ਡੇਂਗੂ ਦਾ ਕੋਈ ਵੀ ਲੱਛਣ ਆਉਣ ‘ਤੇ ਡਾਕਟਰੀ ਸਲਾਹ ਜ਼ਰੂਰ ਲਵੋ: ਡਾ. ਕੁਲਦੀਪ
ਬਲਵਿੰਦਰ ਸਿੰਘ ਧਾਲੀਵਾਲ, ਬਾਬੂਸ਼ਾਹੀ ਨੈੱਟਵਰਕ
ਸੁਲਤਾਨਪੁਰ ਲੋਧੀ 24 ਨਵੰਬਰ 2021 ਡੇਂਗੂ ਦੇ ਕੇਸਾਂ ਨੂੰ ਦੇਖਦੇ ਹੋਏ ਸਿਹਤ ਵਿਭਾਗ ਪੂਰੀ ਤਰ੍ਹਾਂ ਨਾਲ ਸਰਗਰਮ ਹੈ। ਬੀਤੇ ਦਿਨੀਂ ਪਿੰਡ ਲੰਬੜਾਂ ਅਤੇ ਸੰਗਲ ਸੋਹਲ ਵਿੱਚੋਂ ਕੁਝ ਡੇਂਗੂ ਦੇ ਕੇਸਾਂ ਦੀ ਪੁਸ਼ਟੀ ਹੋਈ ਸੀ। ਇਸੇ ਨੂੰ ਮੁੱਖ ਰੱਖਦੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਿਹਤ ਵਿਭਾਗ ਵੱਲੋਂ ਘਰਾਂ ਦੀ ਜਾਂਚ ਵੀ ਕੀਤੀ ਜਾ ਰਹੀ ਹੈ ਤਾਂ ਜੋ ਡੇਂਗੂ ਮੱਛਰ ਦੇ ਲਾਰਵੇ ਦੀ ਸ਼ਨਾਖਤ ਕਰਕੇ ਉਸਨੂੰ ਨਸ਼ਟ ਕੀਤਾ ਜਾ ਸਕੇ। ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਵਲੋਂ ਦੱਸਿਆ ਗਿਆ ਕਿ ਪਿੰਡ ਲੰਬੜਾਂ ਅਤੇ ਸੰਗਲ ਸੋਹਲ ਵਿੱਚ ਡੇਂਗੂ ਦੇ ਚਾਰ ਐਕਟਿਵ ਕੇਸ ਹਨ। ਡੇਂਗੂ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਟੀਮ ਨੇ ਬੁੱਧਵਾਰ ਨੂੰ ਘਰਾਂ ਦੀ ਜਾਂਚ ਕੀਤੀ ਅਤੇ ਇਲਾਕੇ ਵਿੱਚ ਸਰਵੇ ਕੀਤਾ। ਇਹ ਸਰਵੇ ਹੈਲਥ ਸੁਪਰਵਾਈਜਰ ਦਿਲਬਾਗ ਸਿੰਘ, ਕੇਵਲ ਭੰਗੂ ਅਤੇ ਸਿਹਤ ਵਰਕਰ ਗੁਰਭੇਜ ਸਿੰਘ,ਜਗਜੀਤ ਸਿੰਘ, ਜੋਗਾ ਸਿੰਘ, ਅਮਨਦੀਪ ਸਿੰਘ ਸਿਹਤ ਵਰਕਰਜ਼ ਵਲੋਂ ਕੀਤਾ ਗਿਆ।
ਸੀਨੀਅਰ ਮੈਡੀਕਲ ਅਫ਼ਸਰ ਡਾ. ਕੁਲਦੀਪ ਸਿੰਘ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜਿਨ੍ਹਾਂ ਲੋਕਾਂ ਨੂੰ ਠੰਡ ਦੇ ਨਾਲ ਤੇਜ਼ ਬੁਖਾਰ ਹੈ, ਸਿਰਦਰਦ ਮਹਿਸੂਸ ਹੋ ਰਿਹਾ ਹੈ ਅਤੇ ਉਲਟੀਆਂ ਆ ਰਹੀਆਂ ਹਨ, ਉਨ੍ਹਾਂ ਨੂੰ ਜਿੰਨੀ ਜਲਦੀ ਹੋ ਸਕੇ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਡਾਕਟਰੀ ਜਾਂਚ ਤੋਂ ਬਾਅਦ ਇਲਾਜ ਕਰਵਾਉਣਾ ਚਾਹੀਦਾ ਹੈ। ਜੇ ਜਿਆਦਾ ਕਮਜ਼ੋਰੀ ਮਹਿਸੂਸ ਹੁੰਦੀ ਹੈ, ਤਾਂ ਸਰਕਾਰੀ ਹਸਪਤਾਲ ਵਿੱਚ ਦਾਖਲ ਹੋ ਕੇ ਆਪਣਾ ਇਲਾਜ ਕਰਵਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਡੇਂਗੂ ਦਾ ਇਲਾਜ ਸਮੇਂ ਸਿਰ ਸ਼ੁਰੂ ਕੀਤਾ ਜਾਂਦਾ ਹੈ ਤਾਂ ਮਰੀਜ਼ ਨੂੰ ਗੰਭੀਰ ਹਾਲਤ ਵਿੱਚ ਜਾਣ ਤੋਂ ਰੋਕਿਆ ਜਾ ਸਕਦਾ ਹੈ। ਦੇਰੀ ਦੇ ਕਾਰਨ ਪਲੇਟਲੈਟਸ ਘਟਣ ਲੱਗ ਜਾਂਦੇ ਹਨ ਅਤੇ ਕਮਜ਼ੋਰੀ ਆਉਂਦੀ ਹੈ, ਜਿਸ ਕਾਰਨ ਗੰਭੀਰ ਸਿਹਤ ਸਮੱਸਿਆਵਾਂ ਪੈਦਾ ਹੁੰਦੀਆਂ ਹਨ।