ਕੈਨੇਡਾ: ਪੈਸੇਫਿਕ ਅਕੈਡਮੀ ਦੇ ਵਿਦਿਆਰਥੀ ਗੁਰਦੁਆਰਾ ਬਰੁੱਕਸਾਈਡ ਵਿਖੇ ਨਤਮਸਤਕ ਹੋਏ
ਹਰਦਮ ਮਾਨ
ਸਰੀ, 23 ਨਵੰਬਰ 2021-ਪੈਸੇਫਿਕ ਅਕੈਡਮੀ ਦੇ ਨਵੇਂ ਵਿਦਿਆਰਥੀ ਇਕ ਆਪਣੇ ਅਧਿਆਪਕ ਕਰਿਸ ਵੈਨਡਜ਼ੂਰਾ ਦੀ ਅਗਵਾਈ ਹੇਠ ਬੀਤੇ ਦਿਨ ਗੁਰਦੁਆਰਾ ਸਾਹਿਬ ਬਰੁੱਕਸਾਈਡ ਸਰੀ ਦੇ ਦਰਸ਼ਨ ਕਰਨ ਅਤੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਲਈ ਨਤਮਸਤਕ ਹੋਏ। ਮਹਾਂਮਾਰੀ ਕਾਰਨ ਗੁਰਦੁਆਰਾ ਸਾਹਿਬ ਵਿਚ ਹਾਜਰੀ ਭਰਨ ਦੀ ਮਨਾਹੀ ਵਿਚ ਨਵੰਬਰ ਮਹੀਨੇ ਵਿਚ ਕੁਝ ਖੁੱਲ੍ਹ ਮਿਲੀ ਹੋਣ ਕਰਕੇ ਬੰਦੀ ਛੋੜ ਦਿਵਸ, ਦੀਵਾਲੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਬੜੀ ਹੀ ਧੂਮ ਧਾਮ ਨਾਲ ਸੰਗਤ ਵੱਲੋਂ ਮਨਾਏ ਗਏ।
ਅਧਿਆਪਕ ਕਰਿਸ ਵੈਨਡਜ਼ੂਰਾ ਨੇ ਆਪਣੇ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਸਾਹਿਬ ਪੁੱਜ ਕੇ ਗੁਰੂ ਸਾਹਿਬ ਤੇ ਸਿੱਖ ਧਰਮ ਬਾਰੇ ਜਾਣਕਾਰੀ ਲੈਣ ਦੀ ਖਾਹਿਸ਼ ਪ੍ਰਗਟ ਕੀਤੀ। ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੇ ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਸਾਰਿਆਂ ਨੂੰ ਜੀ ਆਇਆਂ ਕਿਹਾ ਤੇ ਗੁਰਦੁਅਰਾ ਸਾਹਿਬ ਦੀ ਮਰਿਆਦਾ,ਸਿੱਖ ਧਰਮ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਸਬੰਧੀ ਮੁਢਲੀ ਜਾਣਕਾਰੀ ਦਿੱਤੀ। ਵਿਦਿਆਰਥੀਆਂ ਨੇ ਸਿੱਖ ਧਰਮ ਬਾਰੇ ਅਤੇ ਗੁਰਦੁਆਰਾ ਸਾਹਿਬ ਵਿਚ ਦਿਖਾਈ ਦੇ ਰਹੇ ਪਹਿਲੂਆਂ ਬਾਰੇ ਸੁਆਲ ਵੀ ਪੁੱਛੇ। ਤਕਰੀਬਨ ਅੱਧਾ ਘੰਟਾ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਲੰਗਰ ਹਾਲ ਵਿਚ ਜਾ ਕੇ ਲੰਗਰ ਛਕਿਆ। ਉਪਰੰਤ ਕਰਿਸ ਵੈਨਡਜ਼ੂਰਾ ਅਤੇ ਵਿਦਿਆਰਥੀਆਂ ਨੇ ਵਿਦਾਇਗੀ ਲਈ ਅਤੇ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਅਤੇ ਪ੍ਰਬੰਧਕਾਂ ਵੱਲੋਂ ਸੇਵਾਵਾਂ ਪ੍ਰਦਾਨ ਕਰਨ ਲਈ ਧੰਨਵਾਦ ਕੀਤਾ।
ਵਰਨਣਯੋਗ ਹੈ ਕਿ ਪੈਸੇਫਿਕ ਅਕੈਡਮੀ ਇਕ ਪ੍ਰਾਈਵੇਟ ਸਕੂਲ ਹੈ ਤੇ ਇਸ ਦੇ ਅਧਿਆਪਕ ਕਰਿਸ ਵੈਨਡਜ਼ੂਰਾ ਵਿਦਿਆਰਥੀਆਂ ਨੂੰ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਅਕਸਰ ਹੀ ਲੈ ਕੇ ਆਉਂਦੇ ਹਨ। ਪ੍ਰਧਾਨ ਸੁਰਿੰਦਰ ਸਿੰਘ ਜੱਬਲ ਨੇ ਵਿਦਿਆਰਥੀਆਂ ਨੂੰ ਆਪਣੇ ਆਸ ਪਾਸ ਦੇ ਧਰਮ ਤੇ ਸੱਭਿਆਚਾਰ ਤੋਂ ਜਾਣੂੰ ਹੋਣ ਦਾ ਮੌਕਾ ਪ੍ਰਦਾਨ ਕਰਨ ਲਈ ਪੈਸੇਫਿਕ ਅਕੈਡਮੀ ਦੇ ਪ੍ਰਬੰਧਕਾਂ ਦੀ ਸ਼ਲਾਘਾ ਕੀਤੀ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com