ਕਿਸਾਨਾਂ ਜੱਥੇਬੰਦੀਆਂ ਨੇ ਜੈਤੋ ’ਚ ਡਿਪਟੀ ਮੁੱਖ ਮੰਤਰੀ ਸੋਨੀ ਦੀ ਦੌੜ ਲੁਆਈ
ਅਸ਼ੋਕ ਵਰਮਾ
ਜੈਤੋ,14ਨਵੰਬਰ 2021: ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੀਆਂ ਕਿਸਾਨ ਜੱਥੇਬੰਦੀਆਂ ਨੇ ਜੈਤੋ ਦੇ ਦੌਰੇ ਤੇ ਆਏ ਡਿਪਟੀ ਮੁੱਖ ਮੰਤਰੀ ਓ ਪੀ ਸੋਨੀ ਦੀ ਚੰਗੀ ਦੌੜ ਲੁਆਈ ਜਿਸ ਕਰਕੇ ਕਾਂਗਰਸੀ ਲੀਡਰਸ਼ਿਪ ਨੂੰ ਕਈ ਪ੍ਰੋਗਰਾਮ ਰੱਦ ਕਰਨੇ ਪਏ। ਇਸ ਮੌਕੇ ਦੋਵੇਂ ਧਿਰਾਂ ਇੱਕ ਦੂਸਰੇ ਨੂੰ ਝਕਾਨੀ ਦਿੰਦੀਆਂ ਰਹੀਆਂ ਪਰ ਸਮੁੱਚੇ ਤੌਰ ਤੇ ਡਿਪਟੀ ਮੁੱਖ ਮੰਤਰੀ ਓ.ਪੀ. ਸੋਨੀ ਦੀ ਜੈਤੋ ਫੇਰੀ ’ਤੇ ਪਾਣੀ ਫੇਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਸ੍ਰੀ ਸੋਨੀ ਦਾ ਨਹਿਰੂ ਦੀ ਯਾਦਗਾਰ ਦੇ ਦਰਸ਼ਨਾਂ ਮਗਰੋਂ ਕਮਿਊਨਟੀ ਹੈਲਥ ਸੈਂਟਰ ਜਾਣ ਦਾ ਪ੍ਰੋਗਰਾਮ ਸੀ। ਰਸਤੇ ਅਤੇ ਸੈਂਟਰ ਦੇ ਗੇਟਾਂ ’ਤੇ ਵਿਰੋਧ ਲਈ ਡਟੇ ਕਿਸਾਨਾਂ ਕਾਰਣ ਸਮਾਗਮ ਨੂੰ ਰੱਦ ਕਰਕੇ ਉਹ ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ ਦੇ ਘਰ ਪੁੱਜੇ।
ਇਸ ਤੋਂ ਬਾਅਦ ਲਾਇਨਜ਼ ਆਈ ਕੇਅਰ ਸੈਂਟਰ ’ਚ ਚੰਦ ਮਿੰਟ ਰੁਕਣ ਬਾਅਦ ਇਕ ਰਾਈਸ ਮਿੱਲ ’ਤੇ ਕੁਝ ਸਮਾਂ ਰੁਕੇ ਅਤੇ ਵਾਪਿਸ ਚਲੇ ਗਏ। ਸ੍ਰੀ ਸੋਨੀ ਨੇ ਇਕ ਨਿੱਜੀ ਸਕੂਲ ਦੇ ਸਮਾਗਮ ਵਿਚ ਵੀ ਸ਼ਰੀਕ ਹੋਣਾ ਸੀ ਪਰ ਕਿਸਾਨਾਂ ਵੱਲੋਂ ਸਕੂਲ ਦੇ ਦੋਵਾਂ ਦਰਵਾਜ਼ਿਆਂ ’ਤੇ ਧਰਨੇ ਲਾਏ ਜਾਣ ਕਰਕੇ ਇਹ ਪ੍ਰੋਗਰਾਮ ਵੀ ਉਨ੍ਹਾਂ ਨੂੰ ਰੱਦ ਕਰਨਾ ਪਿਆ। ਤੈਅ ਕੀਤੇ ਸਮਾਗਮਾਂ ਨੂੰ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਪਲੋਸਣ ਦੀਆਂ ਕੀਤੀਆਂ ਗਈਆਂ ਕੋਸ਼ਿਸ਼ਾਂ ਸਿਰੇ ਨਾ ਚੜ੍ਹ ਸਕੀਆਂ। ਇਸ ਦੌਰਾਨ ਅੱਕੇ ਕਿਸਾਨਾਂ ਨੇ ਬਾਜ਼ਾਰਾਂ ਅਤੇ ਸਮਾਗਮ ਵਾਲੀਆਂ ਥਾਵਾਂ ਲਾਏ ਗਏ ਵੱਡੇ ਵੱਡੇ ਹੋਰਡਿੰਗਾਂ ਦੀ ਭੰਨ ਤੋੜ ਕੀਤੀ। ਸੋਨੀ ਦੀ ਆਓ ਭਗਤ ਲਈ ਹਸਪਤਾਲ ’ਚ ਰੱਖੇ ਸਮਾਗਮ ਦਾ ਖ਼ਰਚਾ ਅਜਾਂਈਂ ਗਿਆ ਜਦ ਕਿ ਸਕੂਲੀ ਸਮਾਗਮ ਉਨ੍ਹਾਂ ਦੀ ਗ਼ੈਰਹਾਜ਼ਰੀ ’ਚ ਕਰਨੇ ਪਏ।
ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੋਨੀ ਦੀ ਮੁਖ਼ਾਲਿਫ਼ਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਿਆਸੀ ਪਾਰਟੀਆਂ ਦੇ ਵਿਰੋਧ ਦੇ ਸੱਦੇ ਤਹਿਤ ਕੀਤੀ ਗਈ। ਇਸ ਮੌਕੇ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਪੰਜਾਬ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਪਵਨ ਗੋਇਲ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ, ਬਲਵਿੰਦਰ ਸਿੰਘ ਲਵਲੀ ਭੱਟੀ, ਸੱਤ ਪਾਲ ਡੋਡ, ਮਨਪ੍ਰੀਤ ਸੇਖੋਂ, ਨਗਰ ਕੌਂਸਲ ਪ੍ਰਧਾਨ ਸੁਰਜੀਤ ਸਿੰਘ ਬਾਬਾ, ਮੀਤ ਪ੍ਰਧਾਨ ਜੀਤੂ ਬਾਂਸਲ, ਆਜ਼ਾਦੀ ਘੁਲਾਟੀਆਂ ਦੇ ਉੱਤਰਾਧਿਕਾਰੀ ਰਾਮ ਰਾਜ ਸੇਵਕ, ਮਾਰਕੀਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਟਰੱਕ ਅਪ੍ਰੇਟਰ ਯੂਨੀਅਨ ਜੈਤੋ ਦੇ ਪ੍ਰਧਾਨ ਰਾਜਦੀਪ ਔਲਖ ਆਦਿ ਹਾਜ਼ਰ ਸਨ।