ਮੋਹਾਲੀ: 26 ਨਵੰਬਰ ਤੋਂ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ ਦੀ ਸ਼ੁਰੂਆਤ : ਸਿਵਲ ਸਰਜਨ
ਹਰਜਿੰਦਰ ਸਿੰਘ ਭੱਟੀ
- ਅੱਖਾਂ ਦੀ ਜਾਂਚ ਲਈ ਥਾਂ-ਥਾਂ ਲਗਣਗੇ ਕੈਂਪ, ਮਰੀਜ਼ਾਂ ਨੂੰ ਆਵਾਜਾਈ ਦੀ ਸਹੂਲਤ ਵੀ ਮਿਲੇਗੀ
ਐਸ ਏ ਐਸ ਨਗਰ 20 ਨਵੰਬਰ 2021 - ਮੁੱਖ ਮੰਤਰੀ ਪੰਜਾਬ ਸ. ਚਰਨਜੀਤ ਸਿੰਘ ਚੰਨੀ ਵੱਲੋਂ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਮੱਦੇਨਜ਼ਰ ਸੂਬੇ ਭਰ ਵਿੱਚ 26 ਨਵੰਬਰ ਤੋਂ ‘ਮੁੱਖ ਮੰਤਰੀ ਪੰਜਾਬ ਮੋਤੀਆ ਮੁਕਤ ਮੁਹਿੰਮ’ ਦੀ ਸ਼ੁਰੂਆਤ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਆਦਰਸ਼ਪਾਲ ਕੌਰ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨੇ ਵੱਡੇ ਉਪਰਾਲੇ ਤਹਿਤ ਜ਼ਿਲ੍ਹੇ ਵਿਚ ਵੱਖ-ਵੱਖ ਥਾਈਂ ਅੱਖਾਂ ਦੇ ਕੈਂਪ ਲਗਾਏ ਜਾਣਗੇ, ਜਿਸ ਵਿੱਚ ਲੋਕਾਂ ਦੀਆਂ ਅੱਖਾਂ ਦੀ ਪੂਰੀ ਜਾਂਚ ਕੀਤੀ ਜਾਵੇਗੀ ਅਤੇ ਮੋਤੀਆਬਿੰਦ ਤੋਂ ਪੀੜਤ ਪਾਏ ਜਾਣ ਵਾਲੇ ਵਿਅਕਤੀਆਂ ਦਾ 15 ਦਿਨ ਅੰਦਰ ਮੁਫ਼ਤ ਆਪਰੇਸ਼ਨ ਕੀਤਾ ਜਾਵੇਗਾ।
ਉਨ੍ਹਾਂ ਦਸਿਆ, "ਆਪ੍ਰੇਸ਼ਨ ਵਾਲੇ ਲੋਕਾਂ ਲਈ ਰਿਫਰੈਸ਼ਮੈਂਟ ਦੇ ਨਾਲ-ਨਾਲ ਆਉਣ-ਜਾਣ ਲਈ ਆਵਾਜਾਈ ਦੀ ਸਹੂਲਤ ਵੀ ਪ੍ਰਦਾਨ ਕੀਤੀ ਜਾਵੇਗੀ", ਅਧਿਕਾਰੀ ਨੇ ਕਿਹਾ ਕਿ ਆਪ੍ਰੇਸ਼ਨ ਵਾਲੇ ਮਰੀਜਾਂ ਨੂੰ ਮੁਫਤ ਐਨਕਾਂ ਵੀ ਦਿੱਤੀਆਂ ਜਾਣਗੀਆਂ। ਦਸੰਬਰ ਮਹੀਨੇ ਵਿੱਚ ਹਰ ਤਹਿਸੀਲ ਵਿੱਚ ਘੱਟੋ-ਘੱਟ ਇੱਕ ਕੈਂਪ ਲਗਾਇਆ ਜਾਵੇਗਾ। ਇਹ ਮੁਹਿੰਮ 31 ਦਸੰਬਰ ਤੱਕ ਜਾਰੀ ਰਹੇਗੀ ਸਕੇ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਅਪਣੇ ਗੁਆਂਢੀਆਂ, ਰਿਸ਼ਤੇਦਾਰਾਂ ਦੋਸਤਾਂ-ਮਿੱਤਰਾਂ ਨੂੰ ਇਸ ਮੁਹਿੰਮ ਬਾਰੇ ਜਾਣਕਾਰੀ ਦੇਣ ਤਾਕਿ ਉਹ ਇਸ ਵੱਡੀ ਸਰਕਾਰੀ ਮੁਹਿੰਮ ਨਾਲ ਲੋਕਾਂ ਦਾ ਭਲਾ ਹੋ ਸਕੇ।