ਸਿੱਖਿਆ ਬੋਰਡ ਗਰੀਬ ਵਿਦਿਆਰਥੀਆਂ ਦੀ ਕਰਦੇ ਲੁੱਟ-ਖਸੁੱਟ : ਫਰੰਟ
ਜੀ ਐਸ ਪੰਨੂ
ਪਟਿਆਲਾ, 28 ਅਕਤੂਬਰ 2021 - "ਗੌਰਮਿੰਟ ਏਡਿਡ ਸਕੂਲਜ਼ ਪ੍ਰੋਗਰੈਸਿਵ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਉਪਜੀਤ ਸਿੰਘ ਬਰਾੜ , ਸੰਗਠਨ ਸਕੱਤਰ ਨੋਤ ਸਿੰਘ ਧਾਲੀਵਾਲ, ਗਗਨਦੀਪ ਸਿੰਘ, ਪ੍ਰਿੰਸੀਪਲ ਕੇ .ਕੇ . ਸ਼ਰਮਾਂ , ਪ੍ਰਿੰਸੀਪਲ ਪ੍ਰਦੀਪ ਸਰੀਨ ਸ੍ਰੀ ਅੰਮ੍ਰਿਤਸਰ ਸਾਹਿਬ ,ਗਗਨਦੀਪ ਸਿੰਘ, ਜਸਵਿੰਦਰ ਸਿੰਘ ਰੰਧਾਵਾ , ਪ੍ਰਿੰਸੀਪਲ ਅੰਜੂ ਕੌੜਾ,ਮਲਕੀਤ ਸਿੰਘ ਫਤਿਹਗੜ੍ਹ ਸਾਹਿਬ, ਪ੍ਰਿੰਸੀਪਲ ਜਸਬੀਰ ਕੌਰ ਨੰਗਲ, ਆਸਾ ਸਿੰਘ ਅਤੇ ਪ੍ਰੇਮ ਸ਼ਰਮਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦਿਆਂ ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਫੀਸਾਂ ਦੇ ਬਹਾਨੇ ਗਰੀਬ ਵਿਦਿਆਰਥੀਆਂ ਦੀ ਲੁੱਟ-ਖਸੁੱਟ ਦੀ ਨਿਖੇਦੀ ਕੀਤੀ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆਂ ਪ੍ਰੈੱਸ ਸਕੱਤਰ ਗੁਰਦੀਸ਼ ਸਿੰਘ ਨੇ ਦੱਸਿਆ ਕਿ ਫਰੰਟ ਆਗੂਆਂ ਨੇ ਕਿਹਾ ਬੋਰਡ ਦੁਆਰਾ ਪਿਛਲੇ ਦੋ ਸਾਲਾਂ ਦੌਰਾਨ ਜਦੋਂ ਕਿ ਮਹਾਂ ਮਾਰੀ ਕਾਰਨ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਸਨ ਤਾਂ ਵੀ ਬੋਰਡ ਦੁਆਰਾ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਬੋਰਡ ਦੇ ਪੇਪਰਾਂ ਦੇ ਨਾਂਮ ਤੇ ਫੀਸਾਂ ਉਗਰਾਹੀਆਂ ਗਈਆਂ ਪ੍ਰੰਤੂ ਸਭ ਜਾਣਦੇ ਹਨ ਕਿ ਬਿਨਾਂ ਇਮਤਿਹਾਨ ਲਏ ਵਿਦਿਆਰਥੀਆਂ ਨੂੰ ਅਗਲੀਆਂ ਜਮਾਤਾਂ"ਚ ਪਰਮੋਟ ਕਰ ਦਿੱਤਾ ਗਿਆ,ਬੇਰਡ ਦੁਆਰਾ ਪਹਿਲਾਂ ਵਾਂਗ ਹੋਣ ਵਾਲਾ ਖਰਚਾ ਨਾ ਹੋਇਆ ਤਾਂ ਇਸ ਲਈ ਹੁਣ ਜਥੇਬੰਦੀ ਸਰਕਾਰ ਨੂੰ ਅਤੇ ਬੋਰਡ ਪ੍ਰਸਾਸ਼ਨ ਨੂੰ ਪੁੱਛਣਾਂ ਚਾਹੁੰਦੀ ਹੈ ਕਿ ਗਰੀਬ ਲੋਕਾਂ ਤੋਂ ਇਕੱਠੀ ਕੀਤੀ ਰਕਮ ਕਿੱਥੇ ਗਈ ਅਤੇ ਇਸ ਦੇ ਹਿਸਾਬ ਦਾ ਵਾਈਟ ਪੇਪਰ ਜਨਤਕ ਕੀਤਾ ਜਾਵੇ ।
ਹੁਣ ਫੇਰ ਇਸ ਵਾਰੀ ਫੀਸਾਂ ਉਗਰਾਹੀਆਂ ਜਾ ਰਹੀਆਂ ਹਨ । ਫਰੰਟ ਪੰਜਾਬ ਸਰਕਾਰ ਅਤੇ ਬੋਰਡ ਤੋਂ ਮੰਗ ਕਰਦਾ ਹੈ ਕਿ ਇਸ ਵਾਰ ਬੋਰਡ ਪੇਪਰਾਂ ਦੀਆਂ ਫੀਸਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਵਿਦਿਆਰਥੀਆਂ ਤੋਂ ਨਾ ਲਈਆਂ ਜਾਣ ਜਾਂ ਫੀਸਾਂ ਬਹੁਤ ਘੱਟ ਕਰਦਿਆਂ ਫੀਸਾਂ ਭਰਾਉਣ ਲਈ ਹੋਰ ਸਮਾਂ ਦਿੱਤਾ ਜਾਵੇ ਤਾਂ ਜੋ ਪਹਿਲਾਂ ਹੀ ਆਰਥਿਕ ਮੰਦੀ ਅਤੇ ਮਹਿੰਗਾਈ ਦਾ ਬੋਝ ਝੱਲ ਰਹੀ ਜਨਤਾ ਨੂੰ ਹੋਰ ਬੋਝ ਨਾ ਝੱਲਣਾਂ ਪਵੇ । ਇਸ ਬਾਰੇ ਅਗਰ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਤੁਰੰਤ ਕੋਈ ਠੋਸ ਕਦਮ ਨਾ ਚੁੱਕੇ ਗਏ ਤਾਂ ਜਥੇਬੰਦੀ ਦੁਆਰਾ ਬੋਰਡ ਮੁੱਖ ਦਫ਼ਤਰ ਮੁਹਾਲੀ ਦੇ ਸਾਹਮਣੇਂ ਰੋਸ਼ ਪ੍ਰਦਰਸ਼ਨ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੀ ਪੂਰੀ ਜ਼ਿੰਮੇਵਾਰੀ ਬੋਰਡ ਅਤੇ ਸਰਕਾਰ ਦੀ ਹੋਵੇਗੀ ।