ਦੂਜੇ ਨਗਰ ਕੀਰਤਨ ਦੇ ਸੁਲਤਾਨਪੁਰ ਲੋਧੀ ਪਹੁੰਚਣ ‘ਤੇ ਸੰਗਤਾਂ ਨੇ ਕੀਤਾ ਨਿੱਘਾ ਸਵਾਗਤ
ਬਲਵਿੰਦਰ ਸਿੰਘ ਧਾਲੀਵਾਲ
- ਵਾਤਾਵਰਣ ਨੂੰ ਬਚਾਉਣ ਵਿੱਚ ਕਿਸਾਨਾਂ ਦਾ ਵੱਡਾ ਯੋਗਦਾਨ - ਸੰਤ ਸੀਚੇਵਾਲ
- ਕੀ ਪਰਾਲੀ ਨੂੰ ਅੱਗ ਲਗਾਉਂਣਾ ਹੀ ਇਸਦਾ ਹੱਲ ਹੈ ਇਹ ਇੱਕ ਬਹੁਤ ਵੱਡਾ ਸਵਾਲ.?
ਸੁਲਤਾਨਪੁਰ, 17 ਨਵੰਬਰ 2021 - ਸ੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਦੂਜਾ ਮਹਾਨ ਨਗਰ ਕੀਰਤਨ ਮੰਡ ਇਲਾਕੇ ਵਿੱਚੋਂ ਸ਼ੁਰੂ ਹੋਇਆ। ਇਸ ਨਗਰ ਕੀਰਤਨ ਦੀ ਵਿਲੱਖਣਤਾ ਇਹ ਰਹੀ ਕਿ ਜਿਹੜੇ ਕਿਸਾਨਾਂ ਨੇ ਐਤਕੀ ਪਰਾਲੀ ਨੂੰ ਅੱਗ ਨਾ ਲਾਕੇ ਗੁਰਬਾਣੀ ਉਪਦੇਸ਼ਾਂ ਦੀ ਪਾਲਣਾ ਕੀਤੀ ਹੈ ਉਨ੍ਹਾਂ ‘ਤੇ ਨਗਰ ਕੀਰਤਨ ਦੌਰਾਨ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ। ਨਗਰ ਕੀਰਤਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਨਾਲ ਹੋਣ ਵਾਲੇ ਨੁਕਸਾਨਾਂ ਦਾ ਤੇ ਪਰਾਲੀ ਨੂੰ ਖੇਤਾਂ ਵਿੱਚ ਵਹਾਉਣ ਵਾਲੇ ਕਿਸਾਨਾਂ ਨੂੰ ਹੋਣ ਵਾਲੇ ਫਾਇਦਿਆਂ ਦਾ ਬਾਖੂਬੀ ਜ਼ਿਕਰ ਕੀਤਾ ਗਿਆ।
ਨਗਰ ਕੀਰਤਨ ਦੌਰਾਨ ਸੰਗਤਾਂ ਨੂੰ ਸੰਬੋਧਨ ਸੰਤ ਸੀਚੇਵਾਲ ਨੇ ਕਿਹਾ ਕਿ ਜਿਹੜੇ ਕਿਸਾਨ ਵੀਰਾਂ ਨੇ ਪਰਾਲੀ ਨੂੰ ਅੱਗ ਨਾ ਲਗਾ ਕੇ ਬਾਣੀ ਦਾ ਉਪਦੇਸ਼ ਮੰਨਿਆ ਹੈ ਉਨ੍ਹਾਂ ਨੇ ਮਨੁੱਖਤਾ ਦੇ ਭਲੇ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਜਿਹੜੇ ਕਿਸਾਨਾਂ ਨੇ ਪਰਾਲੀ ਨੂੰ ਖੇਤਾਂ ਵਿੱਚ ਹੀ ਵਾਹ ਕੇ ਕਣਕ ਬੀਜੀ ਸੀ ਹੁਣ ਉਹ ਖੇਤਾਂ ਵਿੱਚ ਹਰੀ ਭਾਅ ਮਾਰਨ ਲੱਗ ਪਈ ਹੈ। ਪਰਾਲੀ ਨੂੰ ਅੱਗ ਲਾਏ ਬਿਨ੍ਹਾਂ ਕਣਕ ਬੀਜਣ ਵਾਲੇ ਕਿਸਾਨਾਂ ਦਾ ਵੱਡੇ ਪੱਧਰ ‘ਤੇ ਖਾਦ ਦਾ ਖਰਚਾ ਘਟਿਆ ਹੈ। ਉਹਨਾਂ ਕਿਹਾ ਕਿ ਭਾਵੇਂ ਕਿ ਬਹੁਤ ਕਿਸਾਨਾਂ ਵੱਲੋਂ ਹੁਣ ਪਰਾਲੀ ਨੂੰ ਅੱਗ ਨਹੀ ਲਗਾਈ ਜਾ ਰਹੀ ਹੈ ਪਰ ਕਿੱਥੇ ਨਾ ਕਿੱਥੇ ਅੱਜ ਕੁਝ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਗਾਈ ਜਾ ਰਹੀ। ਇਹ ਅੱਗ ਜਿੱਥੇ ਸਾਡੇ ਭਵਿੱਖ ਲਈ ਵੱਡਾ ਸਵਾਲ ਖੜਾ ਕਰ ਰਹੀ ਹੈ ਉੱਥੇ ਇਹ ਹਵਾ ਪ੍ਰਦੂਸ਼ਣ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਹੈ।
ਨਗਰ ਕੀਰਤਨ ਵਿੱਚ ਡੇਰਾ ਹਰਜੀ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਅਮਰੀਕ ਸਿੰਘ ਖੁਖਰੈਣ, ਬਾਬਾ ਅਵਤਾਰ ਸਿੰਘ ਜੀ ਸਮੇਤ ਹੋਰ ਬਹੁਤ ਸਾਰੀਆਂ ਧਾਰਮਿਕ ਸ਼ਖਸੀਅਤਾਂ ਨੇ ਹਿੱਸਾ ਲਿਆ। ਗੁਰਦੁਆਰਾ ਸ਼ਹੀਦ ਬਾਜ਼ ਸਿੰਘ ਜੀ ਪਿੰਡ ਆਹਲੀ ਖੁਰਦ ਤੋਂ ਚੱਲ ਕੇ ਮੰਡ ਇਲਾਕੇ ਦੇ ਪਿੰਡਾਂ ਆਹਲੀ ਕਲਾ, ਬੂਲੇ, ਹਜ਼ਾਰਾ, ਭੀਮਾ, ਚੱਕ, ਹਾਜੀਪੁਰ, ਕਬੀਰਪੁਰ, ਲੋਧੀ ਵਾਲਾ, ਭਾਗੋ ਬੁੱਢਾ, ਬੂਸੋਵਾਲ, ਤਰਫਹਾਜੀ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੋਂ ਪਵਿੱਤਰ ਕਾਲੀ ਵੇਈਂ ਦੇ ਕੰਢੇ ਕੰਢੇ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਵਿਖੇ ਪਹੁੰਚਿਆ। ਪਿੰਡਾਂ ਦੀਆਂ ਸੰਗਤਾਂ ਵੱਲੋਂ ਥਾਂ-ਥਾਂ ਤੇ ਨਗਰ ਕੀਰਤਨ ਦਾ ਨਿੱਘਾ ਸਵਾਗਤ ਕੀਤਾ ਗਿਆ ਤੇ ਗੁਰਸੰਗਤਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਕੀਤਾ ਗਿਆ। ਗੁਰਦੁਆਰਾ ਸ੍ਰੀ ਬੇਰ ਸਾਹਿਬ ਪਹੁੰਚਣ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸੰਗਤਾਂ ਨੇ ਨਗਰ ਕੀਰਤਨ ਦੀ ਅਗਵਾਈ ਕਰ ਰਹੇ ਪੰਜਾਂ ਪਿਆਰਿਆਂ ਦਾ ਸਨਮਾਨ ਕੀਤਾ ਤੇ ਮਹਾਂਪੁਰਸ਼ਾਂ ਨੂੰ ਸਿਰੋਪਾਏ ਭੇਂਟ ਕੀਤੇ ਗਏ।
ਗੱਤਕਾ ਖਿਡਾਰੀਆਂ ਨੇ ਸਾਰੇ ਨਗਰ ਕੀਰਤਨ ਦੌਰਾਨ ਪੰਜਾਬ ਦੀ ਵਿਰਾਸਤੀ ਖੇਡ ਗੱਤਕੇ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਨਗਰ ਕੀਰਤਨ ਦੌਰਾਨ ਸੰਤ ਅਵਤਾਰ ਸਿੰਘ ਯਾਦਗਾਰੀ ਸਕੂਲ ਦੇ ਬੱਚਿਆਂ ਵੱਲੋਂ ਤਖਤੀਆਂ ਤੇ ਵਾਤਾਵਰਣ ਦਾ ਸੁਨੇਹਾ ਦਿੱਤਾ ਗਿਆ ਤੇ ਵਤਾਵਰਣ ਨੂੰ ਬਚਾਉਣ ਲਈ ਆਪਣੇ ਬਣਦੇ ਫਰਜ਼ਾ ਨੂੰ ਸਮਝਾਇਆ ਗਿਆ। ਨਗਰ ਕੀਰਤਨ ਦੌਰਾਨ ਸਨਮਾਨ ਕਰਨ ਵਾਲੀਆਂ ਗੁਰਸੰਗਤਾਂ ਨੂੰ ਸੰਤ ਸੀਚੇਵਾਲ ਜੀ ਵੱਲੋਂ ਬੂਟਿਆਂ ਦਾ ਪ੍ਰਸ਼ਾਦ ਦਿੱਤਾ ਗਿਆ।
ਨਗਰ ਕੀਰਤਨ ਦੌਰਾਨ ਸੰਤ ਸੀਚੇਵਾਲ ਜੀ ਨੇ ਦੱਸਿਆ ਤੀਜਾ ਨਗਰ ਕੀਰਤਨ 19 ਨਵੰਬਰ 2021 ਨੂੰ ਸਜਾਇਆ ਜਾਵੇਗਾ। 18 ਨਵੰਬਰ ਨੂੰ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਕੀਰਤਨ ਅਤੇ ਕਵੀ ਦਰਬਾਰ ਕਰਵਾਇਆ ਜਾਵੇਗਾ ਅਤੇ ਗੁਰਪੁਰਬ ਵਾਲੇ ਦਿਨ ਸੰਗਤਾਂ ਵੱਲੋਂ ਸ਼ਾਮ ਨੂੰ ਪਵਿੱਤਰ ਕਾਲੀ ਵੇਈਂ ਕਿਨਾਰੇ ਦੀਪਮਾਲਾ ਕੀਤੀ ਜਾਵੇਗੀ।