ਗੁਰੂ ਨਾਨਕ ਖ਼ਾਲਸਾ ਕਾਲਜ ਵੱਲੋਂ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ
ਬਲਵਿੰਦਰ ਸਿੰਘ ਧਾਲੀਵਾਲ
- ਢਾਡੀ ਜਥਾ ਫੌਜਾ ਸਿੰਘ ਸਾਗਰ ਨੇ ਗੁਰੂ ਗ੍ਰੰਥ ਸਾਹਿਬ ਵੱਲੋਂ ਬੰਦੀ ਛੋੜ ਦਿਵਸ ਦੀ ਮਹੱਤਤਾ ਤੇ ਰੋਸ਼ਨੀ ਪਾਈ
ਸੁਲਤਾਨਪੁਰ ਲੋਧੀ 23 ਨਵੰਬਰ 2021 ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ 400 ਸਾਲਾ ਬੰਦੀ ਛੋੜ ਦਿਵਸ ਨੂੰ ਸਮਰਪਤ ਸਥਾਨਕ ਗੁਰੂ ਨਾਨਕ ਖ਼ਾਲਸਾ ਕਾਲਜ ਅਟੋਰੀਅਮ ਵਿਖੇ ਨਜ਼ਦੀਕ ਗੁਰੂ ਨਾਨਕ ਦੇਵ ਸਟੇਡੀਅਮ ਧਾਰਮਿਕ ਸਮਾਗਮ ਸੰਸਥਾ ਦੇ ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਦੀ ਅਗਵਾਈ ਹੇਠ ਕਰਵਾਇਆ ਗਿਆ। ਵੱਡੀ ਗਿਣਤੀ ਚ ਪਹੁੰਚੀਆਂ ਸੰਗਤਾਂ ਨੂੰ ਇੰਜੀਨੀਅਰ ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖ਼ਾਲਸਾ ਕਾਲਜ ਪ੍ਰਬੰਧਕ ਕਮੇਟੀ, ਬੀਬੀ ਗੁਰਪ੍ਰੀਤ ਕੌਰ ਰੂਹੀ ਮੈਂਬਰ ਐਸਜੀਪੀਸੀ ਨੇ ਸਵਾਗਤ ਕੀਤਾ ਅਤੇ ਜੀ ਆਇਆਂ ਕਿਹਾ। ਧਾਰਮਿਕ ਸਮਾਗਮ ਦੀ ਸ਼ੁਰੂਆਤ ਢਾਡੀ ਜਥਾ ਭਾਈ ਫੌਜਾ ਸਿੰਘ ਸਾਗਰ ਨੇ ਵਾਰਾਂ ਰਾਹੀਂ ਤੇ ਬੰਦੀ ਛੋੜ ਦਿਵਸ ਦੀ ਮਹੱਤਤਾ ਨੂੰ ਦਰਸਾਇਆ। ਉਨ੍ਹਾਂ ਦੱਸਿਆ ਕਿ ਮੁਗਲਾਂ ਨੇ ਜਦੋਂ ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਕਿਲ੍ਹੇ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਅਤੇ ਇਸ ਨੂੰ ਜੇਲ੍ਹ ਵਿੱਚ ਤਬਦੀਲ ਕਰ ਦਿੱਤਾ। ਇਸ ਕਿਲ੍ਹੇ ਵਿੱਚ ਮੁਗਲ ਸਲਤਨਤ ਦੇ ਲਈ ਖ਼ਤਰਾ ਮੰਨੇ ਜਾਣ ਵਾਲੇ ਲੋਕਾਂ ਨੂੰ ਕੈਦ ਕਰਕੇ ਰੱਖਿਆ ਜਾਂਦਾ ਸੀ।
ਬਾਦਸ਼ਾਹ ਜਹਾਂਗੀਰ ਨੇ ਇੱਥੇ 52 ਰਾਜਿਆਂ ਦੇ ਨਾਲ ਛੇਵੀਂ ਪਾਤਸ਼ਾਹੀ ਗੁਰੂ ਹਰਗੋਬਿੰਦ ਸਾਹਿਬ ਨੂੰ ਕੈਦ ਵਿੱਚ ਰੱਖਿਆ ਸੀ। ਉਨ੍ਹਾਂ ਦੱਸਿਆ ਕਿ ਜਹਾਂਗੀਰ ਨੂੰ ਸੁਪਨੇ ਵਿੱਚ ਇੱਕ ਰੂਹਾਨੀ ਹੁਕਮ ਦੇ ਕਾਰਨ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾਅ ਕਰਨ ਤੇ ਮਜਬੂਰ ਹੋਣਾ ਪਿਆ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਜਦੋਂ ਰਿਹਾਅ ਕਰਨ ਲੱਗੇ ਤਾਂ ਗੁਰੂ ਸਾਹਿਬ ਨੇ 52 ਕੈਦੀ ਰਾਜਿਆਂ ਨੂੰ ਵੀ ਆਪਣੇ ਨਾਲ ਰਿਹਾਅ ਕਰਨ ਦੀ ਮੰਗ ਕੀਤੀ ਅਤੇ ਕਿਹਾ ਕਿ ਉਹ ਵੀ ਉਨ੍ਹਾਂ ਦੇ ਬਿਨਾਂ ਜੇਲ੍ਹ ਵਿੱਚੋਂ ਬਾਹਰ ਨਹੀਂ ਜਾਣਗੇ। ਜਹਾਂਗੀਰ ਨੂੰ ਮਜਬੂਰ ਹੋ ਕੇ ਗੁਰੂ ਸਾਹਿਬ ਦੇ ਨਾਲ 52 ਰਾਜਿਆਂ ਨੂੰ ਵੀ ਰਿਹਾਅ ਕਰਨਾ ਪਿਆ।
ਗੁਰੂ ਗੋਬਿੰਦ ਸਾਹਿਬ ਨੂੰ ਇਸ ਕਾਰਨ ਹੀ ਦਾਤਾ ਬੰਦੀ ਛੋੜ ਕਿਹਾ ਗਿਆ। ਜਿੱਥੇ ਗੁਰੂ ਜੀ ਦੀ ਯਾਦ ਵਿੱਚ 1968 ਵਿਚ ਸੰਤ ਬਾਬਾ ਅਮਰ ਸਿੰਘ ਨੇ ਗਵਾਲੀਅਰ ਦੀ ਸਥਾਪਨਾ ਕਰਵਾਈ ਸੀ। ਇਸ ਮੌਕੇ ਭਾਈ ਫੌਜਾ ਸਿੰਘ ਸਾਗਰ ਵੱਲੋਂ ਕਿਸਾਨੀ ਸੰਘਰਸ਼ ਦੌਰਾਨ ਬਣਾਈ ਕਵਿਤਾ ਵੀ ਸੁਣਾਈ ਗਈ ਅਤੇ ਕੇਂਦਰ ਸਰਕਾਰ ਵੱਲੋਂ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਤਾਂ ਸਮੁੱਚੀ ਸੰਗਤ ਨੇ ਜੋ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ ਨਾਲ ਹਾਲ ਗੁੰਜਾਇਮਾਨ ਕਰ ਦਿੱਤਾ। ਸਮਾਗਮ ਨੂੰ ਸੰਬੋਧਨ ਕਰਦਿਆਂ ਉੱਘੇ ਅਕਾਲੀ ਆਗੂ ਰਣਜੀਤ ਸਿੰਘ ਬਿਧੀਪੁਰ, ਕਮਲਜੀਤ ਸਿੰਘ ਹੈਬਤਪੁਰ, ਭਜਨ ਸਿੰਘ ਫੌਜੀ ਕਲੋਨੀ ਨੇ ਕਿਹਾ ਕਿ ਅੱਜ ਲੋਡ਼ ਹੈ ਸਾਨੂੰ ਗੁਰੂ ਸਾਹਿਬ ਵੱਲੋਂ ਦਰਸਾਏ ਗਏ ਆਦਰਸ਼ਾਂ ਤੇ ਚੱਲਣ ਦੀ ਰਾਜਨੀਤੀ ਵਿੱਚ ਆਈ ਗਿਰਾਵਟ ਨੇ ਧਰਮ ਨੂੰ ਵੀ ਕਾਫ਼ੀ ਨੁਕਸਾਨ ਪਹੁੰਚਾਇਆ ਹੈ।
ਅਸੀਂ ਆਪਣੇ ਹੀ ਧਰਮ ਤੋਂ ਬੇਮੁੱਖ ਹੁੰਦੇ ਜਾ ਰਹੇ ਹਾਂ ਨੌਜਵਾਨ ਪੀੜ੍ਹੀ ਵਿਦੇਸ਼ਾਂ ਵਿੱਚ ਜਾ ਕੇ ਵਸ ਰਹੀ ਹੈ ਅਤੇ ਉਸ ਨੂੰ ਸਿੱਖ ਧਰਮ ਦੀ ਮਹੱਤਤਾ ਭੁੱਲਦੀ ਜਾ ਰਹੀ ਹੈ। ਪੰਜਾਬ ਪੰਜਾਬੀਅਤ ਤੇ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਆਓ ਰਲ ਕੇ ਉਪਰਾਲੇ ਕਰੀਏ ਸਟੇਜ ਸਕੱਤਰ ਦੀ ਭੂਮਿਕਾ ਭਾਈ ਹਰਵਿੰਦਰ ਸਿੰਘ ਨੇ ਨਿਭਾਈ। ਗੁਰੂ ਨਾਨਕ ਖ਼ਾਲਸਾ ਕਾਲਜ ਦੀਆਂ ਵਿਦਿਆਰਥਣਾਂ ਨੇ ਸ਼ਹੀਦ ਊਧਮ ਸਿੰਘ ਦੀ ਸ਼ਹਾਦਤ ਸਬੰਧੀ ਵਾਰ ਪੇਸ਼ ਕੀਤੀ। ਪ੍ਰਧਾਨ ਇੰਜੀਨੀਅਰ ਸਵਰਨ ਸਿੰਘ ਨੇ ਪੁੱਜੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਸ ਮੌਕੇ ਹਰਜਿੰਦਰ ਸਿੰਘ ਲਾਡੀ, ਬਲਬੀਰ ਸਿੰਘ ਸਾਬਕਾ ਸਰਪੰਚ, ਗੁਰਦਿਆਲ ਸਿੰਘ ਖਾਲਸਾ, ਚੈਂਚਲ ਸਿੰਘ, ਗੁਰਦਿਆਲ ਸਿੰਘ, ਪ੍ਰਤਾਪ ਸਿੰਘ ਮੋਮੀ, ਗੌਰਵ ਪੰਡਤ, ਚਰਨਜੀਤ ਸਹੋਤਾ, ਜਥੇਦਾਰ ਕੱਥਾ ਸਿੰਘ, ਚੇਅਰਮੈਨ ਰਾਜਿੰਦਰ ਸਿੰਘ ਚੇਅਰਮੈਨ, ਸੁਖਚੈਨ ਸਿੰਘ ਮਨਿਆਲਾ,ਮਾਨ ਸਿੰਘ ਸਾਬਕਾ ਸਰਪੰਚ, ਗੁਰਦਿਆਲ ਸਿੰਘ ਠੱਟਾ ਨਵਾਂ, ਬੀਬੀ ਬਲਜੀਤ ਕੌਰ, ਬੀਬੀ ਮਹਿੰਦਰ ਕੌਰ, ਬੀਬੀ ਜਸਵਿੰਦਰ ਕੌਰ, ਬੀਬੀ ਸੁਖਵਿੰਦਰ ਕੌਰ, ਭਾਈ ਗੁਰਪ੍ਰੀਤ ਸਿੰਘ ਪ੍ਰਚਾਰਕ ਮਾਝਾ ਜ਼ੋਨ, ਗੁਰਦੀਪ ਸਿੰਘ ਸਰਪੰਚ, ਸੁਰਜੀਤ ਸਿੰਘ, ਕਲਵਿੰਦਰ ਦੇਸਲ, ਡਾ ਗੁਰਵਿੰਦਰ ਸਿੰਘ, ਗੱਜਣ ਸਿੰਘ, ਭਗਵਾਨ ਸਿੰਘ ਮੈਰੀਪੁਰ, ਚਰਨਜੀਤ ਸਹੋਤਾ, ਪਰਗਟ ਸਿੰਘ, ਤਰਲੋਕ ਸਿੰਘ ਹੈਬਤਪੁਰ, ਰਣਜੀਤ ਸਿੰਘ ਡੱਲਾ ਆਦਿ ਨੇ ਵੀ ਗੁਰੂ ਸਾਹਿਬ ਵੱਲੋਂ ਵਿਖਾਏ ਮਾਰਗ ਤੇ ਚੱਲਣ ਲਈ ਪ੍ਰੇਰਿਆ ।