ਮਾਲੇਰਕੋਟਲਾ : ਗਊ ਅੰਸ਼ ਮਿਲਣ ਮਗਰੋਂ ਹਿੰਦੂ ਜਥੇਬੰਦੀਆਂ ’ਚ ਰੋਸ , 6 ਵਿਰੁੱਧ ਮਾਮਲਾ ਦਰਜ
ਹਰਮਿੰਦਰ ਸਿੰਘ ਭੱਟ
ਅਹਿਮਦਗੜ੍ਹ, 24 ਨਵੰਬਰ, 2021: ਜ਼ਿਲ੍ਹਾ ਮਾਲੇਰਕੋਟਲਾ ਦਾ ਮਾਹੌਲ ਉਸ ਸਮੇਂ ਤਣਾਅਪੂਰਨ ਹੋ ਗਿਆ ਜਦੋਂ ਹਥੋਆ ਰੋਡ ਨੇੜੇ ਲੰਘਦੀ ਲਸਾੜਾ ਡਰੇਨ ’ਚੋਂ ਗਊ ਦੇ ਅੰਸ਼ ਵੱਡੀ ਮਾਤਰਾ ਵਿੱਚ ਮਿਲੇ। ਘਟਨਾ ਸਥਾਨ ’ਤੇ ਮੌਜੂਦ ਗਊ ਰੱਖਿਆ ਦੇ ਰਾਸ਼ਟਰੀ ਪ੍ਰਧਾਨ ਸਤੀਸ਼ ਕੁਮਾਰ, ਸ਼ਿਵ ਸੈਨਾ ਬਾਲ ਠਾਕਰੇ ਪੰਜਾਬ ਦੇ ਕਾਰਜਕਾਰੀ ਪ੍ਰਧਾਨ ਹਰੀਸ਼ ਸਿੰਗਲਾ ਤੇ ਸ਼ਿਵ ਸੈਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੇ ਕਿਹਾ ਕਿ ਹਾਅ ਦੀ ਨਾਅਰਾ ਦੀ ਧਰਤੀ ਮਾਲੇਰਕੋਟਲਾ ਜਿੱਥੇ ਹਿੰਦੂ, ਮੁਸਲਿਮ, ਸਿੱਖ ਇਸਾਈ ਸਭ ਰਲ ਮਿਲ ਕੇ ਰਹਿੰਦੇ ਹਨ, ਕੁਝ ਫਿਰਕਾਪ੍ਰਸਤ ਲੋਕਾਂ ਵੱਲੋਂ ਬਾਰ-ਬਾਰ ਗਊਆਂ ਦਾ ਕਤਲ ਕਰ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਜਾ ਰਹੀ ਹੈ ਪ੍ਰੰਤੂ ਇੱਥੋਂ ਦਾ ਪੁਲਿਸ ਪ੍ਰਸਾਸ਼ਨ ਦੋਸ਼ੀਆਂ ਖ਼ਿਲਾਫ਼ ਠੋਸ ਕਾਰਵਾਈ ਨਹੀਂ ਕਰਦੇ।
ਮੌਕੇ ’ਤੇ ਮੌਜੂਦ ਐਸ.ਪੀ. (ਡੀ) ਰਵਨੀਸ਼ ਕੁਮਾਰ ਨੇ ਦੱਸਿਆ ਕਿ ਸੰਦੀਪ ਕੁਮਾਰ ਪੁੱਤਰ ਰਵਿੰਦਰ ਨਾਥ ਵਾਸੀ ਫਰੀਦ ਨਗਰ, ਗਲੀ ਨੰਬਰ 3, ਮਕਾਨ ਨੰਬਰ 122, ਰਾਮਪੂਰਾ ਫੂਲ ਬਠਿੰਡਾ ਦੇ ਬਿਆਨਾਂ ਦੇ ਆਧਾਰ ’ਤੇ ਸੈਫੂ, ਸੈਫੂ ਦੀ ਘਰਵਾਲੀ ਫਰੀਦਾ, ਨਿੱਕਾ, ਤਾਲਿਬ, ਹਨੀਫ, ਸਲੀਮ ਉਰਫ ਕਾਕਾ ਪੁੱਤਰ ਖੋਸਾ ਵਾਸੀ ਹਥੋਆ ’ਤੇ ਧਾਰਾ 295 ਏ, 428, 153 ਏ, 429, 120ਬੀ ਆਈ.ਪੀ.ਸੀ. 030408 ਗਊ ਐਕਟ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਰੇਨ ’ਚੋਂ ਮਿਲੇ ਗਊ ਅੰਸ਼ਾਂ ਦਾ ਹਿੰਦੂ ਰੀਤੀ ਰਿਵਾਜ਼ਾਂ ਅਨੁਸਾਰ ਕਿਰਿਆ ਕਰਮ ਕਰ ਦਿੱਤਾ ਗਿਆ। ਇਸ ਮੌਕੇ ’ਤੇ ਪੰਜਾਬ ਪ੍ਰਧਾਨ ਸੰਦੀਪ ਵਰਮਾ, ਗਊ ਰੱਖਿਆ ਦਲ ਮਾਲੇਰਕੋਟਲਾ ਦੇ ਪ੍ਰਧਾਨ ਅਨੁਰਾਗ, ਰਾਸ਼ਟਰੀ ਪ੍ਰਧਾਨ ਬਜਰੰਗ ਦਲ ਹਿੰਦ ਹਿਤੇਸ਼ ਭਾਰਦਵਾਜ, ਜ਼ਿਲਾ ਪ੍ਰਧਾਨ ਸ਼ਿਵ ਸੈਨਾ ਬਾਲ ਠਾਕਰੇ ਸ਼ੰਕਰ ਭਾਰਦਵਾਜ ਅਤੇ ਮਹਿੰਦਰ ਸਿੰਘ ਤਿਵਾੜੀ, ਭਾਜਪਾ ਆਗੂ ਅਮਨ ਥਾਪਰ, ਜਾਹਿਦ ਪੀਰ ਜੀ, ਭਾਜਪਾ ਆਗੂ ਦਵਿੰਦਰ ਸਿੰਗਲਾ ਬੌਬੀ, ਸਾਬਕਾ ਕੌਂਸਲਰ ਸੀਪਜ ਕੁਮਾਰ ਯਖ਼ਮੀ ਆਦਿ ਹਾਜ਼ਰ ਸਨ। ਮਾਹੌਲ ਨੂੰ ਸ਼ਾਂਤ ਰੱਖਣ ਲਈ ਡੀ.ਐਸ.ਪੀ. ਪਵਨਜੀਤ, ਐਸ.ਐਚ.ਓ. 2 ਜਸਵੀਰ ਸਿੰਘ ਤੂਰ, ਐਸ.ਐਚ.ਓ. ਸਿਟੀ 1 ਜਸਪ੍ਰੀਤ ਸਿੰਘ ਆਦਿ ਮੌਜੂਦ ਸਨ।
ਦੋਸ਼ੀਆਂ ਦੀ ਗਿ੍ਰਫ਼ਤਾਰੀ ਲਈ ਦਿੱਤਾ 30 ਨਵੰਬਰ ਤੱਕ ਅਲਟੀਮੈਟਮ
ਵੱਖ-ਵੱਖ ਹਿੰਦੂ ਜਥੇਬੰਦੀਆਂ ਦੇ ਆਗੂਆਂ ਨੇ ਪੁਲਿਸ ਪ੍ਰਸਾਸ਼ਨ ਨੂੰ ਦੱਸਿਆ ਕਿ ਸਾਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਲੇਰਕੋਟਲਾ ਵਿਖੇ ਕੁਝ ਵਿਅਕਤੀ ਗਊ ਮਾਸ ਵੇਚਣ ਦਾ ਧੰਦਾ ਕਰਦੇ ਹਨ ਅਤੇ ਗਊਆਂ ਦੇ ਅੰਸ਼ ਮਾਲੇਰਕੋਟਲਾ ਤੋਂ ਹਥੋਆ ਵੱਲ ਜਾਂਦੀ ਡਰੇਨ ’ਤੇ ਸੁੱਟ ਜਾਂਦੇ ਹਨ ਜਿਸ ਕਰਕੇ ਹਿੰਦੂ ਸਮਾਜ ਵਿੱਚ ਭਾਰੀ ਰੋਸ ਸੀ ਅੱਜ ਅਸੀਂ ਪੁਲਿਸ ਪ੍ਰਸਾਸ਼ਨ ਨੂੰ ਇੱਕ ਅੰਸ਼ ਮੌਕੇ ਤੋਂ ਪ੍ਰਾਪਤ ਕਰਵਾ ਦਿੱਤੇ ਹਨ ਅਤੇ ਪੁਲਿਸ ਪ੍ਰਸਾਸ਼ਨ ਨੂੰ ਦੋਸ਼ੀਆਂ ਖ਼ਿਲਾਫ਼ ਬਣਦੀ ਕਾਰਵਾਈ ਅਤੇ ਗਿ੍ਰਫ਼ਤਾਰੀ ਕਰਨ ਲਈ 30 ਨਵੰਬਰ ਤੱਕ ਦਾ ਸਮਾਂ ਦਿੱਤਾ ਹੈ ਜੇਕਰ ਪੁਲਿਸ ਪ੍ਰਸਾਸ਼ਨ 30 ਨਵੰਬਰ ਤੱਕ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਕਰਦਾ ਤਾਂ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।