ਅਸ਼ਵਨੀ ਸ਼ਰਮਾ ਨੇ ਕਿਸਾਨ ਅੰਦੋਲਨ 'ਤੇ ਚੁੱਕੇ ਸਵਾਲ: ਕਿਹਾ ਮੋਦੀ ਦੇ ਐਲਾਨ ਨੇ ਕਿਸਾਨ ਆਗੂਆਂ ਦੀ ਦੁਕਾਨ ਬੰਦ ਕਰ ਦਿੱਤੀ
ਕਿਸਾਨ ਹੁਣ ਦਿੱਲੀ ਬਾਰਡਰ 'ਤੇ ਕਿਉਂ ਬੈਠੇ ਹਨ ?
ਚੰਡੀਗੜ੍ਹ, 24 ਨਵੰਬਰ 2021- ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਵਿਵਾਦਤ ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਬਾਅਦ ਵੀ ਅੰਦੋਲਨ ਖਤਮ ਨਾ ਕਰਨ ਲਈ ਕਿਸਾਨ ਆਗੂਆਂ 'ਤੇ ਹਮਲਾ ਬੋਲਿਆ ਹੈ। ਚੰਡੀਗੜ੍ਹ ਵਿੱਚ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਐਲਾਨ ਕਾਰਨ ਕਿਸਾਨ ਆਗੂਆਂ ਦੀਆਂ ਦੁਕਾਨਾਂ ਬੰਦ ਹੋ ਗਈਆਂ ਹਨ। ਉਨ੍ਹਾਂ ਨੂੰ ਅਜਿਹਾ ਹੋਣ ਦੀ ਉਮੀਦ ਨਹੀਂ ਸੀ। ਹੁਣ ਉਨ੍ਹਾਂ ਨੂੰ ਕੁਝ ਸਮਝ ਨਹੀਂ ਆ ਰਿਹਾ। ਕਾਨੂੰਨ ਵਾਪਸ ਲੈਣ ਤੋਂ ਬਾਅਦ ਉਹ ਦਿੱਲੀ ਬਾਰਡਰ 'ਤੇ ਕਿਉਂ ਬੈਠੇ ਹਨ ? ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨ ਵਾਪਸ ਲੈ ਲਏ ਗਏ ਹਨ। ਅਜਿਹੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਬਾਰਡਰ ਤੋਂ ਵਾਪਿਸ ਆਉਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਪਹਿਲਾਂ ਹੀ ਐਮਐਸਪੀ 'ਤੇ ਇੱਕ ਕਮੇਟੀ ਬਣਾਉਣ ਲਈ ਕਿਹਾ ਹੈ। ਜਿਸ ਵਿੱਚ ਕਿਸਾਨ, ਖੇਤੀ ਮਾਹਿਰ ਅਤੇ ਅਧਿਕਾਰੀ ਸ਼ਾਮਲ ਹੋਣਗੇ।
ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਦਾ ਧੰਨਵਾਦ ਕੀਤਾ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਸੀ ਕਿ ਕੁਝ ਗਰੁੱਪ ਕਿਸਾਨ ਅੰਦੋਲਨ ਰਾਹੀਂ ਸਿੱਖਾਂ ਨੂੰ ਭਾਰਤ ਸਰਕਾਰ ਅਤੇ ਹਿੰਦੂਆਂ ਨਾਲ ਲੜਾਉਣਾ ਚਾਹੁੰਦੇ ਹਨ। ਪੀਐਮ ਮੋਦੀ ਨੇ ਉਨ੍ਹਾਂ ਦੇ ਮਨਸੂਬਿਆਂ ਨੂੰ ਨਾਕਾਮ ਕਰ ਦਿੱਤਾ।
ਪੰਜਾਬ ਦੀ ਦੁਰਦਸ਼ਾ ਲਈ ਸ਼ਰਮਾ ਨੇ ਕਾਂਗਰਸ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਕਿਹਾ ਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਜ਼ਿੰਮੇਵਾਰ ਨਹੀਂ ਹਨ। ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵਿੱਚ ਵੀ ਜ਼ਿਆਦਾਤਰ ਮੰਤਰੀ ਕੈਪਟਨ ਸਰਕਾਰ ਵਾਲੇ ਹੀ ਹਨ। ਚਿਹਰੇ ਬਦਲਣ ਨਾਲ ਪੰਜਾਬ ਦੇ ਲੋਕਾਂ ਦਾ ਦੁੱਖ ਨਹੀਂ ਬਦਲੇਗਾ। ਪੰਜਾਬ ਦੇ ਖ਼ਾਲੀ ਖ਼ਜ਼ਾਨੇ ਲਈ ਮੁੱਖ ਮੰਤਰੀ ਚਰਨਜੀਤ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ, ਮੰਤਰੀ ਅਤੇ ਸਾਰੇ ਕਾਂਗਰਸੀ ਵਿਧਾਇਕ ਜ਼ਿੰਮੇਵਾਰ ਹਨ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਖਾਲੀ ਪਿਟਾਰੇ ਨੂੰ ਲੈ ਕੇ ਮੁੱਖ ਮੰਤਰੀ ਚੰਨੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਮੁਕਾਬਲਾ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਆਪਣੇ ਆਪ ਨੂੰ ਆਮ ਆਦਮੀ ਆਖਦੇ ਹਨ ਤਾਂ ਫਿਰ 3 ਕਰੋੜ ਦੀਆਂ ਗੱਡੀਆਂ ਨਹੀਂ ਖਰੀਦਦੇ।
ਅਸ਼ਵਨੀ ਸ਼ਰਮਾ ਨੇ ਕਿਹਾ ਕਿ ਨਵਜੋਤ ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਅਕਸਰ ਉਬਲਦਾ ਹੈ। ਜੇਕਰ ਪਾਕ ਪ੍ਰਧਾਨ ਮੰਤਰੀ ਉਨ੍ਹਾਂ ਦਾ ਵੱਡਾ ਭਰਾ ਹੈ ਤਾਂ ਉਨ੍ਹਾਂ ਨੂੰ ਕਹੋ ਕਿ ਪੰਜਾਬ 'ਚ ਨਸ਼ਾ ਨਾ ਭੇਜਣ। ਉਨ੍ਹਾਂ ਨੂੰ ਸਰਹੱਦ 'ਤੇ ਅੱਤਵਾਦ ਦਾ ਸਮਰਥਨ ਨਹੀਂ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਪਠਾਨਕੋਟ ਆਰਮੀ ਕੈਂਟ ਦੇ ਬਾਹਰ ਹੋਇਆ ਗ੍ਰਨੇਡ ਹਮਲਾ ਵੀ ਸਿੱਧੂ ਦਾ ਪਾਕਿਸਤਾਨ ਪ੍ਰਤੀ ਪਿਆਰ ਹੈ। ਸ਼ਰਮਾ ਨੇ ਕਿਹਾ ਕਿ ਕਿਸੇ ਦਾ ਨਿੱਜੀ ਪਿਆਰ ਦੇਸ਼ ਨਾਲੋਂ ਵੱਡਾ ਨਹੀਂ ਹੋ ਸਕਦਾ।