ਮਰਨ ਵਰਤ 'ਤੇ ਬੈਠੇ ਮ੍ਰਿਤਕ ਆਸ਼ਰਿਤਾਂ ਨੂੰ ਸਿੱਧੂ ਨੇ ਪਿਆਇਆ ਜੂਸ, ਦਿੱਤਾ ਭਰੋਸਾ
ਜਗਤਾਰ ਸਿੰਘ
- ਮੰਗਾਂ ਪੂਰੀਆਂ ਹੋਣ ਤਕ ਪਾਵਰਕਾਮ ਦੀ 7ਵੀਂ ਮੰਜ਼ਿਲ 'ਤੇ ਬੈਠੇ ਰਹਿਣਗੇ ਵਾਰਿਸ
ਪਟਿਆਲਾ 16 ਨਵੰਬਰ 2021 : ਨੌਕਰੀ ਦੀ ਮੰਗ ਲਈ ਪਿਛਲੇ ਦੋ ਮਹੀਨਿਆਂ ਤੋਂ ਪਾਵਰਕਾਮ ਦਫ਼ਤਰ ਦੀ ਸੱਤਵੀਂ ਮੰਜ਼ਿਲ ਦੀ ਛੱਤ 'ਤੇ ਪੰਜ ਦਿਨਾਂ ਤੋਂ ਮਰਨ ਵਰਤ 'ਤੇ ਬੈਠੇ ਮਿ੍ਤਕ ਆਸ਼ਰਿਤਾਂ ਨੂੰ ਤੜਕਸਾਰ 7 ਵਜੇ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਮਿਲਣ ਲਈ ਪੁੱਜੇ। ਇਸ ਮੌਕੇ ਪ੍ਰਧਾਨ ਸਿੱਧੂ ਨੇ ਆਸ਼ਰਿਤਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀਆਂ ਮੰਗਾਂ ਲਿਖ਼ਤ ਰੂਪ ਵਿਚ ਦੇਣ ਉਹ ਸਰਕਾਰ ਤੋਂ ਜਲਦ ਤੋਂ ਜਲਦ ਮੰਗਾਂ ਲਾਗੂ ਕਰਾਉਣਗੇ। ਪ੍ਰਧਾਨ ਸਿੱਧੂ ਨੇ ਭਰੋਸਾ ਦਿੰਦਿਆਂ ਮਿ੍ਤਕ ਆਸ਼ਰਿਤਾਂ ਨੂੰ ਜੂਸ ਪਿਆ ਕੇ ਮਰਨ ਵਰਤ ਸਮਾਪਤ ਕਰਵਾਇਆ। ਇਸ ਉਪਰੰਤ ਮਿ੍ਤਕ ਮੁਲਾਜ਼ਮਾਂ ਦੇ ਵਾਰਿਸਾਂ ਨੇ ਕਿਹਾ ਭਾਵੇ ਉਨਾਂ੍ਹ ਵੱਲੋਂ ਮਰਨ ਵਰਤ ਸਮਾਪਤ ਕਰ ਦਿੱਤਾ ਹੈ ਪਰ ਜਦ ਤਕ ਉਨਾਂ੍ਹ ਨੂੰ ਲਿਖ਼ਤ ਰੂਪ 'ਚ ਨੌਕਰੀਆਂ ਦੇ ਨਿਯੁਕਤੀ ਪੱਤਰ ਨਹੀਂ ਮਿਲ ਜਾਂਦੇ, ਉਹ ਤਿੰਨੋਂ ਗੇਟਾਂ ਅੱਗਿਓ ਆਪਣਾ ਧਰਨਾ ਨਹੀਂ ਖਤਮ ਕਰਨਗੇ।
ਪ੍ਰਧਾਨ ਚਰਨਜੀਤ ਸਿੰਘ ਦਿਓਣ ਨੇ ਦੱਸਿਆ ਪਾਵਰਕਾਮ ਵੱਲੋਂ 2004 ਤੋਂ ਮਿ੍ਤਕ ਮੁਲਾਜ਼ਮਾਂ ਦੇ ਵਾਰਿਸਾਂ ਨੂੰ ਨੌਕਰੀ ਦੇਣ ਦੀ ਪਾਲਿਸੀ ਰੱਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਵੱਡੀ ਗਿਣਤੀ 'ਚ ਸੇਵਾਵਾਂ ਨਿਭਾਉਂਦਿਆਂ ਮੁਲਾਜ਼ਮ ਫ਼ੌਤ ਹੋ ਚੁੱਕੇ ਹਨ। ਉਨਾਂ੍ਹ ਦੇ ਵਾਰਿਸ ਉਸ ਦਿਨ ਤੋਂ ਹੀ ਨੌਕਰੀ ਲਈ ਪਾਵਰਕਾਮ ਤੇ ਪੰਜਾਬ ਸਰਕਾਰ ਦੇ ਮੰਤਰੀਆਂ ਤੇ ਅਧਿਕਾਰੀਆਂ ਕੋਲ ਧੱਕੇ ਖਾ ਚੁੱਕੇ ਹਨ। ਹਮੇਸ਼ਾ ਉਨਾਂ੍ਹ ਨੂੰ ਜਲਦ ਹੀ ਪਾਲਿਸੀ ਬਣਾਉਣ ਦਾ ਭਰੋਸਾ ਦੇ ਕੇ ਟਾਲ ਦਿੱਤਾ ਜਾਂਦਾ ਹੈ ਤੇ ਉਨਾਂ੍ਹ ਦੀ ਮੰਗਾਂ ਨੂੰ ਲਾਗੂ ਕਰਨ ਲਈ ਪਾਲਿਸੀ ਬਣਾਉਣ ਦੀ ਕੋਈ ਵੀ ਕਾਰਵਾਈ ਨਹੀਂ ਆਰੰਭੀ ਜਾਂਦੀ ਹੈ। ਇਸ ਕਾਰਨ ਮਿ੍ਤਕਾਂ ਦੇ ਵਾਰਿਸਾਂ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨਾਂ੍ਹ ਕਿਹਾ ਕਿ ਅੱਜ ਵੀ ਮਿ੍ਤਕ ਵਾਰਿਸਾਂ ਵੱਲੋਂ ਪਾਵਰਕਾਮ ਦਫ਼ਤਰ ਦੀ ਛੱਤ 'ਤੇ ਬੈਠਿਆਂ ਦੋ ਮਹੀਨੇ ਤੋਂ ਉਪਰ ਸਮਾਂ ਲੰਘ ਚੁੱਕਿਆ ਹੈ ਪਰ ਸਰਕਾਰ ਤੇ ਪਾਵਰਕਾਮ ਪ੍ਰਸ਼ਾਸਨ ਉਨਾਂ੍ਹ ਦੀ ਕੋਈ ਵੀ ਸੁਣਵਾਈ ਕਰਨ ਲਈ ਤਿਆਰ ਨਹੀਂ ਹੈ। ਉਨਾਂ੍ਹ ਚਿਤਾਵਨੀ ਦਿੱਤੀ ਕਿ ਜਦ ਤਕ ਉਨਾਂ੍ਹ ਦੀਆਂ ਮੰਗਾਂ ਨਹੀਂ ਲਾਗੂ ਹੁੰਦੀਆਂ ਉਹ ਧਰਨੇ 'ਤੇ ਬੈਠੇ ਰਹਿਣਗੇ।