ਮਨਸਿਮਰਤ ਰਿਆੜ ਦੇ ਗ੍ਰਹਿ ਨਿਵਾਸ ਵਿਖੇ ਵਰਕਰ ਮੀਟਿੰਗ ਦੌਰਾਨ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਨੇ ਕੀਤੀ ਸ਼ਿਰਕਤ
ਜਗਤਾਰ ਸਿੰਘ
- ਹਾਈ ਕਮਾਨ ਵੱਲੋਂ ਮੈਰਿਟ ਦੇ ਆਧਾਰ ਤੇ ਹੀ ਦਿੱਤੀਆਂ ਜਾਣਗੀਆਂ ਟਿਕਟਾਂ- ਢੀਂਗਰਾ
- ਹਲਕਾ ਸਨੌਰ ਦੇ ਲੋਕ ਹਨ ਮੇਰੇ ਪਰਿਵਾਰਕ ਮੈਂਬਰ- ਰਿਆੜ
ਪਟਿਆਲਾ 18 ਨਵੰਬਰ2021 : ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਹਨ,ਉਸ ਦੇ ਮੱਦੇਨਜ਼ਰ ਹਰੇਕ ਸਿਆਸੀ ਪਾਰਟੀ ਨੇ ਆਪਣੀ ਕਮਰ ਕੱਸ ਲਈ ਹੈ ਅਤੇ ਹਰ ਪਾਰਟੀ ਦੇ ਆਗੂ ਆਪਣੇ-ਆਪਣੇ ਹਲਕਿਆਂ ਚ ਸਰਗਰਮ ਦਿਖਾਈ ਦੇ ਰਹੇ ਹਨ । ਚੋਣਾਂ ਦੇ ਮੱਦੇਨਜ਼ਰ ਜਿੱਥੇ ਸ਼੍ਰੋਮਣੀ ਅਕਾਲੀ ਦਲ ਨੇ ਸਾਰੀਆਂ ਪਾਰਟੀਆਂ ਤੋਂ ਅੱਗੇ ਚੱਲ ਕੇ ਆਪਣੇ ਜ਼ਿਆਦਾਤਰ ਉਮੀਦਵਾਰ ਐਲਾਨ ਦਿੱਤੇ ਹਨ, ਉੱਥੇ ਹੀ ਆਮ ਆਦਮੀ ਪਾਰਟੀ ਵੱਲੋਂ ਵੀ ਪਿਛਲੇ ਦਿਨੀਂ ਆਪਣੇ 10 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਅਤੇ ਹੁਣ ਸੱਤਾਧਾਰੀ ਕਾਂਗਰਸ ਪਾਰਟੀ ਵੀ ਹੁਣ ਇਸ ਦੌੜ ਚ ਪਿੱਛੇ ਨਹੀਂ ਰਹਿਣਾ ਚਾਹੁੰਦੀ, ਕਿਉਂਕਿ ਸਮਾਂ ਬਹੁਤ ਘੱਟ ਰਹਿ ਗਿਆ ਹੈ ।
ਇਸੇ ਤਹਿਤ ਹੀ ਅੱਜ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਜੋਗਿੰਦਰਪਾਲ ਢੀਂਗਰਾ ਜ਼ਿਲ੍ਹਾ ਪਟਿਆਲਾ ਚ ਪੈਂਦੇ ਹਲਕਾ ਸਨੌਰ ਵਿਖੇ ਪਹੁੰਚੇ ਅਤੇ ਹਲਕਾ ਸਨੌਰ ਚ ਪਿਛਲੇ ਲੰਮੇ ਸਮੇਂ ਤੋਂ ਸਰਗਰਮ ਨੌਜਵਾਨ ਕਾਂਗਰਸੀ ਆਗੂ ਅਤੇ ਮੈਡਮ ਡਾ: ਨਵਜੋਤ ਕੌਰ ਸਿੱਧੂ ਦੇ ਕਰੀਬੀ ਮੰਨੇ ਜਾਂਦੇ ਮਨਸਿਮਰਤ ਸਿੰਘ ਸ਼ੈਰੀ ਰਿਆੜ ਦੇ ਪਿੰਡ ਨੈਣਾਂ ਖੁਰਦ ਗ੍ਰਹਿ ਨਿਵਾਸ ਵਿਖੇ ਵੱਡੀ ਗਿਣਤੀ ਚ ਇਕੱਠੇ ਹੋਏ ਕਾਂਗਰਸੀ ਵਰਕਰਾਂ ਅਤੇ ਹਲਕੇ ਦੇ ਲੋਕਾਂ ਨਾਲ ਗੱਲਬਾਤ ਕੀਤੀ ।
ਇਸ ਦੌਰਾਨ ਉਨ੍ਹਾਂ ਦੇ ਨਾਲ ਵਿਸ਼ੇਸ਼ ਤੌਰ ਤੇ ਅਬਜ਼ਰਵਰ ਸੰਜੇ ਠਾਕੁਰ ਅਤੇ ਅਬਜ਼ਰਵਰ ਸ. ਹਰਪ੍ਰੀਤ ਸਿੰਘ ਚੀਮਾ ਜੀ ਵੀ ਪਹੁੰਚੇ । ਇਸ ਦੌਰਾਨ ਹਲਕਾ ਸਨੌਰ ਵਿਖੇ ਪਹੁੰਚੇ ਜਨਰਲ ਸਕੱਤਰ ਇੰਚਾਰਜ ਜੋਗਿੰਦਰਪਾਲ ਢੀਂਗਰਾ ਅਤੇ ਨਾਲ ਪਹੁੰਚੇ ਅਬਜ਼ਰਵਰ ਸਾਹਿਬਾਨਾਂ ਨੇ ਉੱਥੇ ਮੌਜੂਦ ਹਲਕਾ ਸਨੌਰ ਦੇ ਲੋਕਾਂ ਤੋਂ ਅਤੇ ਕਾਂਗਰਸੀ ਵਰਕਰਾਂ ਤੋਂ ਹਲਕੇ ਸੰਬੰਧੀ ਜਾਣਕਾਰੀ ਲਈ । ਇਸ ਦੌਰਾਨ ਉਥੇ ਪਹੁੰਚੇ ਹਲਕਾ ਵਾਸੀ ਅਤੇ ਕਾਂਗਰਸੀ ਵਰਕਰਾਂ ਨੇ ਹਲਕੇ ਚ ਸਰਗਰਮ ਨੌਜਵਾਨ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆੜ ਦੇ ਹੱਕ ਚ ਸਮਰਥਨ ਦੇਣ ਦੀ ਗੱਲ ਕੀਤੀ ।
ਉਨ੍ਹਾਂ ਕਿਹਾ ਕਿ ਮਨਸਿਮਰਤ ਰਿਆੜ ਇਕ ਨੌਜਵਾਨ ਅਤੇ ਊਰਜਾ ਭਰਪੂਰ ਆਗੂ ਹੈ ਜੋ ਕਿ ਪਿਛਲੇ ਕਾਫ਼ੀ ਸਮੇਂ ਤੋਂ ਹਲਕੇ ਦੇ ਲੋਕਾਂ ਦੀ ਸੇਵਾ ਕਰ ਰਿਹਾ ਹੈ ਅਤੇ ਹਰ ਕਿਸੇ ਦੇ ਦੁੱਖ ਸੁੱਖ ਚ ਸ਼ਰੀਕ ਹੋ ਰਿਹਾ ਹੈ ਅਤੇ ਸਾਨੂੰ ਐਸੇ ਹੀ ਆਗੂ ਦੀ ਅਗਵਾਈ ਚਾਹੀਦੀ ਹੈ, ਜੋ ਕਿ ਲੋਕਾਂ ਦੇ ਦੁੱਖ ਸੁੱਖ ਨੂੰ ਆਪਣਾ ਦੁੱਖ ਸੁੱਖ ਸਮਝੇ,ਨਾ ਕਿ ਪਿਛਲੇ ਸਮੇਂ ਦੌਰਾਨ ਰਹੇ ਆਗੂਆਂ ਵਰਗਾ, ਜੋ ਕਿ ਚੋਣਾਂ ਤੋਂ ਬਾਅਦ ਕਿਸੇ ਨਾਲ ਦੁੱਖ ਸੁੱਖ ਸਾਂਝਾ ਕਰਨਾ ਤਾਂ ਕੀ,ਬਲਕਿ ਹਲਕੇ ਚ ਨਜ਼ਰ ਵੀ ਘੱਟ ਆਉਂਦੇ ਹਨ ।
ਇਸ ਤੋਂ ਬਾਅਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਇੰਚਾਰਜ ਜੋਗਿੰਦਰਪਾਲ ਢੀਂਗਰਾ ਅਤੇ ਨਾਲ ਪਹੁੰਚੇ ਅਬਜ਼ਰਵਰ ਸਹਿਬਾਨਾਂ ਨੇ ਉੱਥੇ ਮੌਜੂਦ ਵੱਡੀ ਗਿਣਤੀ ਚ ਲੋਕਾਂ ਨੂੰ ਕਿਹਾ ਕਿ ਕਾਂਗਰਸ ਹਾਈ ਕਮਾਨ ਮੈਰਿਟ ਦੇ ਆਧਾਰ ਤੇ ਹੀ ਟਿਕਟਾਂ ਦੀ ਵੰਡ ਕਰੇਗੀ ਅਤੇ ਉਸ ਉਮੀਦਵਾਰ ਨੂੰ ਹੀ ਟਿਕਟ ਮਿਲੇਗੀ ਜੋ ਕਿ ਬਾਖ਼ੂਬੀ ਆਪਣੇ ਹਲਕੇ ਦੇ ਲੋਕਾਂ ਚ ਵਿਚਰ ਰਿਹਾ ਹੈ ਅਤੇ ਜਿਸ ਦੇ ਜਿੱਤਣ ਦੀ ਉਮੀਦ ਵੱਧ ਹੋਵੇਗੀ । ਇਸ ਦੌਰਾਨ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਇਸ ਵਾਰ ਨੌਜਵਾਨਾਂ ਨੂੰ ਵੀ ਮੌਕਾ ਦੇਣ ਜਾ ਰਹੀ ਹੈ ।
ਅੰਤ ਵਿਚ ਮਨਸਿਮਰਤ ਸਿੰਘ ਸ਼ੈਰੀ ਰਿਆੜ ਨੇ ਆਪਣੇ ਗ੍ਰਹਿ ਨਿਵਾਸ ਵਿਖੇ ਪਹੁੰਚੇ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਜੋਗਿੰਦਰਪਾਲ ਢੀਂਗਰਾ ਅਤੇ ਅਬਜ਼ਰਵਰ ਸੰਜੇ ਠਾਕੁਰ ਅਤੇ ਹਰਪਰੀਤ ਚੀਮਾ ਦਾ ਉਨ੍ਹਾਂ ਦੇ ਗ੍ਰਹਿ ਨਿਵਾਸ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਨਾਲ ਹੀ ਸਮੁੱਚੇ ਹਲਕਾ ਵਾਸੀਆਂ ਅਤੇ ਕਾਂਗਰਸੀ ਵਰਕਰਾਂ ਦਾ ਵੀ ਇੰਨੀ ਵੱਡੀ ਗਿਣਤੀ ਚ ਪਹੁੰਚਣ ਤੇ ਧੰਨਵਾਦ ਕਰਦਿਅਾਂ ਕਿਹਾ ਕਿ ਹਲਕਾ ਸਨੌਰ ਦੇ ਵਾਸੀ ਮੇਰੇ ਪਰਿਵਾਰਕ ਮੈਂਬਰ ਹਨ ਅਤੇ ਮੈਂ ਹਰ ਵਕਤ ਇਨ੍ਹਾਂ ਦੀ ਸੇਵਾ ਚ ਹਾਜ਼ਰ ਹਾਂ ।ਇਸ ਮੌਕੇ ਉਜਾਗਰ ਰਾਮ ਪ੍ਰਧਾਨ ਬਾਜ਼ੀਗਰ ਬਰਾਦਰੀ, ਰਘਵੀਰ ਕਾਲਾ ਸਨੌਰ, ਸ਼ਮਸ਼ੇਰ ਸਨੌਰ, ਗੁਰਪਿਆਰ, ਸਤਪਾਲ ਸੱਤਾ ਨੂਰਖੇੜਿਆਂ, ਸੁਖਵਿੰਦਰ ਬਾਜਵਾ, ਬਲਜਿੰਦਰ ਬਾਜਵਾ, ਭੁਪਿੰਦਰ ਸਨੌਰ, ਹਰਪ੍ਰੀਤ ਸਰੁਸਤੀਗੜ੍ਹ, ਡਾ.ਗੱਬਰ ਭੁਨਰਹੇੜੀ, ਕਾਕੂ ਭਾਂਖਰ, ਕੁਲਵਿੰਦਰ ਖਾਲਸਪੁਰ, ਬਲਜੀਤ ਆੜਤੀ, ਤਰਸੇਮ ਬੁੱਟਰ, ਕਸ਼ਮੀਰ, ਲਵਲੀ ਬਹਾਦਰਗੜ੍ਹ, ਨਰਿੰਦਰ ਕਟਾਰੀਆ, ਮਨਪ੍ਰੀਤ ਗਰੇਵਾਲ, ਬੱਬੂ ਘੜਾਮ, ਗੁਰਵਰਿੰਦਰ ਸਨੌਰੀਆ, ਸੋਨੂੰ ਖਹਿਰਾ, ਜਤਿੰਦਰ ਮਿੱਠੂਮਾਜਰਾ, ਪਰਵੀਨ ਨੈਣਾ, ਸੱਤੀ ਰਾਠੀਆਂ ਅਤੇ ਹੋਰ ਵੀ ਹਲਕੇ ਸਨੌਰ ਦੇ ਆਗੂ, ਵਰਕਰ ਅਤੇ ਵੱਡੀ ਗਿਣਤੀ ਵਿੱਚ ਹਲਕਾ ਨਿਵਾਸੀ ਮੌਜੂਦ ਸਨ।