ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ ਧੂਮ ਧੜੱਕੇ ਨਾਲ ਸ਼ੁਰੂ, ਜਾਣੋਂ ਨਤੀਜੇ ਕਿਹੋ ਜਹੇ ਰਹੇ ?
ਜੀ ਐਸ ਪੰਨੂ
ਪਟਿਆਲਾ, 23 ਨਵੰਬਰ,2021 - ਪੰਜਾਬੀ ਯੂਨੀਵਰਸਿਟੀ ਦੀ 58ਵੀਂ ਸਾਲਾਨਾ ਐਥਲੈਟਿਕ ਮੀਟ, 2021-22 ਦਾ ਸ਼ੁਭਆਰੰਭ ਬੜੇ ਧੂੰਮ ਧੜੱਕੇ ਹੋਇਆ । ਤਿੰਨ ਰੋਜ਼ਾ ਚੱਲਣ ਵਾਲੇ ਇਹਨਾਂ ਮੁਕਾਬਲਿਆਂ ਵਿਚ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੀਆਂ 40 ਲੜਕੀਆਂ ਅਤੇ 45 ਲੜਕਿਆਂ ਦੀਆਂ ਟੀਮਾਂ ਵਿੱਚ ਲਗਭਗ 800 ਖਿਡਾਰੀ/ਖਿਡਾਰਣਾਂ ਭਾਗ ਲੈ ਰਹੇ ਹਨ। । ਖੇਡ ਵਿਭਾਗ ਪੰਜਾਬੀ ਯੂਨੀਵਰਸਿਟੀ ਵੱਲੋਂ ਹਰੇਕ ਖਿਡਾਰੀ ਜਿਹੜਾ, ਕਿਸੇ ਵੀ ਈਵੈਂਟ ਵਿਚ ਨਵਾਂ ਰਿਕਾਰਡ ਦਰਜ ਕਰਦਾ ਹੈ, ਨੂੰ 10000/-ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਗੁਰਬਖਸ਼ ਸਿੰਘ ਯੂਐਸਏ ਵੱਲੋਂ ਇਹਨਾਂ ਮੁਕਾਬਲਿਆਂ ਦੌਰਾਨ ਆਉਣ ਵਾਲੇ ਬੈਸਟ ਐਥਲੀਟ ਪੁਰਸ਼ ਅਤੇ ਮਹਿਲਾ ਨੂੰ ਕ੍ਰਮਵਾਰ 7500/-ਰੁਪਏ ਦੀ ਇਨਾਮੀ ਰਾਸ਼ੀ ਪ੍ਰਦਾਨ ਕੀਤੀ ਜਾਵੇਗੀ।
ਅੱਜ ਦੇ ਨਤੀਜੇ:
ਮਹਿਲਾਵਾਂ ਦੇ 800 ਮੀਟਰ ਦੌੜ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੀ ਹਰਮਿਲਨ ਬੈਂਸ ਨੇ 2:12:21 ਸੈਕਿੰਡ ਦੇ ਸਮੇਂ ਨਾਲ ਆਪਣਾ ਹੀ ਰਿਕਾਰਡ (ਪਿਛਲੇ ਸਾਲ ਦਾ ਸਮਾਂ 2:13.15 ਸੈਕਿੰਡ) ਤੋੜ ਕੇ ਨਵਾਂ ਰਿਕਾਰਡ ਕਾਇਮ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ। ਦੂਜੇ ਸਥਾਨ ਤੇ ਇਸੇ ਕਾਲਜ ਦੀ ਪਰਵੀਨ ਕੌਰ 2:31.71 ਸੈਕਿੰਡ ਨਾਲ ਰਹੀ ਅਤੇ ਐਸ.ਯੂ.ਐਸ. ਮਹਿਲਾ ਚੌਂਕ ਦੀ ਮਨਦੀਪ ਕੌਰ ਨੇ 2:33.78 ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ। ਜੈਵਿਲਨ ਥਰੋਅ ਮੁਕਾਬਲਿਆਂ ਵਿਚ ਖਾਲਸਾ ਗਰਲਜ਼ ਕਾਲਜ ਮੋਰਿੰਡਾ ਦੀ ਸਰੋਜ ਦੇਵੀ ਨੇ 45.00 ਮੀਟਰ ਨਾਲ ਨਵਾਂ ਰਿਕਾਰਡ ਕਾਇਮ ਕਰਨ ਵਿਚ ਸਫਲਤਾ ਪ੍ਰਾਪਤ ਕੀਤੀ (ਪੁਰਾਣਾ ਰਿਕਾਰਡ 44.86 ਮੀਟਰ ਪੂਨਮ ਪਾਲ ਫਿਜ਼ੀਕਲ ਕਾਲਜ ਕਲਿਆਣ, 2018)। ਜਦੋਂਕਿ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਦੀ ਮਨਪ੍ਰੀਤ ਕੌਰ ਨੇ 44.40 ਮੀਟਰ ਦੇ ਫਾਸਲੇ ਨਾਲ ਦੂਜਾ ਅਤੇ ਗੌਰਮਿੰਟ ਬ੍ਰਿਜਿੰਦਰਾ ਕਾਲਜ ਫਰੀਦਕੋਟ ਦੀ ਜਸਪ੍ਰੀਤ ਕੌਰ ਨੇ 38.74 ਮੀਟਰ ਨਾਲ ਤੀਸਰਾ ਸਥਾਨ ਹਾਸਲ ਕੀਤਾ।
5000ਮੀਟਰ ਪੁਰਸ਼ ਦੌੜ ਮੁਕਾਬਲਿਆਂ ਵਿਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਸੌਰਭ ਨੇ 15:41.80 ਸੈਕਿੰਡ ਨਾਲ ਪਹਿਲਾ, ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਦੇਵਿੰਦਰ ਚੌਧਰੀ ਨੇ 15:51.05 ਨਾਲ ਦੂਜਾ ਅਤੇ ਆਸਰਾ ਇੰਸਟੀਚਿਯੂਟ ਭਵਾਨੀਗੜ੍ਹ ਦੇ ਬਿੱਕਰ ਸਿੰਘ ਨੇ 16:23.75 ਸੈਕਿੰਡ ਨਾਲ ਤੀਸਰਾ ਸਥਾਨ ਹਾਸਲ ਕੀਤਾ। ਡਿਸਕਸ ਥਰੋਅ ਮੁਕਾਬਲਿਆਂ ਵਿਚ ਨੈਸ਼ਨਲ ਫਿਜ਼ੀਕਲ ਕਾਲਜ ਚੁਪਕੀ ਦੇ ਅਮਿਤ ਕੁਮਾਰ ਨੇ 47.48 ਮੀਟਰ ਨਾਲ ਪਹਿਲਾ, ਖਾਲਸਾ ਕਾਲਜ ਪਟਿਆਲਾ ਦੇ ਅਰਸ਼ਦੀਪ ਨੇ 42.44 ਮੀਟਰ ਨਾਲ ਦੂਜਾ ਅਤੇ ਮਾਤਾ ਗੁਜ਼ਰੀ ਕਾਲਜ ਫਤਿਹਗੜ੍ਹ ਸਾਹਿਬ ਦੇ ਅਕਾਸ਼ਦੀਪ ਸਿੰਘ ਨੇ 42.26 ਮੀਟਰ ਨਾਲ ਤੀਸਰਾ ਸਥਾਨ ਹਾਸਲ ਕੀਤਾ।
ਖੇਡ ਮੁਕਾਬਲਿਆਂ ਦੇ ਪਹਿਲੇ ਦਿਨ ਡਾ. ਬਲਬੀਰ ਸਿੰਘ ਸੰਧੂ ਡੀਨ ਅਕਾਦਮਿਕ ਮਾਮਲੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਉਚੇਚੇ ਤੌਰ ਤੇ ਖਿਡਾਰੀਆਂ ਨੂੰ ਅਸ਼ੀਰਵਾਦ ਦੇ ਕੇ ਹੌਸਲਾ ਅਫ਼ਜ਼ਾਈ ਕੀਤੀ ਤੇ ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਸਾਹਿਬਾਨ ਜਿਨ੍ਹਾਂ ਵਿੱਚ ਡਾ. ਕੁਲਵੰਤ ਕੌਰ ਫਿਜ਼ੀਕਲ ਕਾਲਜ ਚੁਪਕੀ, ਡਾ. ਗੀਤਾ ਠਾਕੁਰ ਫਿਜ਼ੀਕਲ ਕਾਲਜ ਮਸਤੂਆਣਾ ਸਾਹਿਬ ਖਾਸ ਤੌਰ ਤੇ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਪੁੱਜੇ। ਇਸ ਸਮੇਂ ਡਾ. ਬਲਬੀਰ ਸਿੰਘ ਸੰਧੂ ਨੇ ਖੇਡਾਂ ਨੂੰ ਜੀਵਨ ਦਾ ਅਨਿਖੜ੍ਹਵਾਂ ਅੰਗ ਦੱਸਿਆ ਅਤੇ ਹਰ ਵਿਅਕਤੀ ਨੂੰ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਿਤ ਵੀ ਕੀਤਾ
ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਹਾਇਕ ਡਾਇਰੈਕਟਰ ਸਪੋਰਟਸ ਸ਼੍ਰੀਮਤੀ ਮਹਿੰਦਰਪਾਲ ਕੌਰ, ਡਾ. ਦਲਬੀਰ ਸਿੰਘ ਰੰਧਾਵਾ ਅਤੇ ਸ. ਦਲ ਸਿੰਘ ਬਰਾੜ, ਡਾ. ਜਸਬੀਰ ਸਿੰਘ ਸਾਬਕਾ ਜੁਆਇੰਟ ਡਾਇਰੈਕਟਰ ਸਪੋਰਟਸ, ਐਥਲੈਟਿਕਸ ਮਾਹਿਰ ਅਤੇ ਪ੍ਰਮੋਟਰ ਡਾ. ਕੌਰ ਸਿੰਘ, ਸ. ਹਰਭਜਨ ਸਿੰਘ ਸੰਧੂ, ਸ. ਧਰਮਿੰਦਰਪਾਲ ਸਿੰਘ ਸੰਧੂ, ਮਿਸ ਰੇਨੂੰ ਬਾਲਾ, ਮਿਸ ਰਚਨਾ ਦੇਵੀ ਅਤੇ ਸ਼੍ਰੀਮਤੀ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ। ਜਦੋਂਕਿ ਪ੍ਰਿੰਸਇੰਦਰ ਸਿੰਘ ਵੱਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ।