ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਘੇਰਨਗੇ ਪ੍ਰਗਟ ਸਿੰਘ ਦੀ ਕੋਠੀ - ਸੇਖਾ
ਜੀ ਐਸ ਪੰਨੂ
ਪਟਿਆਲਾ,21 ਨਵੰਬਰ,2021:ਦੇਸ਼ ਦੀ ਭਾਜਪਾ ਸਰਕਾਰ ਨੇ ਆਖਿਰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕਦਿਆਂ ਕਿਸਾਨ ਵਿਰੋਧੀ ਬਿੱਲ ਵਾਪਿਸ ਲਏ ਹਨ, ਇਸੇ ਤਰਜ਼ ਉੱਤੇ ਪੰਜਾਬ ਸਰਕਾਰ ਨੂੰ ਵੀ ਜਲਦੀ ਬੇਰੁਜ਼ਗਾਰਾਂ ਦੇ ਸੰਘਰਸ਼ ਅੱਗੇ ਝੁਕਦਿਆਂ ਮੰਗਾਂ ਪੂਰੀਆਂ ਕਰਨੀਆਂ ਪੈਣਗੀਆਂ। ਇਸੇ ਲਈ ਜਲੰਧਰ ਦੇ ਬੱਸ ਸਟੈਂਡ ਵਿੱਚ ਮੋਰਚਾ ਜਾਰੀ ਹੈ ਅਤੇ 23 ਨਵੰਬਰ ਨੂੰ ਵੱਡਾ ਕਾਫ਼ਲਾ ਮੁੜ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕਰੇਗਾ।
ਉਕਤ ਸਬਦਾਂ ਦਾ ਪ੍ਰਗਟਾਵਾ ਬੀ.ਐੱਡ ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸੇਖਾ ਨੇ ਕੀਤਾ।
ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਿੱਚ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਵੱਡੀ ਗਿਣਤੀ ਵਿੱਚ ਹਨ। ਅਸਾਮੀਆਂ ਦੀ ਮੰਗ ਨੂੰ ਲੈ ਕੇ ਪਹਿਲਾਂ 21 ਅਗਸਤ ਤੋਂ 28 ਅਕਤੂਬਰ ਤੱਕ ਉਸ ਵੇਲੇ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਸ਼ਹਿਰ ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਮਨੀਸ਼ ਫਾਜ਼ਿਲਕਾ ਅਤੇ ਹੁਣ 28 ਅਕਤੂਬਰ ਤੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਸ਼ਹਿਰ ਬੱਸ ਸਟੈਂਡ ਦੀ ਪਾਣੀ ਵਾਲੀ ਟੈਂਕੀ ਉੱਤੇ ਮਨੀਸ਼ ਫਾਜ਼ਿਲਕਾ ਅਤੇ ਜਸਵੰਤ ਘੁਬਾਇਆ ਚੜ੍ਹੇ ਹੋਏ ਹਨ। ਭਾਵੇਂ ਅਨੇਕਾਂ ਮੀਟਿੰਗਾਂ ਵਿੱਚ ਨਵੇਂ ਸਿੱਖਿਆ ਮੰਤਰੀ ਨੇ ਭਰਤੀ ਦਾ ਭਰੋਸਾ ਦਿੱਤਾ ਹੈ, ਪ੍ਰੰਤੂ ਟਾਲ-ਮਟੋਲ ਕਰਕੇ ਸਮਾਂ ਲੰਘਾਇਆ ਜਾ ਰਿਹਾ ਹੈ। ਬੀਤੇ 17 ਨਵੰਬਰ ਦੀ ਮੀਟਿੰਗ ਵਿੱਚ 2-4 ਦਿਨਾਂ ਵਿਚ ਇਸ਼ਤਿਹਾਰ ਜਾਰੀ ਕਰਨ ਦਾ ਭਰੋਸਾ ਦਿੱਤਾ ਸੀ। ਜਿਹੜਾ ਅਜੇ ਤੱਕ ਪੂਰਾ ਨਹੀਂ ਕੀਤਾ। ਉਹਨਾਂ ਚੇਤਾਵਨੀ ਦਿੱਤੀ ਕਿ ਜੇਕਰ ਜਲਦੀ ਇਸ਼ਤਿਹਾਰ ਜਾਰੀ ਨਾ ਕੀਤਾ ਤਾਂ ਮੁੜ 23 ਨਵੰਬਰ ਨੂੰ ਵਿਸ਼ਾਲ ਕਾਫ਼ਲਾ ਜਲੰਧਰ ਦੇ ਬੱਸ ਸਟੈਂਡ ਤੋਂ ਚੱਲ ਕੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਦੀ ਕੋਠੀ ਦਾ ਘਿਰਾਓ ਕਰੇਗਾ। ਜਿਸ ਵਿੱਚ ਇਸ ਜਿਲ੍ਹੇ ਵਿੱਚੋ ਵੱਡੀ ਗਿਣਤੀ ਵਿੱਚ ਬੇਰੁਜ਼ਗਾਰ ਸ਼ਮੂਲੀਅਤ ਕਰਨਗੇ।
ਇਸ ਮੌਕੇ ਕੁਲਦੀਪ ਰਾਮਨਗਰ, ਰਮਨਦੀਪ ਸਿਰਥਲਾ, ਸੁਸ਼ੀਲ ਕੁਮਾਰ ਅਤੇ ਰਾਜਵੀਰ ਕੌਰ ਹਾਜ਼ਰ ਸਨ।