ਗੁਰਪੁਰਬ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਬੱਸ ਸਟੈਂਡ ਆਰਜ਼ੀ ਤੌਰ ’ਤੇ ਦਾਣਾ ਮੰਡੀ ਵਿਖੇ ਤਬਦੀਲ
ਸੰਗਤ ਦੀ ਸਹੂਲਤ ਲਈ 7 ਪਾਰਕਿੰਗ ਸਥਾਨਾਂ ਦੀ ਵਿਵਸਥਾ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ, 16 ਨਵੰਬਰ 2021-ਸੁਲਤਾਨਪੁਰ ਲੋਧੀ ਵਿਖੇ ਸ੍ਰੀ ਗੁਰੂ ਨਾਨਕ ਦੇੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਸੰਗਤ ਦੀ ਸਹੂਲਤ ਦੇ ਮੱਦੇਨਜ਼ਰ ਸੁਲਤਾਨਪੁਰ ਲੋਧੀ ਵਿਖੇ ਸਥਾਈ ਬੱਸ ਸਟੈਂਡ ਦੀ ਥਾਂ ਦਾਣਾ ਮੰਡੀ ਵਿਖੇ ਆਰਜ਼ੀ ਬੱਸ ਸਟੈਂਡ ਬਣਾਇਆ ਗਿਆ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਲੋਂ ਜਿਲ੍ਹਾ ਪ੍ਰਸ਼ਾਸ਼ਨ ਦੀਆਂ ਹਦਾਇਤਾਂ ’ਤੇ ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਹਨ। 16 ਨਵੰਬਰ ਤੋਂ 19 ਨਵੰਬਰ ਤੱਕ ਸਾਰੀ ਬੱਸ ਸਰਵਿਸ ਦਾਣਾ ਮੰਡੀ ਸੁਲਤਾਨਪੁਰ ਲੋਧੀ ਤੋਂ ਚੱਲੇਗੀ ਅਤੇ ਰੁਕੇਗੀ।
ਇਸ ਤੋਂ ਇਲਾਵਾ ਗੁਰਪੁਰਬ ਮੌਕੇ ਸੰਗਤ ਦੀ ਸਹੂਲਤ ਲਈ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਐਸ ਪੀ ਆਂਗਰਾ ਵਲੋਂ ਅੱਜ ਨੋਡਲ ਅਫਸਰ ਕਮ ਐਸ.ਡੀ.ਐਮ. ਰਣਜੀਤ ਸਿੰਘ, ਐਸ.ਪੀ. ਜਸਬੀਰ ਸਿੰਘ ਤੇ ਹੋਰਨਾਂ ਅਧਿਕਾਰੀਆਂ ਨਾਲ ਮੀਟਿੰਗ ਵੀ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਸੁਲਤਾਨਪੁਰ ਲੋਧੀ ਵਿਖੇ ਸਾਫ ਸਫਾਈ ਦੇ ਪ੍ਰਬੰਧਾਂ ਲਈ ਨਗਰ ਨਿਗਮ ਕਪੂਰਥਲਾ ਤੇ ਫਗਵਾੜਾ ਤੋਂ 50 ਤੋਂ ਜਿਆਦਾ ਸਫਾਈ ਸੇਫਰ ਸੁਲਤਾਨਪੁਰ ਲੋਧੀ ਭੇਜੇ ਗਏ ਹਨ। ਇਸ ਤੋਂ ਇਲਾਵਾ ਪਾਵਰਕਾਮ ਨੂੰ ਸਾਰੇ ਖੰਭਿਆਂ , ਤਾਰਾਂ ਤੇ ਟਰਾਂਸਫਾਰਮਰਾਂ ਦੀ ਜਾਂਚ ਕਰਨ ਤੋਂ ਇਲਾਵਾ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਬਿਜਲੀ ਦੀ ਕੋਈ ਵੀ ਤਾਰ ਅਣਸੁਰੱਖਿਅਤ ਨਾ ਹੋਵੇ।
ਇਸ ਤੋਂ ਇਲਾਵਾ ਸਾਰੀਆਂ ਪਾਰਕਿੰਗ ਉੱਪਰ ਜਨਤਕ ਪਖਾਨਿਆਂ ਤੇ ਰਿਕਵਰੀ ਵੈਨਾਂ ਦੀ ਵਿਵਸਥਾ ਕੀਤੀ ਜਾ ਰਹੀ ਹੈ। ਸਿਹਤ ਵਿਭਾਗ ਨੂੰ ਮੈਡੀਕਲ ਟੀਮਾਂ ਦੀ ਤਾਇਨਾਤੀ ਦੇ ਨਾਲ-ਨਾਲ ਐਂਬੂਲੈਂਸ ਵੀ ਤਾਇਨਾਤ ਕਰਨ ਦੇ ਹੁਕਮ ਦਿੱਤੇ ਗਏ ਹਨ।
ਇਸ ਮੌਕੇ ਐਸ.ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਸੁਚਾਰੂ ਆਵਾਜਾਈ ਲਈ 7 ਪਾਰਕਿੰਗ ਬਣਾਈਆਂ ਗਈਆਂ ਹਨ। ਦਾਣਾ ਮੰਜੀ ਵਾਲੀ ਪਾਰਕਿੰਗ ਤੋਂ ਅੱਗੇ ਕੋਈ ਵੀ ਭਾਰੀ ਵਾਹਨ ਨਹੀਂ ਜਾ ਸਕੇਗਾ। ਤਲਵੰਡੀ ਚੌਧਰੀਆਂ ਵਾਲੇ ਪਾਸੇ ਤੋਂ ਆਉਣ ਵਾਲੀ ਸੰਗਤ ਲਈ ਪਾਰਕਿੰਗ ਪੁੱਡਾ ਕਾਲੋਨੀ ਸਾਹਮਣੇ ਜੱਜ ਗੈਸ ਏਜੰਸੀ ਵਿਖੇ ਹੈ ਜਦਕਿ ਲੋਹੀਆਂ ਚੁੰਗੀ ਵਿਖੇ ਬਾਗ ਵਾਲੀ ਥਾਂ ਨੇੜੇ ਲੋਹੀਆਂ ਤੇ ਡੱਲਾ ਤੋਂ ਆਉਣ ਵਾਲੀ ਸੰਗਤ ਲਈ ਪਾਰਕਿੰਗ ਹੋਵੇਗੀ। ਸੀਵਰੇਜ਼ ਪਲਾਾਂਟ ਨੇੜੇ ਸੱਦੂਵਾਲ ਰੋਡ ਵਿਖੇ ਪਾਰਕਿੰਗ ਹੈ ਜੋ ਕਿ ਬੂਸੋਵਾਲ ਤੇ ਜੱਬੋਵਾਲ ਵਲੋਂ ਆਉਣ ਵਾਲੇ ਭਾਰੀ ਵਾਹਨਾਂ ਲਈ , ਨਨਕਾਣਾ ਸਾਹਿਬ ਖਾਲਸਾ ਸਕੂਲ ਦੀ ਗਰਾਊਂਡ ਨੇੜੇ ਬੇਬੇ ਨਾਨਕੀ ਚੌਂਕ ਜੋ ਕਿ ਸੱਦੂਵਾਲ ਸਾਈਡ ਤੋਂ ਆਉਣ ਵਾਲੇ ਦੁਪਹੀਆ ਵਾਹਨਾਂ ਲਈ, ਨੇੜੇ ਨਾਲਾ ਪੁਲੀ, ਪਿੰਡ ਬੂਸੋਵਾਲ ਰੋਡ ਸੁਲਤਾਨਪੁਰ ਲੋਧੀ ਭਾਰੀ ਵਾਹਨ ਪਾਰਕਿੰਗ ਲਈ ਅਤੇ ਸਰਕਾਰੀ ਹਾਈ ਸਕੂਲ (ਲੜਕੇ) ਦੀ ਗਰਾਊਂਡ (ਸਿਰਫ ਸਕੂਟਰ, ਮੋਟਰਸਾਈਕਲ , ਅਪੰਗ ਜਾਂ ਬਜ਼ੁਰਗ ਵਿਅਕਤੀਆਂ ਦੇ ਵਹੀਕਲਾਂ ਲਈ ਹੋਵੇਗੀ।