ਇਤਿਹਾਸਕ ਕਿਸਾਨ ਘੋਲ ਨੇ ਨਵਾਂ ਇਤਿਹਾਸ ਲਿਖ ਦਿੱਤਾ ਹੈ - ਢੁੱਡੀਕੇ
ਜੀ ਐਸ ਪੰਨੂ
- ਮੋਦੀ ਦਾ ਐਲਾਨ ਸਵਾਗਤਯੋਗ, ਸੰਸਦ ਵਿੱਚ ਅਮਲੀ ਜਾਮਾ ਪਹਿਨਾਉਣ ਤੱਕ ਮੋਰਚਾ ਜਾਰੀ ਰਹੇਗਾ
ਪਟਿਆਲਾ,19 ਨਵੰਬਰ 2021: ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨਿਰਭੈ ਸਿੰਘ ਢੁੱਡੀਕੇ ਅਤੇ ਰਾਮਿੰਦਰ ਸਿੰਘ ਪਟਿਆਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਖੇਤੀ ਨਾਲ ਸਬੰਧਿਤ ਕਾਨੂੰਨ ਰੱਦ ਕਰਨ ਸਮੇਤ ਆਰਗੈਨਿਕ ਖੇਤੀ,ਐਮ ਐਸ ਪੀ ਅਤੇ ਫਸਲੀ ਚੱਕਰ ਬਾਰੇ ਕਮੇਟੀ ਬਣਾਉਣ ਦੇ ਐਲਾਨ ਦਾ ਸਵਾਗਤ ਕਰਦਿਆਂ ਕਿਹਾ ਹੈ ਕਿ ਦੇਰ ਆਏ ਦਰੁਸਤ ਆਏ ਆਖਰਕਾਰ ਨਰਿੰਦਰ ਮੋਦੀ ਦੀ ਸਰਕਾਰ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਉਨ੍ਹਾਂ ਨੇ ਖੇਤੀ ਦੇ ਖੇਤਰ ਚ ਗਲਤ ਕਾਨੂੰਨ ਬਣਾਏ ਸਨ। ਉਨ੍ਹਾਂ ਕਿਹਾ ਕਿ ਉਮੀਦ ਹੈ ਕਿ ਸਰਦ ਰੁੱਤ ਦੇ ਸੰਸਦ ਇਜਲਾਸ ਵਿੱਚ ਇਨ੍ਹਾਂ ਐਲਾਨਾਂ ਨੂੰ ਅਮਲੀ ਜਾਮਾ ਪਹਿਨਾਇਆ ਜਾਵੇਗਾ। ਉਦੋਂ ਤੱਕ ਕਿਸਾਨ ਦਿੱਲੀ ਮੋਰਚਿਆਂ ਤੇ ਡਟੇ ਰਹਿਣਗੇ।
ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲ੍ਹਾ ਪਟਿਆਲਾ ਦੀ ਇਕ ਜਰੂਰੀ ਮੀਟਿੰਗ ਨੂੰ ਸੰਬੋਧਨ ਕਰਨ ਪੁੱਜੇ ਕਿਸਾਨ ਆਗੂਆਂ ਨੇ 26 ਨਵੰਬਰ ਨੂੰ ਦਿੱਲੀ ਮੋਰਚਿਆਂ ਉੱਪਰ ਮੋਰਚੇ ਦੇ ਇਕ ਸਾਲ ਮੁਕੰਮਲ ਹੋਣ ਮੌਕੇ ਵੱਡੀ ਗਿਣਤੀ ਵਿਚ ਟ੍ਰੈਕਟਰ ਟ੍ਰਾਲੀਆਂ ਲੈ ਕੇ ਪਹੁੰਚਣ ਦੀ ਅਪੀਲ ਕੀਤੀ।
ਕਿਸਾਨ ਆਗੂਆਂ ਨੇ ਸਪਸ਼ਟ ਕੀਤਾ ਕਿ ਕਿਸਾਨ ਘੋਲ ਨੇ ਨਵਾਂ ਇਤਿਹਾਸ ਲਿਖ ਦਿੱਤਾ ਹੈ, ਬਸ ਚੰਦ ਪਲਾਂ ਦੀ ਉਡੀਕ ਮਗਰੋਂ ਇਹ ਘੋਲ ਸੰਸਾਰ ਇਤਿਹਾਸ ਦੇ ਸੁਨਹਿਰੀ ਅਧਿਆਇ ਦਾ ਇੱਕ ਪੜਾਅ ਪੂਰਾ ਕਰ ਜਾਵੇਗਾ ।
ਕਿਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਵਿੱਚ ਮੀਤ ਪ੍ਰਧਾਨ ਦਵਿੰਦਰ ਸਿੰਘ ਪੂਨੀਆ ਜਿਲ੍ਹਾ ਸਕੱਤਰ ਜਸਵੀਰ ਸਿੰਘ ਫਤਿਹਪੁਰ, ਜਿਲ੍ਹਾ ਆਗੂ ਸ਼ੇਰ ਸਿੰਘ ਕਾਕੜਾ, ਹਰਵਿੰਦਰ ਸਿੰਘ ਗਿੱਲ, ਕੁਲਬੀਰ ਸਿੰਘ ਟੋਡਰਪੁਰ, ਗੁਰਬੰਤ ਸਿੰਘ ਕਾਕੜਾ, ਗੁਰਵਿੰਦਰ ਸਿੰਘ ਸਿੱਧੂ, ਲਾਭ ਸਿੰਘ, ਦਲਜਿੰਦਰ ਸਿੰਘ ਹਰਿਆਉ, ਸੁਰਿੰਦਰ ਸਿੰਘ ਖਾਲਸਾ, ਸੰਤੋਖ ਸਿੰਘ ਕਾਕੜਾ ਅਤੇ ਚਰਨ ਸਿੰਘ ਜਮਾਲਪੁਰ ਵੀ ਹਾਜ਼ਰ ਸਨ ।