ਪਟਿਆਲਾ: ਲੋਕ ਭਲਾਈ ਯੋਜਨਾਵਾਂ ਆਮ ਲੋਕਾਂ ਤੱਕ ਪਹੁੰਚਾਉਣ ਲਈ ਲਗਵਾਏ ਜਾਣਗੇ ਸੁਵਿਧਾ ਕੈਂਪ : ਸੰਦੀਪ ਹੰਸ
ਜੀ ਐਸ ਪੰਨੂ
- ਜਾਣੋ ਕਿਥੇ ਕਿਥੇ ਕਦੋਂ ਕਦੋਂ ਲਗਾਏ ਜਾਣਗੇ ਲੋਕ ਭਲਾਈ ਯੋਜਨਾਵਾਂ ਕੈਂਪ
ਪਟਿਆਲਾ, 25 ਅਕਤੂਬਰ,2021 - ਪੰਜਾਬ ਸਰਕਾਰ ਦੀਆਂ ਲੋਕ ਭਲਾਈ ਯੋਜਨਾਵਾਂ ਜ਼ਮੀਨੀ ਪੱਧਰ ਤੱਕ ਪਹੁੰਚਾਉਣ ਲਈ 28 ਤੇ 29 ਅਕਤੂਬਰ2021 ਨੂੰ ਜ਼ਿਲ੍ਹਾ ਪੱਧਰ ਤੇ ਸਬ-ਡਵੀਜ਼ਨ ਪੱਧਰ 'ਤੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਪਟਿਆਲਾ ਸ਼ਹਿਰ ਵਿਚ ਇਹ ਕੈਂਪ 28 ਅਕਤੂਬਰ ਨੂੰ ਸਵੇਰੇ 10 ਤੋਂ ਦੁਪਹਿਰ 3 ਵਜੇ ਤੱਕ ਬਹਾਵਲਪੁਰ ਪੈਲੇਸ ਵਿਖੇ ਲਗਾਇਆ ਜਾਵੇਗਾ ਇਹ ਜਾਣਕਾਰੀ ਪਟਿਆਲਾ ਡਿਪਟੀ ਕਮਿਸ਼ਨਰ ਸੰਦੀਪ ਹੰਸ ਨੇ ਸਾਂਝੀ ਕੀਤੀ।
ਇਸੇ ਤਰ੍ਹਾਂ ਨਾਭਾ ਵਿਚ 28 ਅਕਤੂਬਰ ਨੂੰ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਰੋਟਰੀ ਕਲੱਬ, ਨਾਭਾ ਤੇ 29 ਅਕਤੂਬਰ ਨੂੰ ਨਗਰ ਪੰਚਾਇਤ ਦਫ਼ਤਰ ਭਾਦਸੋਂ ਵਿਖੇ ਕੈਂਪ ਲਗਾਏ ਜਾਣਗੇ।
ਹੰਸ ਨੇ ਦੱਸਿਆ ਕਿ ਸਮਾਣਾ ਵਿਚ 28 ਤੇ 29 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਅਗਰਵਾਲ ਧਰਮਸ਼ਾਲਾ ਤੇ ਫ਼ਤਿਹਗੜ੍ਹ ਚੰਨਾ ਵਿਖੇ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ। ਰਾਜਪੁਰਾ ਵਿਚ 28 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਮਿੰਨੀ ਸਕੱਤਰੇਤ, ਰਾਜਪੁਰਾ ਵਿਖੇ ਯੂਨੀਵਰਸਿਟੀ ਕਾਲਜ ਘਨੌਰ ਵਿਖੇ ਵੀ ਕੈਂਪ ਲਗਾਏ ਜਾਣਗੇ।
ਪਾਤੜਾਂ ਵਿਚ 29 ਅਕਤੂਬਰ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਢਿੱਲੋਂ ਪੈਲੇਸ, ਸੰਗਰੂਰ ਕੈਂਚੀਆਂ, ਪਾਤੜਾਂ । ਦੂਧਨਸਾਧਾਂ ਵਿਚ 29 ਅਕਤੂਬਰ ਨੂੰ ਸਵੇਰੇ 11 ਵਜੇ ਤੋਂ ਪਿੰਡ ਮਸੀਂਗਣ ਦੀ ਧਰਮਸ਼ਾਲਾ ਨੇੜੇ ਸਰਕਾਰੀ ਹਾਈ ਸਕੂਲ ਵਿਚ ਸੁਵਿਧਾ ਕੈਂਪ ਲਗਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਇਨ੍ਹਾਂ ਕੈਂਪਾਂ ਵਿਚ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਦੋ ਦਰਜਨ ਤੋਂ ਵੱਧ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਇਆ ਜਾਵੇਗਾ। ਕੈਂਪ ਵਿਚ 5-5 ਮਰਲੇ ਦੇ ਪਲਾਟ, ਪੈਨਸ਼ਨ ਸਕੀਮ (ਬੁਢਾਪਾ, ਵਿਧਵਾ, ਆਸ਼ਰਿਤ, ਦਿਵਿਆਂਗ), ਘਰ ਦੀ ਸਥਿਤੀ (ਕੱਚਾ/ਪੱਕਾ) ਪੀ.ਐਮ.ਏ.ਵਾਈ ਯੋਜਨਾ, ਬਿਜਲੀ ਕੁਨੈਕਸ਼ਨ, ਘਰਾਂ ਵਿਚ ਪਖਾਨੇ ਬਨਾਉਣ, ਐਲ.ਪੀ.ਜੀ. ਕੁਨੈਕਸ਼ਨ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਆਸ਼ੀਰਵਾਦ ਸਕੀਮ, ਬੱਚਿਆਂ ਦੀ ਸਕਾਲਰਸ਼ਿਪ, ਐਸ.ਸੀ./ਬੀ.ਸੀ. ਕਾਰਪੋਰੇਸ਼ਨ/ਬੈਂਕ ਫਿੰਕੋ ਤੋਂ ਕਰਜਾ, ਬਸ ਪਾਸ, ਪੈਡਿੰਗ ਇੰਤਕਾਲ ਦੇ ਕੇਸ, ਮਗਨਰੇਗਾ ਜ਼ਾਬ ਕਾਰਡ, ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਏਰੀਅਰ ਮੁਆਫ਼ੀ ਸਰਟੀਫਿਕੇਟ, ਪੈਂਡਿੰਗ ਸੀ.ਐਲ.ਯੂ./ਨਕਸ਼ੇ ਆਦਿ ਸਮੇਤ ਕਈ ਹੋਰ ਸਰਕਾਰੀ ਸਕੀਮ ਸਬੰਧੀ ਸੁਵਿਧਾ ਕੈਂਪ 'ਚ ਫਾਰਮ ਭਰੇ ਜਾਣਗੇ।
ਡਿਪਟੀ ਕਮਿਸ਼ਨਰ ਨੇ ਲਾਭਪਾਤਰੀਆਂ ਨੂੰ ਅਪੀਲ ਕਰਦੇ ਹੋਏ ਵੱਧ ਤੋਂ ਵੱਧ ਇਨ੍ਹਾਂ ਸੁਵਿਧਾ ਕੈਂਪਾਂ ਦਾ ਫਾਇਦਾ ਲੈਣ ਲਈ ਕਿਹਾ ਹੈ । ਲ਼ੋਕ ਇਨ੍ਹਾਂ ਯੋਜਨਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਪਹੁੰਚਣ।