ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਵੱਲੋਂ ਪਿੰਡ ਝਿਊਰਹੇੜੀ ਦੇ ਟੋਬੇ ਦੇ ਪਾਣੀ ਦੇ ਨਿਕਾਸੀ ਦੇ ਮਾਮਲੇ ਦੇ ਨਿਪਟਾਰੇ ਸਬੰਧੀ ਪਿੰਡ ਦਾ ਦੌਰਾ
ਹਰਜਿੰਦਰ ਸਿੰਘ ਭੱਟੀ
- ਸਬੰਧਤ ਵਿਭਾਗਾਂ ਨੂੰ ਬਣਦੀ ਕਾਰਵਾਈ ਅਮਲ ਵਿੱਚ ਲਿਆ ਕੇ ਰਿਪੋਰਟ ਹਫਤੇ ਦੇ ਅੰਦਰ ਕਮਿਸ਼ਨ ਅੱਗੇ ਸੌਪਣ ਦੇ ਆਦੇਸ਼
ਐਸ.ਏ.ਐਸ. ਨਗਰ, 17 ਨਵੰਬਰ 2021 - ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਮੈਂਬਰ ਪਰਮਜੀਤ ਕੌਰ ਅਤੇ ਰਾਜ ਕੁਮਾਰ ਹੰਸ ਨੇ ਅੱਜ ਚੰਡੀਗੜ੍ਹ ਏਅਰਪੋਰਟ ਨੇੜਲੇ ਮੋਹਾਲੀ ਦੇ ਪਿੰਡ ਝਿਊਰਹੇੜੀ ਪੁੱਜਕੇ ਪਿੰਡ ਦੇ ਟੋਬੇ ਦੇ ਪਾਣੀ ਦੀ ਨਿਕਾਸੀ ਦੇ ਮਾਮਲੇ ਵਿੱਚ ਸੁਣਵਾਈ ਕਰਕੇ ਮਾਮਲੇ ਸਬੰਧੀ ਬਣਦੀ ਕਾਰਵਾਈ ਕਰਨ ਲਈ ਸਬੰਧਤ ਵਿਭਾਗਾਂ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਅਤੇ ਕਾਰਵਾਈ ਦੀ ਰਿਪੋਰਟ ਐਸ.ਸੀ. ਕਮਿਸ਼ਨ ਨੂੰ ਸੌਪਣ ਦੀ ਹਦਾਇਤ ਕੀਤੀ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇਆਂ ਪੰਜਾਬ ਰਾਜ ਤੇ ਐਸ.ਸੀ. ਕਮਿਸ਼ਨ ਦੇ ਮੈਂਬਰ ਸ੍ਰੀ ਹੰਸ ਨੇ ਦੱਸਿਆ ਕਿ ਪਿੰਡ ਦੀ ਐਸ.ਈ. ਭਾਈਚਾਰੇ ਨਾਲ ਸਬੰਧਤ ਸਰਪੰਚ ਵੱਲੋਂ ਕਮਿਸ਼ਨ ਨੂੰ ਇਹ ਦਰਖਾਸਤ ਮਿਲੀ ਸੀ ਕਿ ਪਿੰਡ ਦੇ ਟੋਬੇ ਦੇ ਪਾਣੀ ਦੀ ਨਿਕਾਸੀ ਰੁਕੀ ਹੋਈ ਹੈ। ਜਿਸ ਦੇ ਕਾਰਨ ਪਿੰਡ ਵਿੱਚ ਡੇਂਗੂ ,ਡਾਈਰਿਆ ਅਤੇ ਹੋਰ ਦੂਸ਼ਿਤ ਪਾਣੀ ਨਾਲ ਸਬੰਧਤ ਬਿਮਾਰੀਆਂ ਫੈਲ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਨਿਕਾਸੀ ਦੇ ਪਾਣੀ ਦਾ ਮਾਮਲਾ ਗਮਾਡਾ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨਾਲ ਸਬੰਧਤ ਹੈ। ਉਨ੍ਹਾਂ ਮੌਕੇ ਤੇ ਜਾ ਕੇ ਜਗ੍ਹਾਂ ਦਾ ਮੁਆਇਨਾ ਕੀਤਾ ਅਤੇ ਦੱਸਿਆ ਕਿ ਇਹ ਟੋਬੇ ਦਾ ਪਾਣੀ ਸੀਚੇਵਾਲ ਮਾਡਲ ਨਾਲ ਟਰੀਟ ਹੋ ਰਿਹਾ ਹੈ, ਪਰੰਤੂ ਓਵਰਫਲੋਅ ਹੋਣ ਕਾਰਨ ਪਾਣੀ ਦੀ ਨਿਕਾਸੀ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ ਇਹ ਨਿਕਾਸੀ ਗਮਾਡਾ ਤੋਂ ਪ੍ਰਵਾਨਗੀ ਲੈਣ ਉਪਰੰਤ ਸੀਵਰੇਜ਼ ਵਿੱਚ ਸੁਟਿਆ ਜਾਣਾ ਹੈਂ। ਇਸ ਦੇ ਮੱਦੇਨਜ਼ਰ ਮੈਂਬਰ ਐਸ.ਸੀ. ਕਮਿਸ਼ਨ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਹੈ ਕਿ ਇਸ ਨਾਲ ਸਬੰਧ ਜੋ ਵੀ ਕਾਰਵਾਈ ਕਰਨ ਯੋਗ ਹੈ ਉਸ ਨੂੰ ਤੁਰੰਤ ਅਮਲ ਵਿੱਚ ਲਿਆਂਦਾ ਜਾਵੇ । ਇਸ ਦੇ ਨਾਲ ਹੀ ਐਸ.ਸੀ. ਕਮਿਸ਼ਨ ਦੇ ਮੈਂਬਰਾਂ ਦੇ ਵਫਦ ਨੇ ਡੀ.ਡੀ.ਪੀ.ਓ. ਐਸ.ਏ.ਐਸ. ਨਗਰ ਨੂੰ ਕਾਰਵਾਈ ਰਿਪੋਰਟ ਹਫਤੇ ਦੇ ਅੰਦਰ ਅੰਦਰ ਨਿੱਜੀ ਤੌਰ ਤੇ ਪੇਸ਼ ਹੋ ਕੇ ਕਮਿਸ਼ਨ ਅੱਗੇ ਸੌਪਣ ਦੇ ਆਦੇਸ਼ ਵੀ ਦਿੱਤੇ।