ਰਾਮੂਵਾਲੀਆ ਨੇ ਲੋਕ ਭਲਾਈ ਪਾਰਟੀ ਮੁੜ ਕੀਤੀ ਸੁਰਜੀਤ, ਕਿਹਾ ਨਹੀਂ ਲੜਾਂਗੇ ਚੋਣਾਂ ਪਰ, ਲੋਕ ਹਿੱਤ ਜਥੇਬੰਦੀਆਂ ਨੂੰ ਦਵਾਂਗੇ ਸਮਰਥਨ
ਸੰਜੀਵ ਸੂਦ
- ਕਿਹਾ ਅਕਾਲੀ ਦਲ ਨਾਲ ਗੱਠਜੋੜ ਸੀ ਵੱਡੀ ਭੁੱਲ...
ਲੁਧਿਆਣਾ, 24 ਨਵੰਬਰ 2021 - ਪੰਜਾਬ ਦੀ ਸਿਆਸਤ ਦੇ ਪੁਰਾਣੇ ਆਗੂ ਅਤੇ ਯੂਪੀ ਤੋਂ ਮੰਤਰੀ ਰਹਿ ਚੁੱਕੇ ਬਲਵੰਤ ਸਿੰਘ ਰਾਮੂਵਾਲੀਆ ਨੇ ਹੁਣ ਮੁੜ ਤੋਂ ਆਪਣੀ ਪਾਰਟੀ ਲੋਕ ਭਲਾਈ ਪਾਰਟੀ ਨੂੰ ਸੁਰਜੀਤ ਕਰਨ ਦਾ ਲੁਧਿਆਣਾ ਚ ਫੈਸਲਾ ਕੀਤਾ। ਇਸ ਦੌਰਾਨ ਉਨ੍ਹਾਂ ਇਕ ਵਰਕਰਾਂ ਦੀ ਮਿਲਣੀ ਬੁਲਾਈ ਅਤੇ ਉਨ੍ਹਾਂ ਕਿਹਾ ਕਿ ਅਗਾਮੀ ਵਿਧਾਨ ਸਭਾ ਚੋਣਾਂ ਚ ਲੋਕ ਭਲਾਈ ਪਾਰਟੀ ਚੋਣਾਂ ਚ ਅਹਿਮ ਭੂਮਿਕਾ ਨਿਭਾਏਗੀ। ਹਾਲਾਂਕਿ ਕੋਈ ਉਮੀਦਵਾਰ ਚੋਣਾਂ ਨਹੀਂ ਲੜੇਗਾ, ਪਰ ਪੰਜਾਬ ਹਿਤੈਸ਼ੀ ਲੋਕਾਂ ਦੀ ਮੱਦਦ ਕਰੇਗਾ। ਉਸ ਨੇ ਕਿਹਾ ਕਿ ਸੁਖਦੇਵ ਸਿੰਘ ਢੀਂਡਸਾ ਚੰਗੇ ਨੇ ਇਸ ਤੋਂ ਇਲਾਵਾ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕਿਸਾਨੀ ਅੰਦੋਲਨ ਚ ਸੰਘਰਸ਼ ਪਾਇਆ ਅਜਿਹੀਆਂ ਜਥੇਬੰਦੀਆਂ ਨੂੰ ਲੋਕ ਭਲਾਈ ਪਾਰਟੀ ਆਪਣਾ ਸਮਰਥਨ ਦੇਵੇਗੀ ਹਾਲਾਂਕਿ ਜਦੋਂ ਉਨ੍ਹਾਂ ਨੂੰ ਅਕਾਲੀ ਦਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਅਕਾਲੀ ਦਲ ਨਾਲ ਗੱਠਜੋੜ ਕਰਨਾ ਉਨ੍ਹਾਂ ਦੀ ਸਭ ਤੋਂ ਵੱਡੀ ਗਲਤੀ ਸੀ।
ਬਲਵੰਤ ਸਿੰਘ ਰਾਮੂਵਾਲੀਆ ਦੀ ਬੇਟੀ ਖੁਦ ਭਾਜਪਾ ਚ ਸ਼ਾਮਿਲ ਹੋ ਚੁੱਕੀ ਹੈ ਅਤੇ ਇਸ ਸੰਬੰਧੀ ਜਦੋਂ ਉਹਨਾਂ ਨੂੰ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਜਦੋਂ ਉਹ ਮੇਰੀ ਬੇਟੀ ਸੀ ਉਦੋਂ ਮੈਂ ਜ਼ਿੰਮੇਵਾਰ ਸੀ ਪਰ ਹੁਣ ਉਹ ਭੁੱਲਰਾਂ ਦੀ ਨੂੰਹ ਹੈ, ਇਸ ਕਰਕੇ ਮੇਰਾ ਕੋਈ ਵਾਹ ਵਾਸਤਾ ਨਹੀਂ। ਬਲਵੰਤ ਸਿੰਘ ਰਾਮੂਵਾਲੀਆ ਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਮੁੜ ਸੁਰਜੀਤ ਕੀਤਾ ਜਾ ਰਿਹਾ ਹੈ। ਪਰ ਪਾਰਟੀ ਚੋਣਾਂ ਨਹੀਂ ਲੜੇਗੀ ਸਗੋਂ ਵੱਖ ਵੱਖ ਜਥੇਬੰਦੀਆਂ ਜੋ ਪੰਜਾਬ ਹਿਤੈਸ਼ੀ ਨੇ ਉਨ੍ਹਾਂ ਨੂੰ ਸਮਰਥਨ ਦੇਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਕੁਝ ਰਵਾਇਤੀ ਪਾਰਟੀਆਂ ਨੇ ਬਰਬਾਦ ਕਰ ਦਿੱਤਾ। ਅੱਜ ਪੰਜਾਬ ਦੇ ਸਿਰ ਤਿੱਨ ਲੱਖ ਕਰੋੜ ਰੁਪਏ ਦਾ ਕਰਜ਼ਾ ਹੈ ਜਿਸ ਲਈ ਇਹ ਪਾਰਟੀਆਂ ਹੀ ਜ਼ਿੰਮੇਵਾਰ ਨੇ।