ਕਰਦੇ ਰਹੇ ਮੰਗ ਪੂਰੀ ਨਾ ਹੋਣ ਤੇ ਅੱਜ ਪੱਚੀ ਅਕਤੂਬਰ ਨੂੰ ਜ਼ਿਲ੍ਹਾ ਬਠਿੰਡਾ ਦੇ ਮਿੰਨੀ ਸੈਕਟਰੀਏਟ ਨੂੰ ਘੇਰਿਆ ਹੋਇਆ ਹੈ । ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਮੁਆਵਜ਼ੇ ਸੰਬੰਧੀ ਅਜੇ ਮੂੰਹ ਨਹੀਂ ਖੋਲ੍ਹਿਆ ਦੂਜੇ ਪਾਸੇ ਬੇਮੌਸਮੀ ਬਾਰਸ਼ ਅਤੇ ਗੜ੍ਹਿਆਂ ਨੇ ਝੋਨੇ ਦੀ ਪੱਕੀ ਹੋਈ ਫ਼ਸਲ ਦਾ ਕਈ ਜ਼ਿਲ੍ਹਿਆਂ ਵਿੱਚ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ ।
ਉਨ੍ਹਾਂ ਕਿਹਾ ਕਿ ਇਸ ਕਰਕੇ ਅਸੀਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਵੱਲੋਂ ਦਿੱਲੀ ਮੋਰਚੇ ਦੀ ਸਟੇਜ ਤੋਂ ਮੰਗ ਕਰਦੇ ਹਾਂ ਕਿ ਸਰਕਾਰ ਪੀੜਤ ਕਿਸਾਨਾਂ ਮਜਦੂਰਾਂ ਦੀ ਬਾਂਹ ਫੜੇ ਅਤੇ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨਾਂ ਨੂੰ ਕੁਝ ਰਾਹਤ ਮਿਲ ਸਕੇ । ਅੱਜ ਸਟੇਜ ਸਕੱਤਰ ਦੀ ਭੂਮਿਕਾ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਰਨਲ ਸਕੱਤਰ ਗੁਰਬਾਜ ਸਿੰਘ ਚੱਕ ਜਾਨੀਸਰ ਨੇ ਨਿਭਾਈ ਅਤੇ ਸਟੇਜ ਤੋਂ ਮਨਜੀਤ ਕੌਰ ਘੋੜੇਨਵ' ਦੇਸਾ ਸਿੰਘ ਘਰਿਆਲਾ ,ਜਗਰੂਪ ਸਿੰਘ ਸੰਦੌੜ ਅਤੇ ਕਰਨੈਲ ਕੌਰ ਸੰਗਰੂਰ ਨੇ ਵੀ ਸੰਬੋਧਨ ਕੀਤਾ ।