ਪੰਜਾਬੀ ਯੂਨੀਵਰਸਿਟੀ ਵੱਲੋਂ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਖੇ ਹੋਣਗੀਆਂ ਕੋਚਿੰਗ ਕਲਾਸਾਂ ਸ਼ੁਰੂ
ਜੀ ਐਸ ਪੰਨੂ
ਪਟਿਆਲਾ, 20 ਨਵੰਬਰ 2021 - ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਆਈ.ਏ.ਐਸ. ਐਂਡ ਅਲਾਈਡ ਸਰਵਿਸਿਜ਼ ਟ੍ਰੇਨਿੰਗ ਸੈਂਟਰ ਵਿਖੇ ਪੰਜਾਬ ਪਬਲਿਕ ਸਰਵਿਸਿਜ਼ ਕਮਿਸ਼ਨ ਅਤੇ ਯੂ.ਪੀ.ਐੱਸ.ਸੀ. ਦੇ ਇਮਤਿਹਾਨਾਂ ਦੀ ਤਿਆਰੀ ਲਈ ਕੋਚਿੰਗ ਕਲਾਸਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਕਲਾਸਾਂ ਵਿੱਚ ਆਈ.ਏ.ਐਸ./ਪੀ.ਸੀ.ਐਸ. (ਪ੍ਰੀ)-ਰੈਗੂਲਰ (ਸੋਮਵਾਰ ਤੋਂ ਸ਼ੁਕਰਵਾਰ), ਵੀਕਐਂਡ ਕੋਰਸ (ਕੇਵਲ ਸ਼ਨੀਵਾਰ ਅਤੇ ਐਤਵਾਰ) ਅਤੇ ਯੂ.ਜੀ.ਸੀ./ਨੈੱਟ ਦੀਆਂ ਕੋਚਿੰਗ ਕਲਾਸਾਂ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਇਹ ਵਿਭਾਗ ਪਿਛਲੇ ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਬਹੁਤ ਹੀ ਵਾਜਿਬ ਫੀਸਾਂ 'ਤੇ ਉੱਚ ਸ਼੍ਰੇਣੀ ਦੀ ਸਿਖਲਾਈ ਪ੍ਰਦਾਨ ਕਰਦਾ ਰਿਹਾ ਹੈ। ਵਿਭਾਗ ਵਿਖੇ ਇੱਕ ਵਿਸ਼ਾਲ ਲਾਇਬ੍ਰੇਰੀ ਅਤੇ ਹੋਰ ਲੋੜੀਂਦਾ ਸਾਜ਼ੋ-ਸਮਾਨ ਉਪਲਬਧ ਹੈ। ਪੰਜਾਬੀ ਯੂਨੀਵਰਸਿਟੀ ਦੇ ਮਾਹਿਰ ਅਧਿਆਪਕ ਇੱਥੇ ਵਿਦਿਆਰਥੀਆਂ ਨੂੰ ਸਿਖਲਾਈ ਦਿੰਦੇ ਹਨ।
ਵਿਭਾਗ ਦੇ ਡਾਇਰੈਕਟਰ, ਡਾ. ਅਮਰ ਇੰਦਰ ਸਿੰਘ ਨੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ, ਪਟਿਆਲਾ ਹਮੇਸ਼ਾ ਤੋਂ ਉਹਨਾਂ ਵਿਦਿਆਰਥੀਆਂ ਦੇ ਨਾਲ ਖੜ੍ਹੀ ਹੈ ਜੋ ਆਪਣੀ ਸਖ਼ਤ ਮਿਹਨਤ ਨਾਲ ਜਿ਼ੰਦਗੀ ਵਿੱਚ ਕੁੱਝ ਹਾਸਿਲ ਕਰਨਾ ਚਾਹੁੰਦੇ ਹਨ। ਪੰਜਾਬੀ ਯੂਨੀਵਰਸਿਟੀ ਦਾ ਇਹ ਵਿਭਾਗ ਹਫ਼ਤੇ ਵਿੱਚ ਸੱਤ ਦਿਨ ਅਤੇ ਸਾਲ ਵਿੱਚ 365 ਦਿਨ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਖੁੱਲ੍ਹਾ ਰਹਿੰਦਾ ਹੈ।
ਉਨ੍ਹਾਂ ਦੱਸਿਆ ਕਿ ਇਹਨਾਂ ਕਲਾਸਾਂ ਵਿੱਚ ਦਾਖ਼ਲਾ ਲੈਣ ਸਬੰਧੀ ਵਿਦਿਆਰਥੀ ਆਪਣੀਆਂ ਅਰਜ਼ੀਆਂ 30-11-2021 ਤੱਕ iastrainingcentrepbi@gmail.com ਰਾਹੀਂ ਵੀ ਭੇਜ ਸਕਦੇ ਹਨ। ਚੁਣੇ ਗਏ ਵਿਦਿਆਰਥੀਆਂ ਨੂੰ ਈਮੇਲ ਅਤੇ ਮੋਬਾਇਲ ਰਾਹੀਂ ਸੰਪਰਕ ਕੀਤਾ ਜਾਵੇਗਾ। ਇਹਨਾਂ ਕੋਰਸਾਂ ਦੀਆਂ ਕਲਾਸਾਂ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਜਲਦ ਹੀ ਸ਼ੁਰੂ ਕੀਤੀਆਂ ਜਾਣਗੀਆਂ। ਹੋਰ ਵਧੇਰੇ ਜਾਣਕਾਰੀ ਲੈਣ ਸਬੰਧੀ ਵਿਦਿਆਰਥੀ ਵਿਭਾਗ ਦੇ ਫੋਨ ਨੰ: 0175-5136351,52 ਅਤੇ 98554-68641 ਤੇ ਸਪੰਰਕ ਕਰ ਸਕਦੇ ਹਨ ਅਤੇ ਯੂਨੀਵਰਸਿਟੀ ਦੀ ਵੈਬਸਾਈਟ www.punjabiuniversity.ac.in 'ਤੇ ਵੀ ਵੇਖ ਸਕਦੇ ਹਨ।