ਸਫਾਈ ਸੇਵਕਾਂ ਦੀ ਮੰਗਾਂ ਨੂੰ ਲੈਕੇ 30 ਅਕਤੂਬਰ ਨੂੰ ਹੋਵੇਗੀ ਮੀਟਿੰਗ
ਦੀਪਕ ਜੈਨ
ਜਗਰਾਓਂ, 28 ਅਕਤੂਬਰ 2021 - ਸਫਾਈ ਸੇਵਕ ਯੂਨੀਅਨ ਪੰਜਾਬ ਦੇ ਜਨਰਲ ਸਕੱਤਰ ਰਮੇਸ਼ ਗੈਚੰਡ ਨੇ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਮੁਨਿਸਿਪਲ ਮੁਲਾਜਮ ਐਕਸ਼ਨ ਕਮੇਟੀ ਪੰਜਾਬ ਵਲੋਂ ਸਮੂਹ ਮੁਨਿਸਿਪਲ ਮੁਲਾਜਮਾਂ ਦੀਆਂ ਮੰਗਾਂ ਨੂੰ ਲੈਕੇ 13 ਮਈ ਤੋਂ 1 ਜੁਲਾਈ ਤਕ ਹੜਤਾਲ ਕੀਤੀ ਗਈ ਸੀ ਅਤੇ ਹੜਤਾਲ ਸਮਾਪਤੀ 'ਤੇ ਹੋਏ ਫੈਸਲੇ ਮੁਤਾਬਿਕ ਹੇਠਲੇ ਪੱਧਰ ਤੇ ਨਗਰ ਨਿਗਮਾਂ , ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਦੇ ਅਧਿਕਾਰੀਆਂ ਵਲੋਂ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਮੁਖ ਮੰਗਾਂ ਨੂੰ ਲਾਗੂ ਕਰਨ ਵਿਚ ਕੋਈ ਗੌਰ ਨਹੀਂ ਕੀਤੀ ਜਾ ਰਹੀ।
ਉਹਨਾਂ ਦਸਿਆ ਕਿ ਸਫਾਈ ਕਾਮਿਆਂ ਨੂੰ ਕੰਟਰੈਕਟ ਬੇਸ 'ਤੇ ਕਰਨ ਦੇ ਪ੍ਰੋਸੇਸ ਦੇ ਨਿਰਧਾਰਤ ਕੀਤੇ ਸਮੇ ਅਨੁਸਾਰ ਪ੍ਰੋਸਸ ਨੂੰ ਪੂਰਾ ਨਹੀਂ ਕੀਤਾ ਗਿਆ ਜਿਸ ਕਾਰਨ ਸਮੂਹ ਮਿਉਂਸਪਲ ਮੁਲਾਜਮਾਂ ਵਿਚ ਭਾਰੀ ਰੋਸ ਪੈਦਾ ਹੋ ਰਿਹਾ ਹੈ। ਓਨਾ ਦਸਿਆ ਕਿ 30 ਅਕਤੂਬਰ ਨੂੰ ਨਗਰ ਕੌਂਸਲ ਜਗਰਾਓਂ ਵਿਖੇ ਸਫਾਈ ਸੇਵਕ ਯੂਨੀਅਨ ਪੰਜਾਬ ਵਲੋਂ ਜਥੇਬੰਦੀ ਦੇ ਪੰਜਾਬ ਪੱਧਰੀ ਅਹੁਦੇਦਾਰਾਂ ਦੀ ਜਨਰਲ ਮੀਟਿੰਗ ਕੀਤੀ ਜਾ ਰਹੀ ਹੈ ਜਿਸ ਵਿਚ ਸਮੂਹਿਕ ਤੌਰ 'ਤੇ ਵਿਚਾਰ ਵਟਾਂਦਰਾ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਸਥਾਨਕ ਸਰਕਾਰ ਵਿਭਾਗ ਪੰਜਾਬ ਦੇ ਵਿਰੁੱਧ ਵੱਡੇ ਤੇ ਪੰਜਾਬ ਪੱਧਰੀ ਸੰਘਰਸ਼ ਵਿੱਢਣ ਦੀ ਰੂਪਰੇਖਾ ਤਿਆਰ ਕਰਕੇ ਐਲਾਨ ਕੀਤਾ ਜਾਵੇਗਾ।