ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝੇ ਫਰੰਟ ਵੱਲੋਂ ਝੰਡਾ ਮਾਰਚ 23 ਨਵੰਬਰ ਨੂੰ
ਦਲਜੀਤ ਕੌਰ ਭਵਾਨੀਗੜ੍ਹ, ਬਾਬੂਸ਼ਾਹੀ ਨੈੱਟਵਰਕ
ਮੋਰਿੰਡਾ, 18 ਨਵੰਬਰ, 2021: ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝੇ ਫਰੰਟ ਨੇ ਮੋਰਿੰਡਾ ਵਿਖੇ ਸਾਥੀ ਕਰਮ ਸਿੰਘ ਧਨੋਆ ਦੀ ਪ੍ਰਧਾਨਗੀ ਹੇਠ ਸੂਬਾ ਪੱਧਰੀ ਮੀਟਿੰਗ ਕਰਕੇ 23 ਨਵੰਬਰ ਨੂੰ ਮੋਰਿੰਡਾ ਹਲਕੇ ਦੇ ਪਿੰਡਾਂ ਅਤੇ ਕਸਬਿਆਂ ਵਿੱਚ ਸੈਂਕੜੇ ਕੈਂਟਰ, ਕਾਰਾਂ ਅਤੇ ਮੋਟਰ ਸਾਈਕਲ ਲੈ ਕੇ ਝੰਡਾ ਮਾਰਚ ਕਰਨ ਅਤੇ ਪੰਜਾਬ ਸਰਕਾਰ ਨੂੰ ਲੋਕਾਂ ਦੀ ਕਚਹਿਰੀ ਵਿੱਚ ਘੇਰਨ ਦਾ ਫੈਸਲਾ ਕੀਤਾ ਹੈ।
ਸਾਂਝੇ ਫਰੰਟ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸਨਰਾਂ ਨੂੰ 31-12-2015 ਤੋਂ 113% ਡੀ.ਏ. 'ਤੇ 15% ਵਾਧੇ ਦੀ ਸੋਧ ਨੂੰ ਰੱਦ ਕਰਦਿਆਂ ਕਿਹਾ ਕਿ ਇਹ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘੜਿਆ ਹੋਇਆ ਮਨਘੜਤ ਫਾਰਮੂਲਾ ਹੈ, ਜਿਸ ਦੀ ਕੋਈ ਸੰਵਿਧਾਨਕ ਮਾਨਤਾ ਨਹੀਂ ਹੈ।
ਸਾਂਝੇ ਫਰੰਟ ਦੇ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ 11% ਡੀ.ਏ. ਨੂੰ ਜੁਲਾਈ 2021 ਤੋਂ ਜਾਰੀ ਕਰਨ ਦੀ ਬਜਾਏ ਨਵੰਬਰ 2021 ਤੋਂ ਜਾਰੀ ਕਰਕੇ ਪੰਜਾਬ ਦੇ 7 ਲੱਖ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 01-01-16 ਤੋਂ ਬਾਅਦ ਭਰਤੀ ਮੁਲਾਜ਼ਮਾਂ ਦੇ 15% ਵਾਧੇ ਨੂੰ ਰੱਦ ਕਰਦਿਆਂ ਸਾਂਝੇ ਫਰੰਟ ਵੱਲੋਂ 01-01-16 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਮੁਢਲੀ ਤਨਖਾਹ 'ਚ ਗ੍ਰੇਡ ਪੇਅ ਜੋੜਨ ਉਪਰੰਤ ਬਣਦੀ ਤਨਖ਼ਾਹ 'ਤੇ 2.72 ਦਾ ਗੁਣਾਂਕ ਦੇਣ ਦੀ ਮੰਗ ਕੀਤੀ ਗਈ। ਇਸੇ ਤਰ੍ਹਾਂ ਅਨ-ਰੀਵਾਈਜ਼ਡ ਅਤੇ ਅੰਸ਼ਕ ਰੀਵਾਈਜ਼ਡ ਵਰਗਾਂ ਦੇ ਮੁਲਾਜ਼ਮਾਂ ਨੂੰ ਉੱਚਤਮ ਗੁਣਾਂਕ ਦੇ ਕੇ ਉਹਨਾਂ ਦੀ ਦਸੰਬਰ 2011 ਦੀ ਤੋੜੀ ਗਈ ਪੇ-ਪੈਰਿਟੀ ਬਹਾਲ ਨਾ ਕਰਨ ਦਾ ਵੀ ਸਖ਼ਤ ਨੋਟਿਸ ਲਿਆ ਗਿਆ।
ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਚੇ ਤੇ ਠੇਕਾ ਮੁਲਾਜ਼ਮਾਂ ਨੂੰ ਪੱਕਾ ਕਰਨ, ਮਾਣ ਭੱਤਾ ਵਰਕਰਾਂ 'ਤੇ ਘੱਟੋ ਘੱਟ ਉਜ਼ਰਤਾਂ ਲਾਗੂ ਕਰਨ ਅਤੇ ਜਨਵਰੀ 2004 ਤੋਂ ਬਾਅਦ ਵਾਲੇ ਮੁਲਾਜ਼ਮਾਂ ਦੀ ਐਨ.ਪੀ.ਐਸ. ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਅਤੇ ਆਊਟ ਸੋਰਸ ਪ੍ਰਣਾਲੀ ਰੱਦ ਕਰਨ ਵਰਗੇ ਅਤੀ ਜ਼ਰੂਰੀ ਮੁੱਦਿਆਂ 'ਤੇ ਧਾਰੀ ਗ਼ਹਿਰੀ ਚੁੱਪ ਦਾ ਸਾਂਝੇ ਫਰੰਟ ਨੇ ਸਖ਼ਤ ਨੋਟਿਸ ਲੈਂਦਿਆਂ ਮੁੱਖ ਮੰਤਰੀ ਪੰਜਾਬ ਵਿਰੁੱਧ ਸੰਘਰਸ਼ ਨੂੰ ਤੇਜ ਕਰਨ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਸਾਂਝੇ ਫਰੰਟ ਨੇ ਫੈਸਲਾ ਕੀਤਾ ਕਿ ਮੁੱਖ ਮੰਤਰੀ ਪੰਜਾਬ ਦੇ ਖੋਖਲੇ ਐਲਾਨਾਂ ਦੀ ਸਿਆਸਤ ਨੂੰ ਲੋਕਾਂ ਦੀ ਕਚਹਿਰੀ ਵਿੱਚ ਨੰਗਾ ਕਰਨ ਅਤੇ ਰਹਿੰਦੀਆਂ ਮੰਗਾਂ ਦੀ ਪ੍ਰਾਪਤੀ ਲਈ 23 ਨਵੰਬਰ ਨੂੰ ਹਲਕਾ ਮੋਰਿੰਡਾ ਵਿਖੇ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਵਿਸ਼ਾਲ ਝੰਡਾ ਮਾਰਚ ਕੀਤਾ ਜਾਵੇਗਾ।
ਇਸ ਮੌਕੇ ਸਾਂਝਾ ਫਰੰਟ ਦੇ ਕਨਵੀਨਰਜ਼ ਜਰਮਨਜੀਤ ਸਿੰਘ, ਸਤੀਸ਼ ਰਾਣਾ, ਜਗਦੀਸ਼ ਸਿੰਘ ਚਾਹਲ, ਬਾਜ ਸਿੰਘ ਖਹਿਰਾ, ਠਾਕੁਰ ਸਿੰਘ ਅਤੇ ਸੁਖਦੇਵ ਸੈਣੀ ਆਦਿ ਤੋਂ ਇਲਾਵਾ ਕੁਲਦੀਪ ਸਿੰਘ ਖੰਨਾ, ਹਰਜੀਤ ਸਿੰਘ ਬਸੋਤਾ, ਸੁਰਿੰਦਰਪਾਲ ਲਾਹੌਰੀਆ, ਵਿਕਰਮਦੇਵ ਸਿੰਘ, ਸੁਖਦੇਵ ਸਿੰਘ ਸੂਰਤਾਪੁਰੀ, ਕੁਲਦੀਪ ਸਿੰਘ ਦੌੜਕਾ, ਹਰਦੀਪ ਸਿੰਘ ਟੋਡਰਪੁਰ, ਦਰਸ਼ਨ ਬੇਲੂਮਾਜਰਾ, ਮਮਤਾ ਸ਼ਰਮਾਂ, ਪਰਮਜੀਤ ਕੌਰ ਮਾਨ, ਮਲਾਗਰ ਸਿੰਘ ਖਮਾਣੋਂ, ਗੁਰਵਿੰਦਰ ਸਿੰਘ ਸਸਕੌਰ ਅਤੇ ਅਤਿੰਦਰਪਾਲ ਘੱਗਾ ਆਦਿ ਆਗੂ ਵੀ ਹਾਜ਼ਰ ਸਨ।