ਸੰਗਤ ਨਾਲ ਭਰਿਆ ਛੋਟਾ ਹਾਥੀ ਟੈਂਪੂ ਬੇਕਾਬੂ ਹੋ ਪਲਟਿਆ, ਡਰਾਈਵਰ ਦੀ ਮੌਤ, 11 ਹੋਰ ਜ਼ਖ਼ਮੀ
ਬਲਵਿੰਦਰ ਸਿੰਘ ਧਾਲੀਵਾਲ
- ਗੰਭੀਰ ਮਰੀਜ਼ ਕਪੂਰਥਲਾ ਲਈ ਕੀਤੇ ਰੈਫਰ
ਸੁਲਤਾਨਪੁਰ ਲੋਧੀ 14 ਨਵੰਬਰ 2021 ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇ ਗੁਰਪੁਰਬ ਮੌਕੇ ਪੈਦਲ ਨਗਰ ਕੀਰਤਨ ਨਾਲ ਸੰਗਤਾਂ ਦਾ ਭਰਿਆ ਛੋਟਾ ਹਾਥੀ ਟੈਂਪੂ ਵਾਪਸੀ ਸਮੇਂ ਸੁਲਤਾਨਪੁਰ ਲੋਧੀ ਤਲਵੰਡੀ ਚੌਧਰੀਆਂ ਰੋਡ ਤੇ ਅਕਾਲ ਅਕੈਡਮੀ ਦੇ ਨਜ਼ਦੀਕ ਬੇਕਾਬੂ ਹੋ ਕੇ ਖੰਭੇ ਚ ਵੱਜ ਕੇ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਟੈਂਪੂ ਚ ਸਵਾਰ 11 ਹੋਰ ਬੱਚੇ, ਮਹਿਲਾਵਾਂ, ਬਜ਼ੁਰਗ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਲਿਆਂਦਾ ਗਿਆ ਜਿਨ੍ਹਾਂ ਵਿੱਚੋਂ 3 ਦੀ ਹਾਲਤ ਗੰਭੀਰ ਹੋਣ ਤੇ ਉਸ ਵੇਲੇ ਹੀ ਕਪੂਰਥਲਾ ਲਈ ਰੈਫਰ ਕਰ ਦਿੱਤਾ ਗਿਆ ਅਤੇ ਬਾਕੀ ਕੁਝ ਨੂੰ ਮੈਡੀਕਲ ਫਸਟਏਡ ਦੇ ਕੇ ਵਾਪਸ ਭੇਜ ਦਿੱਤਾ ਤੇ ਇਕ ਔਰਤ ਤੇ ਇਕ ਬਜ਼ੁਰਗ ਸਿਵਲ ਹਸਪਤਾਲ ਜ਼ੇਰੇ ਇਲਾਜ ਹਨ।
ਹਾਦਸੇ ਦੀ ਖ਼ਬਰ ਮਿਲਦਿਆਂ ਹੀ ਥਾਣਾ ਸੁਲਤਾਨਪੁਰ ਲੋਧੀ ਦੇ ਐਸ ਐਚ ਓ ਹਰਜੀਤ ਸਿੰਘ ਮੌਕੇ ਤੇ ਪੁੱਜੇ ਅਤੇ ਉਨ੍ਹਾਂ ਨੇ ਤੁਰੰਤ ਜਖਮੀਆਂ ਨੂੰ ਸਿਵਲ ਹਸਪਤਾਲ ਪੁਚਾਉਣ ਦਾ ਪ੍ਰਬੰਧ ਕੀਤਾ ਅਤੇ ਦੱਸਿਆ ਕਿ ਅੰਮ੍ਰਿਤਸਰ ਚੁੰਗੀ ਦੇ ਨੇੜਲੇ ਪਿੰਡ ਕਪੂਰਥਲਾ ਦੇ ਰਹਿਣ ਵਾਲੀਆਂ ਸੰਗਤਾਂ ਦਾ ਜਥਾ ਇਕ ਛੋਟੇ ਹਾਥੀ ਟੈਂਪੂ ਨੰਬਰ ਪੀ ਬੀ 0 8 ਈ ਕਿਊ 8932 ਰਾਹੀਂ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕ ਕੇ ਵਾਪਸ ਵਾਇਆ ਫੱਤੂ ਢੀਂਗਾ ਕਪੂਰਥਲਾ ਨੂੰ ਜਾ ਰਹੇ ਸਨ ਤਾਂ ਸੁਲਤਾਨਪੁਰ ਲੋਧੀ ਤਲਵੰਡੀ ਰੋਡ ਤੇ ਅਕਾਲ ਅਕੈਡਮੀ ਸਕੂਲ ਦੇ ਸਾਹਮਣੇ ਕਿਸੇ ਨੂੰ ਬਚਾਉਣ ਵਾਸਤੇ ਓਵਰਟੇਕ ਟੈਂਪੂ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਜ਼ੋਰਦਾਰ ਟੱਕਰ ਮਾਰੀ। ਟੱਕਰ ਇੰਨੀ ਕੁ ਜ਼ਬਰਦਸਤ ਸੀ ਕਿ ਟੈਂਪੂ ਪਲਟ ਗਿਆ ਅਤੇ ਉਸ ਵਿਚ ਸਵਾਰ ਸੰਗਤਾਂ ਨੇ ਚੀਕਾਂ ਮਾਰ ਦਿੱਤੀਆਂ ਘਟਨਾ ਦੀ ਸਭ ਤੋਂ ਪਹਿਲਾਂ ਖਬਰ ਜ਼ਖ਼ਮੀਆਂ ਵਿੱਚੋਂ ਇੱਕ ਵਿਅਕਤੀ ਨੇ ਐੱਸਜੀਪੀਸੀ ਮੈਂਬਰ ਜਥੇਦਾਰ ਜਰਨੈਲ ਸਿੰਘ ਡੋਗਰਾਵਾਲ ਨੂੰ ਦੱਸੀ ਜੋ ਤੁਰੰਤ ਆਪਣੇ ਨਾਲ ਜਥੇ. ਗੁਰਦਿਆਲ ਸਿੰਘ ਖ਼ਾਲਸਾ ਨਾਲ ਗੁਰਦੁਆਰਾ ਬੇਰ ਸਾਹਿਬ ਤੋਂ ਤੁਰੰਤ ਸਿਵਲ ਹਸਪਤਾਲ ਪਹੁੰਚੇ ਤੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ ਅਤੇ ਉਨ੍ਹਾਂ ਨੂੰ ਤੁਰੰਤ ਮੈਡੀਕਲ ਸੁਵਿਧਾ ਉਪਲੱਬਧ ਕਰਵਾਈ।
ਘਟਨਾ ਦੀ ਖ਼ਬਰ ਮਿਲਦਿਆਂ ਐਸ ਐਮ ਓ ਰਵਿੰਦਰ ਸ਼ੁਭ ਸਮੇਤ ਸਮੂਹ ਡਾਕਟਰਾਂ ਦੀ ਟੀਮ ਐਮਰਜੈਂਸੀ ਵਿਚ ਤੁਰੰਤ ਸਿਵਲ ਹਸਪਤਾਲ ਪੁੱਜੀ ਅਤੇ ਜ਼ਖ਼ਮੀਆਂ ਦੇ ਇਲਾਜ ਦਾ ਖ਼ੁਦ ਜਾਇਜ਼ਾ ਲਿਆ। ਇਸ ਸਬੰਧੀ ਐਸ ਐਚ ਓ ਹਰਜੀਤ ਸਿੰਘ ਨੇ ਦੱਸਿਆ ਕਿ ਛੋਟੇ ਹਾਥੀ ਜਿਸ ਨੂੰ ਡਰਾਈਵਰ ਮਲਕੀਤ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਕਪੂਰਥਲਾ ਚਲਾ ਰਿਹਾ ਸੀ ਜਿਸ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਤੇ ਬਾਕੀ ਜ਼ਖ਼ਮੀਆਂ ਵਿੱਚ ਜਸਮੀਤ ਕੌਰ ਪਤਨੀ ਕਮਲਜੀਤ ਸਿੰਘ, ਦਵਿੰਦਰ ਕੌਰ ਪਤਨੀ ਸੁਰਜੀਤ ਸਿੰਘ, ਕੀਰਤ ਸਿੰਘ ਪੁੱਤਰ ਕਰਮਜੀਤ ਸਿੰਘ, ਰਜਵੰਤ ਕੌਰ ਪਤਨੀ ਮਲਕੀਤ ਸਿੰਘ, ਦਰਸ਼ਨ ਸਿੰਘ, ਜਗੀਰ ਸਿੰਘ ਪੁੱਤਰ ਸੁਰਜਨ ਸਿੰਘ ਵਾਸੀ ਖਾਲੂ ਨਜ਼ਦੀਕ ਆਰਸੀਐਫ, ਗੁਰਪ੍ਰੀਤ ਸਿੰਘ ਪੁੱਤਰ ਮਲਕੀਤ ਸਿੰਘ, ਸੁਖਵਿੰਦਰ ਕੌਰ ਪਤਨੀ ਜਸਪਾਲ ਸਿੰਘ, ਜਸਵੰਤ ਕੌਰ ਪਤਨੀ ਸਵਰਨ ਸਿੰਘ ਬਾਕੀ ਸਾਰੇ ਵਾਸੀ ਅੰਮ੍ਰਿਤਸਰ ਚੁੰਗੀ ਕਪੂਰਥਲਾ ਦੇ ਰਹਿਣ ਵਾਲੇ ਹਨ। ਐਸ ਐਮ ਓ ਰਵਿੰਦਰ ਸ਼ੁਭ ਨੇ ਦੱਸਿਆ ਕਿ ਕੁਝ ਮਰੀਜ਼ਾਂ ਦੇ ਸਿਰ ਤੇ ਗੰਭੀਰ ਸੱਟਾਂ ਜਾਂ ਹੋਰ ਸੀਰੀਅਸ ਉਨ੍ਹਾਂ ਨੂੰ ਰੈਫ਼ਰ ਕਰ ਦਿੱਤਾ ਗਿਆ ਹੈ।
ਵਿਧਾਇਕ ਚੀਮਾ ਨੇ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ - -
ਦੁਰਘਟਨਾ ਦੀ ਖ਼ਬਰ ਮਿਲਦਿਆਂ ਵਿਧਾਇਕ ਚੀਮਾ ਵੀ ਤੁਰੰਤ ਸਿਵਲ ਹਸਪਤਾਲ ਪੁੱਜੇ ਅਤੇ ਉਨ੍ਹਾਂ ਜ਼ਖ਼ਮੀਆਂ ਦਾ ਹਾਲ ਚਾਲ ਪੁੱਛਿਆ। ਉਨ੍ਹਾਂ ਐੱਸਐੱਮਓ ਡਾ ਸ਼ੁੱਭ ਤੋਂ ਸਾਰੀ ਜਾਣਕਾਰੀ ਪ੍ਰਾਪਤ ਕੀਤੀ ਅਤੇ ਕਿਹਾ ਕਿ ਹਰੇਕ ਜ਼ਖ਼ਮੀ ਵਿਅਕਤੀ ਦਾ ਫਰੀ ਇਲਾਜ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਣੀ ਚਾਹੀਦੀ। ਉਨ੍ਹਾਂ ਦੱਸਿਆ ਕਿ ਜਿਹੜੇ ਮਰੀਜ਼ ਗੰਭੀਰ ਸਨ ਉਨ੍ਹਾਂ ਚੋਂ ਕੁਝ ਦੇ ਪਰਿਵਾਰਕ ਮੈਂਬਰ ਆਪਣੀ ਮਰਜ਼ੀ ਨਾਲ ਕਪੂਰਥਲਾ ਲੈ ਕੇ ਗਏ ਹਨ ਅਤੇ ਕੁਝ ਦਾ ਇਲਾਜ ਚੱਲ ਰਿਹਾ ਹੈ। ਡਰਾਈਵਰ ਦੀ ਮੌਤ ਤੋਂ ਇਲਾਵਾ ਬਾਕੀ ਸਾਰੇ ਠੀਕ ਹਨ।