ਐਫ. ਐਂਡ. ਸੀ. ਸੀ. ਰੱਦ ਹੋਣ ਨਾਲ 90 ਲੱਖ ਮਰਿਆ, ਇਸੇ ਕਾਰਨ ਮਾਨਸਿਕ ਸੰਤੋਲਨ ਗਵਾ ਬੈਠਾ ਮੇਅਰ ਬਿੱਟੂ : ਕੌਂਸਲਰ
ਜਗਤਾਰ ਸਿੰਘ
- ਬਹੁਮਤ ਗਵਾ ਚੁੱਕੇ ਮੇਅਰ ਨੂੰ ਨੈਤਿਕ ਆਧਾਰ ’ਤੇ ਤੁਰੰਤ ਦੇਣਾ ਚਾਹੀਦੈ ਅਸਤੀਫਾ
ਪਟਿਆਲਾ, 19 ਨਵੰਬਰ 2021 : ਮੇਅਰ ਸੰਜੀਵ ਸ਼ਰਮਾ ਬਿੱਟੂ ਆਪਣੀ ਕੁਰਸੀ ਜਾਂਦੀ ਦੇਖ ਕੇ ਬੁਖਲਾ ਗਏ ਹਨ ਅਤੇ ਕਾਂਗਰਸ ਦੇ ਸੀਨੀਅਰ ਮੰਤਰੀਆਂ ਤੇ ਆਗੂਆਂ ਦੇ ਖਿਲਾਫ ਬੇਤੁਕੀ ਅਤੇ ਘਟੀਆ ਬਿਆਨਬਾਜ਼ੀ ਕਰ ਰਹੇ ਹਨ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜ਼ਿਲਾ ਯੂਥ ਕਾਂਗਰਸ ਪਟਿਆਲਾ ਸ਼ਹਿਰੀ ਦੇ ਪ੍ਰਧਾਨ ਸੰਜੀਵ ਸ਼ਰਮਾ ਕਾਲੂ, ਕੌਂਸਲਰ ਅਮਰਪ੍ਰੀਤ ਸਿੰਘ ਬੋਬੀ, ਕੌਂਸਲਰ ਐਡਵੋਕੇਟ ਸੇਵਕ ਸਿੰਘ ਝਿੱਲ ਅਤੇ ਐਡਵੋਕੇਟ ਭੂਵੇਸ਼ ਤਿਵਾੜੀ ਨੇ ਕਿਹਾ ਕਿ ਲੰਘੀ 15 ਨਵੰਬਰ ਨੂੰ ਮੇਅਰ ਸੰਜੀਵ ਬਿੱਟੂ ਨੇ ਨਗਰ ਨਿਗਮ ਦੀ ਵਿੱਤ ਅਤੇ ਲੇਖਾ ਕਮੇਟੀ (ਐਫ. ਐਂਡ. ਸੀ. ਸੀ.) ਮੀਟਿੰਗ ਬੁਲਾਈ ਸੀ ਪਰ ਇਸ ਮੀਟਿੰਗ ਵਿਚ ਕੋਈ ਮੈਂਬਰ ਨਹੀਂ ਪਹੁੰਚਿਆ, ਜਿਸ ਕਰਕੇ ਮੇਅਰ ਨੂੰ ਮੀਟਿੰਗ ਰੱਦ ਕਰਨੀ ਪਈ।
ਇਸ ਮੀਟਿੰਗ ਵਿਚ 18 ਕਰੋੜ ਰੁਪਏ ਦੇ ਟੈਂਡਰ ਮਨਜ਼ੂਰ ਕੀਤੇ ਜਾਣੇ ਸਨ, ਜਿਸ ’ਤੇ 6 ਫੀਸਦੀ ਦੇ ਹਿਸਾਬ ਨਾਲ ਮੇਅਰ ਬਿੱਟੂ ਨੂੰ 90 ਲੱਖ ਰੁਪਏ ਹਾਸਲ ਹੋਣੇ ਸਨ ਪਰ ਹੁਣ ਪਟਿਆਲਾ ਸ਼ਹਿਰ ਦੇ ਕੌਂਸਲਰ ਜਾਗ ਗਏ ਹਨ, ਜਿਸ ਕਰਕੇ ਉਸ ਦਾ 90 ਲੱਖ ਰੁਪਏ ਮਰ ਗਿਆ ਅਤੇ ਨਗਰ ਨਿਗਮ ਨੂੰ ਵਿੱਤੀ ਲਾਭ ਹੋ ਗਿਆ, ਇਸੇ ਕਾਰਨ ਮੇਅਰ ਸੰਜੀਵ ਬਿੱਟੂ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ। ਉਨ੍ਹਾਂ ਕਿਹਾ ਕਿ ਸਥਾਨਕ ਸਰਕਾਰ ਮੰਤਰੀ ਬ੍ਰਹਮ ਮਹਿੰਦਰਾ ’ਤੇ ਪੁੱਤਰ ਮੋਹ ਦੋਸ਼ ਲਾਉਣ ਵਾਲੇ ਮੇਅਰ ਬਿੱਟੂ ਨੂੰ ਸ਼ਾਇਦ ਇਹ ਪਤਾ ਨਹੀਂ ਕਿ ਨਾ ਤਾਂ ਮੋਹਿਤ ਮਹਿੰਦਰਾ ਨੇ ਮੇਅਰ ਬਣਨਾ ਹੈ ਅਤੇ ਨਾ ਹੀ ਮੇਅਰ ਨੂੰ ਹਟਾਉਣ ਵਿਚ ਉਨ੍ਹਾਂ ਦਾ ਕੋਈ ਰੋਲ ਹੈ।
ਮੇਅਰ ਨੂੰ ਹਟਾਉਣ ਲਈ ਪਟਿਆਲਾ ਸ਼ਹਿਰ ਦੇ 43 ਕੌਂਸਲਰਾਂ ਨੇ ਬੇਭਰੋਸਗੀ ਮਤੇ ’ਤੇ ਹਸਤਾਖਰ ਕਰਕੇ ਕਾਨੂੰਨੀ ਪ੍ਰਕਿਰਿਆ ਰਾਹੀਂ ਮੇਅਰ ਨੂੰ ਨੋਟਿਸ ਦਿੱਤਾ ਹੈ ਅਤੇ ਇਸ ਦੀਆਂ ਕਾਪੀਆਂ ਮੁੱਖ ਮੰਤਰੀ, ਸਥਾਨਕ ਸਰਕਾਰ ਮੰਤਰੀ, ਪਿ੍ਰੰਸੀਪਲ ਸੈਕਟਰੀ ਸਥਾਨਕ ਸਰਕਾਰ ਤੋਂ ਇਲਾਵਾ ਹੋਰ ਅਧਿਕਾਰੀਆਂ ਨੂੰ ਭੇਜੀਆਂ ਹਨ। ਆਪਣੇ ਖਿਲਾਫ 43 ਕੌਂਸਲਰਾਂ ਦੀਆਂ ਮੋਹਰਾਂ ਅਤੇ ਸਾਈਨ ਦੇਖ ਕੇ ਮੇਅਰ ਨੂੰ ਯਕੀਨ ਨਹੀਂ ਹੋ ਰਿਹਾ ਕਿ ਕਾਂਗਰਸ ਦੇ 59 ਕੌਂਸਲਰਾਂ ਵਿਚੋਂ 43 ਕੌਂਸਲਰ ਉਸ ਦੇ ਖਿਲਾਫ ਹਨ।
ਉਨ੍ਹਾਂ ਕਿਹਾ ਕਿ ਇਹ ਅੰਕੜਾ 50 ਤੱਕ ਪਹੁੰਚਣ ਦੀ ਉਮੀਦ ਹੈ। ਮੇਅਰ ਦੀ ਕੁਰਸੀ ਜਾ ਚੁੱਕੀ ਹੈ, ਜਿਸ ਕਰਕੇ ਉਸ ਦੇ ਕੋਲ ਇਲਜ਼ਾਮਬਾਜ਼ੀ ਅਤੇ ਦੂਸ਼ਣਬਾਜ਼ੀ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਅਤੇ ਉਹ ਵੱਡੇ ਲੀਡਰਾਂ ’ਤੇ ਦੋਸ਼ ਲਾ ਕੇ ਸਿਆਸੀ ਲਾਭ ਲੈਣਾ ਚਾਹੁੰਦਾ ਹੈ ਪਰ ਉਸ ਨੂੰ ਇਸ ਦਾ ਲਾਭ ਨਹੀਂ ਮਿਲੇਗਾ ਕਿਉਂਕਿ ਸ਼ਹਿਰ ਦਾ ਬੱਚਾ ਬੱਚਾ ਮੇਅਰ ਬਿੱਟੂ ਦੇ ਖਿਲਾਫ ਹੈ। ਉਨ੍ਹਾਂ ਕਿਹਾ ਕਿ ਮੇਅਰ ਨੂੰ ਆਖਰ ਕੁਰਸੀ ਦਾ ਇੰਨਾ ਮੋਹ ਕਿਉਂ ਹੈ? ਜਦੋਂ ਉਸ ਕੋਲ ਬਹੁਮਤ ਹੀ ਨਹੀਂ ਰਿਹਾ ਤਾਂ ਉਸ ਨੂੰ ਨੈਤਿਕ ਆਧਾਰ ’ਤੇ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ।