ਪਟਿਆਲਾ ਮੀਡੀਆ ਕਲੱਬ ਨੇ ਆਰ ਟੀ ਆਈ ਐਕਟ ਬਾਰੇ ਸੈਮੀਨਾਰ ਕਰਵਾ ਕੇ ਮਨਾਇਆ ਕੌਮੀ ਪ੍ਰੈਸ ਦਿਵਸ
ਜਗਤਾਰ ਸਿੰਘ
ਪਟਿਆਲਾ, 16 ਨਵੰਬਰ 2021: ਪਟਿਆਲਾ ਮੀਡੀਆ ਕਲੱਬ (ਰਜਿ.) ਪਟਿਆਲਾ ਨੇ ਅੱਜ 'ਆਰ ਟੀ ਆਈ ਐਕਟ ਪੱਤਰਕਾਰੀ ਲਈ ਵੱਡਾ ਹਥਿਆਰ' ਵਿਸ਼ੇ 'ਤੇ ਸੈਮੀਨਾਰ ਆਯੋਜਿਤ ਕਰ ਕੇ ਕੌਮੀ ਪ੍ਰੈਸ ਦਿਵਸ ਮਨਾਇਆ। ਇਸ ਮੌਕੇ ਆਰ ਟੀ ਆਈ ਐਕਟ ਦੇ ਮਾਹਿਰ ਡੀ ਸੀ ਗੁਪਤਾ ਆਈ ਡੀ ਏ ਐਸ (ਰਿਟਾ.) ਨੇ ਕੂੰਜੀਵਤ ਭਾਸ਼ਣ ਦਿੱਤਾ ਜਦੋਂ ਕਿ ਸਮਾਗਮ ਦੀ ਪ੍ਰਧਾਨਗੀ ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਰਵੀ ਇੰਦਰ ਸਿੰਘ ਮੱਕੜ ਨੇ ਕੀਤੀ।
ਸਮਾਗਮ ਦੀ ਸ਼ੁਰੂਆਤ ਵਿਚ ਕਲੱਬ ਦੇ ਪ੍ਰਧਾਨ ਅਮਨ ਸੂਦ ਨੇ ਆਏ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਇਸ ਮੌਕੇ ਕਲੱਬ ਦੇ ਸਕੱਤਰ ਖੁਸ਼ਵੀਰ ਤੂਰ ਨੇ ਕਲੱਬ ਦੇ ਇਤਿਹਾਸਸ ਤੇ ਗਤੀਵਿਧੀਆ 'ਤੇ ਚਾਨਣਾ ਪਾਇਆ। ਕਲੱਬ ਦੇ ਪ੍ਰੈਸ ਸਕੱਤਰ ਕਰਮ ਪ੍ਰਕਾਸ਼ ਨੇ ਕੌਮੀ ਪ੍ਰੈਸ ਦਿਵਸ ਦੇ ਪਿਛੋਕੜ ਤੇ ਮਹੱਤਤਾ ਬਾਰੇ ਜਾਣਕਾਰੀ ਸਾਰਿਆਂ ਨੇ ਸਾਂਝੀ ਕੀਤੀ।
ਇਸ ਉਪਰੰਤ ਡੀ ਸੀ ਗੁਪਤਾ ਨੇ ਆਰ ਟੀ ਆਈ ਐਕਟ ਦੇ ਵੱਖ ਵੱਖ ਪਹਿਲੁਆਂ ਬਾਰੇ ਸਾਰੇ ਮੈਂਬਰਾਂ ਤੇ ਆਏ ਪਤਵੰਤਿਆਂ ਨਾਲ ਜਾਣਕਾਰੀ ਸਾਂਝੀ ਕੀਤੀ। ਉਹਨਾਂ ਦੱਸਿਆ ਕਿ ਆਰ ਟੀ ਆਈ ਐਕਟ ਨੂੰ ਕਮਜ਼ੋਰ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹਨ ਜਿਹਨਾਂ ਦਾ ਡੱਟ ਦੇ ਮੁਕਾਬਲਾ ਕਰਨਾ ਚਾਹੀਦਾ ਹੈ ਕਿਉਂਕਿ ਜੇਕਰ ਇਹ ਕਾਨੁੰਨ ਕਮਜ਼ੋਰ ਹੋ ਗਿਆ ਤਾਂ ਇਹ ਭਾਰਤੀ ਲੋਕਤੰਤਰ ਲਈ ਗੰਭੀਰ ਖ਼ਤਰਾ ਸਾਬਤ ਹੋਵੇਗਾ। ਉਹਨਾਂ ਨੇ ਐਕਟ ਦੀਆਂ ਵੱਖ ਵੱਖ ਧਾਰਾਵਾਂ ਬਾੇ ਵਿਸਥਾਰ ਵਿਚ ਜਾਣਕਾਰੀ ਦਿੱਤੀ ਤੇ ਕਿਹਾ ਕਿ ਇਹ ਕਾਨੂੰਨ ਦੇਸ਼ ਦੀ ਦੂਜੀ ਆਜ਼ਾਦੀ ਵਜੋਂ ਜਾਣਿਆ ਜਾਂਦਾ ਹੈ ਤੇ ਇਹ ਆਜ਼ਾਦੀ ਤਾਂ ਹੀ ਕਾਇਮ ਰਹਿ ਸਕਦੀ ਹੈ ਜੇਕਰ ਸਾਨੁੰ ਇਸ ਬਾਰੇ ਜਾਣਕਾਰੀ ਹੋਵੇ। ਉਹਨਾਂ ਕਿਹਾ ਕਿ ਪੱਤਰਕਾਰ ਆਰ ਟੀ ਆਈ ਐਕਟ ਤਹਿਤ ਠੋਸ ਜਾਣਕਾਰੀ ਤੇ ਸਰਕਾਰ ਵੱਲੋਂ ਪਰਦੇ ਹੇਠ ਰੱਖੇ ਤੱਥਾਂ ਦੀ ਜਾਣਕਾਰੀ ਲੈ ਸਕਦੇ ਹਨ।
ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਰਵੀ ਇੰਦਰ ਸਿੰਘ ਮੱਕੜ ਨੇ ਸਮੁੱਚੇ ਪੱਤਰਕਾਰ ਭਾਈਚਾਰੇ ਨੁੰ ਕੌਮੀ ਪ੍ਰੈਸ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਸ ਦਿਹਾੜੇ ਦੀ ਪੱਤਰਕਾਰੀ ਜਗਤ ਵਿਚ ਆਪਣੀ ਵਿਸ਼ੇਸ਼ ਮਹੱਤਤਾ ਹੈ। ਉਹਨਾਂ ਕਿਹਾ ਕਿ ਉਹਨਾਂ ਨੂੰ ਬਹੁਤ ਖੁਸ਼ੀ ਤੇ ਮਾਣ ਮਹਿਸੂਸ ਹੋਇਆ ਹੈ ਕਿ ਅੱਜ ਪਟਿਆਲਾ ਮੀਡੀਆ ਕਲੱਬ ਵੱਲੋਂ ਇਹ ਦਿਹਾੜਾ ਇਸ ਤਰੀਕੇ ਆਰ ਟੀ ਆਈ ਐਕਟ ਸਬੰਧੀ ਜਾਣਕਾਰੀ ਹਾਸਲ ਕਰ ਕੇ ਮਨਾਇਆ ਜਾ ਰਿਹਾ ਹੈ। ਉਹਨਾਂ ਪ੍ਰੋਗਰਾਮ ਦੇ ਸਫਲ ਆਯੋਜਨ ਦੀ ਪ੍ਰਬੰਧਕਾਂ ਨੁੰ ਵਧਾਈ ਵੀ ਦਿੱਤੀ।
ਇਸ ਮੌਕੇ ਆਏ ਮਹਿਮਾਨਾਂ, ਜ਼ਿਲ੍ਹਾ ਲੋਕ ਸੰਪਰਕ ਅਫਸਰ ਸਰਦਾਰ ਰਵੀ ਇੰਦਰ ਸਿੰਘ ਮੱਕੜ, ਸਹਾਇਕ ਲੋਕ ਸੰਪਰਕ ਅਫਸਰ ਹਰਦੀਪ ਸਿੰਘ ਤੇ ਜਸਤਰਨ ਸਿੰਘ, ਜੰਗਲਾਤ ਵਿਭਾਗ ਦੇ ਬੀਟ ਅਫਸਰ ਅਮਨ ਅਰੋੜਾ, ਹਰਦੀਪ ਸ਼ਰਮਾ ਤੇ ਹੋਰਨਾਂ ਨਾਲ ਰਲ ਕੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਕਲੱਬ ਵਿਚ ਬੂਟੇ ਵੀ ਲਗਾਏ ਗਏ।
ਕਲੱਬ ਦੇ ਖ਼ਜ਼ਾਨਚੀ ਨਵਦੀਪ ਢੀਂਗਰਾ, ਜੁਆਇੰਟ ਸਕੱਤਰ ਚਰਨਜੀਵ ਜੋਸ਼ੀ ਤੇ ਪਰਮਜੀਤ ਸਿੰਘ ਪਰਵਾਨਾ ਤੇ ਹੋਰਨਾਂ ਵੱਲੋਂ ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰ ਕੇ ਸਨਮਾਨਤ ਕੀਤਾ ਗਿਆ।
ਇਸ ਮੌਕੇ ਸਾਬਕਾ ਪ੍ਰਧਾਨ ਗੁਰਪ੍ਰੀਤ ਸਿੰਘ ਚੱਠਾ ਨੇ ਆਏ ਮਹਿਮਾਨਾਂ ਦਾ ਧੰਨਵਾਦ ਕੀਤਾ ਜਦੋਂ ਕਿ ਮੰਚ ਸੰਚਾਲਨ ਸਾਬਕਾ ਪ੍ਰਧਾਨ ਸਰਬਜੀਤ ਸਿੰਘ ਭੰਗੂ ਨੇ ਬਾਖੂਬੀ ਨਿਭਾਇਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਣਾ ਰਣਧੀਰ, ਗੁਰਵਿੰਦਰ ਸਿੰਘ ਔਲਖ, ਹਰਿੰਦਰ ਸ਼ਾਰਦਾ, ਗੁਲਸ਼ਨ ਕੁਮਾਰ, ਰਵਨੀਤ ਸਿੰਘ, ਮਨਦੀਪ ਖਰੋੜ, ਧਰਮਿੰਦਰ ਸਿੱਧੂ, ਵਰੁਣ ਸੈਣੀ, ਸੁੰਦਰ ਸ਼ਰਮਾ, ਹਰਮੀਤ ਸੋਢੀ, ਕਮਲ ਦੁਆ, ਅਮਰਜੀਤ ਸਿੰਘ ਸਰਤਾਜ, ਅਮਨਦੀਪ ਸਿੰਘ, ਤੇਜਿੰਦਰ ਬਾਗੀ, ਸਸ਼ਕਾਂਕ, ਰਾਮ ਸਰੂਪ ਪੰਜੋਲਾ, ਹਰਵਿੰਦਰ ਸਿੰਘ ਭਿੰਡਰ, ਪਰਦੀਪ ਸ਼ਰਮਾ, ਜਤਿੰਦਰ ਸਿੰਘ, ਅਸ਼ੋਕ ਅੱਤਰੀ, ਸੁਧੀਰ ਪੂਜਾ ਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।