ਟੀਐਸਪੀਐਲ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਅਧੁਨਿਕ ਖੇਤੀ ਮਸ਼ੀਨੀਰੀ ਦਿੱਤੀ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਮਾਨਸਾ,24 ਨਵੰਬਰ 2021: ਤਲਵੰਡੀ ਸਾਬੋ ਪਾਵਰ ਪਲਾਂਟ ਲਿਮਟਿਡ ਨੇ ਖੇਤੀ ਨੂੰ ਹੁਲਾਰਾ ਦੇਣ ਲਈ ਆਪਣੇ ਪ੍ਰਜੈਕਟ ‘ਨਵੀਂ ਦਿਸ਼ਾ’ ਤਹਿਤ ਕਿਸਾਨਾਂ ਨੂੰ ਮਲਟੀ ਕਰਾਪ ਬੈਡ ਪਲਾਂਟਰ ਸੌਂਪਿਆ ਹੈ। ਨਵੀਂ ਦਿਸ਼ਾ ਪ੍ਰਜੈਕਟ 2017 ਵਿੱਚ ਸ਼ੁਰੂ ਕੀਤਾ ਗਿਆ ਸੀ ਜਿਸ ਵਿੱਚ ਪੰਜਾਬ ਦੇ ਮਾਨਸਾ ਅਤੇ ਬਠਿੰਡਾ ਜਿਲਿ੍ਹਆਂ ਦੇ 26 ਪਿੰਡਾਂ ਦੇ 1400 ਤੋਂ ਜਿਆਦਾ ਕਿਸਾਨ ਸ਼ਾਮਲ ਹਨ। ਇਹ ਪ੍ਰਜੈਕਟ ਨਾਭਾ ਫਾਊਡੇਸ਼ਨ ਵੱਲੋਂ ਚਲਾਇਆ ਗਿਆ ਹੈ। ਮਲਟੀਕਰਾਪ ਬੈਡ ਪਲਾਂਟਰ ਕਿਸਾਨਾਂ ਨੂੰ ਬੀਜ ਅਤੇ ਹੋਰ ਵਸਤਾਂ ਦੀ 25 ਤੋਂ 30 ਫੀਸਦੀ ਬੱਚਤ ਕਰਨ ’ਚ ਸਹਾਇਤਾ ਕਰਦਾ ਹੈ। ਇਸੇ ਤਰਾਂ ਹੀ ਸਿਚਾਂਈ ਲਈ 30 ਤੋਂ 35 ਫੀਸਦੀ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਇਸ ਮਸ਼ੀਨ ਦੀ ਮੱਦਦ ਨਾਲ ਸੀਡ ਹਾਪਰ ਦੇ ਮੁੱਖ ਸ਼ਾਫਟ ਨੂੰ ਨਸ਼ਟ ਕੀਤੇ ਬਗੈਰ ਵੱਖ ਵੱਖ ਫਸਲਾਂ ਦੇ ਰੋਪਨ ਡਿਸਕ ਨੂੰ ਬਦਲਿਆ ਜਾ ਸਕਦਾ ਹੈ।
ਇਹ ਵਿਧੀ ਬੀਜ ਦੀ ਵਰਤੋਂ ਨੂੰ 40 ਤੋਂ 50 ਫੀਸਦੀ ਤੱਕ ਘੱਟ ਕਰ ਦਿੰਦੀ ਹੈ ਅਤੇ ਉਪਜ ’ਚ 5 ਤੋਂ 10 ਫੀਸਦੀ ਵਾਧਾ ਹੁੰਦਾ ਹੈ। ਇਸ ਸਬੰਧ ’ਚ ਪਿਛਲੇ 1 ਮਹੀਨੇ ਦੌਰਾਨ ਟੀਐਸਪੀਐਲ ਵੱਲੋਂ 500 ਤੋਂ ਜਿਆਦਾ ਕਿਸਾਨਾਂ ਲਈ ਗਿਆਨ ਭਰਪੂਰ ਕੈਂਪ ਅਤੇ ਜਾਗਰੂਕਤਾ ਸੈਮੀਨਾਰ ਕਰਵਾਏ ਗਏ ਹਨ ਜਿੰਨ੍ਹਾਂ ਕੀਟਾਂ ਦੀ ਪਛਾਣ ,ਆਰਥਿਕ ਸੀਮਾ ਪੱਧਰ ਨੂੰ ਸਮਝਣਾ ਅਤੇ ਗਿਣਤੀ ਕਰਨੀ ਸ਼ਾਮਲ ਹੈ। ਪੇਂਡੂ ਖੇਤੀ ਅਰਥ ਵਿਵਸਥਾ ਨੂੰ ਉਪਰ ਚੁੱਕਣ ’ਚ ਟੀਐਸਪੀਐਲ ਦੀ ਭੂਮਿਕਾ ਬਾਰੇ ਕੰਪਨੀ ਦੇ ਸੀਓਓ ਪੰਕਜ ਸ਼ਰਮਾ ਨੇ ਕਿਹਾ ਕਿ ਕਿਸਾਨ ਸਾਡੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਹਨ। ਉਨ੍ਹਾਂ ਕਿਹਾ ਕਿ ਖੇਤੀ ਧੰਦਾ ਸਾਡੇ ਸਮਾਜਿਕ ਆਰਥਿਕ ਤਾਣੇ ਬਾਣੇ ਵਿੱਚ ਇੱਕ ਵੱਡਾ ਬਦਲਾਅ ਲਿਆ ਸਕਦਾ ਹੈ। ਉਨ੍ਹਾਂ ਕਿਹਾ ਕਿ ਜਿੰਮੇਵਾਰ ਕਾਰਪੋਰੇਟ ਕੰਪਨੀ ਦੇ ਰੂਪ ਵਿੱਚ ਅਸੀਂ ਖੇਤਰ ਦੇ ਸਮਾਜਿਕ ਵਿਕਾਸ ਦੇ ਲਈ ਵਚਨਬੱਧ ਹਾਂ ਅਤੇ ਕਿਸਾਨਾਂ ਦੇ ਨਾਲ ਮਿਲ ਕੇ ਕੰਮ ਕਰਦੇ ਹਾਂ।
ਪਿੰਡ ਧਿੰਗੜ ਦੇ ਕਿਸਾਨ ਮਹਿਮਾ ਸਿੰਘ ਨੇ ਟੀਐਸਪੀਐਲ ਦੇ ਨਵੀਂ ਦਿਸ਼ਾ ਪ੍ਰੋਜੈਕਟ ਨਾਲ ਜੁੜੀ ਇਸ ਪਹਿਲ ਦੀ ਸ਼ਲਾਘਾ ਕਰਦਿਆਂ ਕਿਸਾਨ ਸਮੂਹ ਨੂੰ ਬੈਡ ਪਲਾਂਟਰ ਪ੍ਰਦਾਨ ਕਰਨ ਲਈ ਕੰਪਨੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਟੀਐਸਪੀਐਲ ਵੱਲੋਂ ਦਿੱਤਾ ਗਿਆ ਪਲਾਂਟਰ ਕਿਸਾਨਾਂ ਲਈ ਬਹੁਤ ਫਾਇਦੇਮੰਦ ਹੋਵੇਗਾ। ਉਨ੍ਹਾਂ ਕਿਹਾ ਕਿ ਘਰੇਲੂ ਆਮਦਨ ਵਧਾਉਣ ਦੀ ਦਿਸ਼ਾ ’ਚ ਟੀਐਸਪੀਐਲ ਦੀਆਂ ਸਾਰੀਆਂ ਕੋਸ਼ਿਸ਼ਾਂ ਲਈ ਅਸੀਂ ਧੰਨਵਾਦੀ ਹਾਂ। ਪਿੰਡ ਰਾਏਪੁਰ ਦੇ ਕਿਸਾਨ ਮਨਜੀਤ ਸਿੰਘ ਨੇ ਕਿਹਾ ਕਿ ਉਸ ਨੇ ਟੀਐਸਪੀਐਲ ਵੱਲੋਂ ਲਾਏ ਕੈਂਪ ਰਾਹੀਂ ਕਈ ਤਰਾਂ ਦੀਆਂ ਤਕਨੀਕਾਂ ਸਿੱਖੀਆਂ ਹਨ ਜੋ ਉਸ ਨੂੰ ਖੇਤੀ ਦੌਰਾਨ ਸਹਾਈ ਹੋਣਗੀਆਂ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਉਨ੍ਹਾਂ ਦੇ ਪਿੰਡ ਵਿੱਚ ਕਿਸਾਨਾਂ ਨੂੰ ਬੈਡ ਪਲਾਂਟਰ ਦਿੱਤਾ ਸੀ ਜਿਸ ਨਾਲ ਉਨ੍ਹਾਂ ਨੂੰ ਬੀਜ ਦੀ ਵਰਤੋਂ ਅਤੇ ਸਿੰਚਾਈ ਲਈ ਪਾਣੀ ਦੇ ਇਸਤੇਮਾਲ ਨੂੰ ਸਹੀ ਕਰਨ ’ਚ ਸਹਾਇਤਾ ਮਿਲੀ ਹੈ।