ਡੇਰਾ ਪ੍ਰੇਮੀ ਦੇ ਕਤਲ ਦੀਆਂ ਪਰਤਾਂ ਖੋਲ੍ਹਣ ਭਗਤਾ ਭਾਈ ਪੁੱਜੀ ਐਨ ਆਈ ਏ
ਅਸ਼ੋਕ ਵਰਮਾ
ਬਠਿੰਡਾ,24ਨਵੰਬਰ 2021:ਐਨ ਆਈ ਏ ( ਕੌਮੀ ਜਾਂਚ ਏਜੰਸੀ ) ਨੇ ਬਠਿੰਡਾ ਜਿਲ੍ਹੇ ਦੇ ਰਾਮਪੁਰਾ ਹਲਕੇ ’ਚ ਪੈਂਦੇ ਕਸਬਾ ਭਗਤਾ ਭਾਈ ਦੇ ਭੀੜ ਭਾੜ ਵਾਲੇ ਇਲਾਕੇ ’ਚ ਇੱਕ ਸਾਲ ਪਹਿਲਾਂ 20 ਨਵੰਬਰ 2020 ਨੂੰ ਦਿਨ ਦਿਹਾੜੇ ਕਤਲ ਕਰ ਦਿੱਤੇ ਗਏ ਡੇਰਾ ਸੱਚਾ ਸੌਦਾ ਸਰਸਾ ਦੇ ਸ਼ਰਧਾਲੂ ਮਨੋਹਰ ਲਾਲ(53) ਦੇ ਕਤਲ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਨੋਹਰ ਲਾਲ ਦੀ ਮੁੱਖ ਸੜਕ ਤੇ ਬੱਸ ਅੱਡੇ ਲਾਗੇ ਜਤਿੰਦਰਾ ਟੈਲੀਕਾਮ ਨਾਂ ਦੀ ਮੋਬਾਇਲਾਂ ਦੀ ਦੁਕਾਨ ਸੀ ਜਿੱਥੇ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦਾ ਸੰਚਾਲਨ ਵੀ ਕੀਤਾ ਜਾਂਦਾ ਸੀ। ਮਨੋਹਰ ਲਾਲ ਨੂੰ ਬਾਅਦ ਦੁਪਹਿਰ ਕਰੀਬ ਸਾਢੇ 4 ਵਜੇ ਜਤਿੰਦਰਾ ਟੈਲੀਕਾਮ ਤੇ ਬੈਠਿਆਂ ਕਾਲੇ ਰੰਗ ਦੇ ਮੋਟਰਸਾਈਕਲ ਤੇ ਸਵਾਰ ਹੋਕੇ ਆਏ ਦੋ ਪਗੜੀਧਾਰੀ ਨੌਜਵਾਨਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਕੇ ਕਤਲ ਕਰ ਦਿੱਤਾ ਸੀ ਅਤੇ ਫਰਾਰ ਹੋ ਗਏ ਸਨ।
ਇਸ ਕਤਲ ਦੀ ਜਿੰਮੇਵਾਰੀ ਗੈਂਗਸਟਰ ਸੁੱਖਾ ਲੰਮੇ ਗਰੁੱਪ ਨੇ ਲਈ ਸੀ। ਕਤਲ ਦਾ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੱਸਿਆ ਗਿਆ ਸੀ। ਇਸ ਕਤਲ ਕਾਂਡ ਨੂੰ ਲੈਕੇ ਲੰਮਾਂ ਸਮਾਂ ਦਹਿਸ਼ਤ ਦਾ ਮਹੌਲ ਬਣਿਆ ਰਿਹਾ ਅਤੇ ਕਾਤਲਾਂ ਦੀ ਗ੍ਰਿਫਤਾਰੀ ਲਈ ਡੇਰਾ ਪ੍ਰੇਮੀਆਂ ਨੇ ਕਈ ਦਿਨ ਲਾਸ਼ ਸੜਕ ਤੇ ਰੱਖ ਕੇ ਧਰਨਾ ਵੀ ਲਾਈ ਰੱਖਿਆ ਸੀ ਜੋ ਬਾਅਦ ’ਚ ਪੁਲਿਸ ਪ੍ਰਸ਼ਾਸ਼ਨ ਦੇ ਉੱਚ ਅਧਿਕਾਰੀਆਂ ਦੇ ਭਰੋਸੇ ਤੋਂ ਬਾਅਦ ਚੁੱਕਿਆ ਗਿਆ ਸੀ। ਜਾਣਕਾਰੀ ਅਨੁਸਾਰ ਅੱਜ ਤਕਰੀਬਨ ਸਾਢੇ ਕੁ 11 ਵਜੇ ਐਨ ਆਈ ਏ ਦੀ ਟੀਮ ਜਤਿੰਦਰਾ ਟੈਲੀਕਾਮ ਤੇ ਪੁੱਜੀ ਅਤੇ ਸ਼ਾਮ ਛੇ ਵਜੇ ਤੱਕ ਮੈਰਾਥਾਨ ਪੜਤਾਲ ਕੀਤੀ। ਪਤਾ ਲੱਗਿਆ ਹੈ ਕਿ ਜਾਂਚ ਟੀਮ ਨਾਲ ਨੇ ਮੁਲਜਮਾਂ ਤੋਂ ਕਰਾਈਮ ਸੀਨ ਦੁਰਹਾਇਆ ਜਿਸ ਦੀ ਬਕਾਇਦਾ ਵੀਡੀਓਗਰਾਫੀ ਵੀ ਕੀਤੀ ਗਈ ਹੈ।
ਜਾਂਚ ਟੀਮ ਨੇ ਮ੍ਰਿਤਕ ਦੇ ਪ੍ਰੀਵਾਰਕ ਮੈਂਬਰਾਂ ਨਾਲ ਗੱਲਬਾਤ ਵੀ ਕੀਤੀ ਅਤੇ ਵਾਰਦਾਤ ਵਾਲੀ ਥਾਂ ਦਾ ਨਵੇਂ ਸਿਰੇ ਤੋਂ ਬਾਰੀਕੀ ਨਾਲ ਜਾਇਜਾ ਲਿਆ। ਜਾਂਚ ਟੀਮ ਨੇ ਦੁਕਾਨ ਦੇ ਅੰਦਰ ਲੱਗੇ ਕੈਮਰਿਆਂ ਦੀ ਫੁਟੇਜ਼ ਨੂੰ ਵੀ ਪੂਰੀ ਡੂੰਘਾਈ ਨਾਲ ਖੰਘਾਲਿਆ ਹੈ। ਹਾਲਾਂਕਿ ਐਨ ਆਈ ਏ ਅਧਿਕਾਰੀਆਂ ਨੇ ਇਸ ਮੁੱਦੇ ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਪਰ ਸੂਤਰ ਦੱਸਦੇ ਹਨ ਕਿ ਜਾਂਚ ਅਧਿਕਾਰੀ ਇਸ ਕਤਲ ਮਾਮਲੇ ’ਚ ਵਿਦੇਸ਼ੀ ਤਾਕਤਾਂ ਦੀ ਭੂਮਿਕਾ ਦੇ ਐਂਗਲ ਤੋਂ ਤਫਤੀਸ਼ ਕਰ ਰਹੇ ਹਨ। ਗੌਰਤਲਬ ਹੈ ਕਿ ਮੋਗਾ ਪੁਲਿਸ ਨੇ ਲੰਘੀ 22 ਮਈ ਨੂੰ ਲਵਪ੍ਰੀਤ ਸਿੰਘ ਉਰਫ਼ ਰਵੀ ਅਤੇ ਰਾਮ ਸਿੰਘ ਉਰਫ਼ ਸੋਨੂੰ ਨੂੰ ਮੋਗਾ ਤੋਂ ਗਿ੍ਰਫਤਾਰ ਕੀਤਾ ਸੀ।
ਖਾਲਿਸਤਾਨ ਟਾਈਗਰ ਫੋਰਸ (ਕੇ.ਟੀ.ਐਫ.) ਦੇ ਇੰਨ੍ਹਾਂ ਦੋ ਕਾਰਕੁਨਾਂ ਦੀ ਗਿ੍ਰਫਤਾਰੀ ਤੋਂ ਬਾਅਦ, ਪੰਜਾਬ ਪੁਲਿਸ ਨੇ ਉਨ੍ਹਾਂ ਦੇ ਤੀਜੇ ਸਾਥੀ ਕਮਲਜੀਤ ਸ਼ਰਮਾ ਉਰਫ਼ ਕਮਲ ਨੂੰ ਲੰਘੀ 1 ਜੂਨ ਨੂੰ ਅਸਲੇ ਸਮੇਤ ਗਿ੍ਰਫਤਾਰ ਕਰ ਲਿਆ ਸੀ। ਪੁਲਿਸ ਅਨੁਸਾਰ ਕਮਲ ਡੇਰਾ ਪ੍ਰੇਮੀ ਦੇ ਕਤਲ, ਕੇ.ਟੀ.ਐਫ. ਮੁਖੀ ਹਰਦੀਪ ਨਿੱਝਰ ਦੇ ਪਿੰਡ ਵਿੱਚ ਪੁਜਾਰੀ ‘ਤੇ ਗੋਲੀਬਾਰੀ, ਸੁੱਖਾ ਲੰਮੇ ਕਤਲ ਕੇਸ ਅਤੇ ਮੋਗਾ ਦੇ ਸੁਪਰਸ਼ਾਈਨ ਕਤਲ ਕੇਸ ਵਿੱਚ ਸ਼ਾਮਲ ਮੁੱਖ ਸ਼ਾਰਪ ਸ਼ੂਟਰਾਂ ’ਚੋਂ ਇੱਕ ਹੈ। ਪੁਲਿਸ ਅਨੁਸਾਰ ਇਹ ਤਿੰਨੋਂ ਮੁਲਜ਼ਮ ਕੇ.ਟੀ.ਐਫ. ਦੇ ਕਨੇਡਾ ਅਧਾਰਤ ਮੁਖੀ ਹਰਦੀਪ ਸਿੰਘ ਨਿੱਝਰ, ਜਿਸ ਨੂੰ ਸਰਕਾਰ ਦੁਆਰਾ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.) ਤਹਿਤ ਅੱਤਵਾਦੀ ਐਲਾਨਿਆ ਹੋਇਆ ਹੈ, ਦੇ ਦਿਸ਼ਾ ਨਿਰਦੇਸ਼ਾਂ ਤਹਿਤ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ।
ਪੁਲਿਸ ਅਧਿਕਾਰੀਆਂ ਨੇ ਉਦੋਂ ਦਾਅਵਾ ਕੀਤਾ ਸੀ ਕਿ ਇੰਨ੍ਹਾਂ ਦੇ ਤਿੰਨ ਹੋਰ ਕੇ.ਟੀ.ਐਫ. ਦੇ ਸਹਾਇਕ ਸਾਜਿਸ਼ਕਰਤਾ -ਮਾਸਟਰ ਮਾਈਡਾਂ ਦੀ ਪਛਾਣ ਅਰਸ਼ਦੀਪ, ਰਮਨਦੀਪ ਅਤੇ ਚਰਨਜੀਤ ਉਰਫ ਰਿੰਕੂ ਬੀਹਲਾ ਵਜੋਂ ਕੀਤੀ ਗਈ ਹੈ, ਜੋ ਸਰੀ (ਬੀਸੀ) ਕੈਨੇਡਾ ਵਿੱਚ ਛੁਪੇ ਹੋਏ ਹਨ। ਪੁਲਿਸ ਮੁਤਾਬਕ ਮੁਲਜਮ ਕਮਲ ਨੂੰ ਇਹਨਾਂ ਵਰਦਾਤਾਂ ਨੂੰ ਅੰਜ਼ਾਮ ਦੇਣ ਲਈ ਹਵਾਲਾ ਅਤੇ ਵੈਸਟਰਨ ਯੂਨੀਅਨ ਰਾਹੀਂ ਆਪਣੇ ਕੈਨੇਡਾ ਅਧਾਰਤ ਸਾਥੀਆਂ ਵੱਲੋਂ ਮੋਟਾ ਪੈਸਾ ਭੇਜਿਆ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਮਨੋਹਰ ਲਾਲ ਦੇ ਕਤਲ ’ਚ ਸ਼ਾਮਲ ਮੁਲਜਮਾਂ ਦੇ ਵਿਦੇਸ਼ਾਂ ’ਚ ਸਬੰਧ ਹੋਣ ਕਾਰਨ ਹੀ ਪੜਤਾਲ ਐਨ ਆਈ ਏ ਨੂੰ ਦਿੱਤੀ ਗਈ ਹੈ।
ਡੇਰਾ ਪ੍ਰੇਮੀਆ ਦੇ ਜਖਮਾਂ ਤੇ ਮੱਲ੍ਹਮ
ਐਨ ਆਈ ਵੱਲੋਂ ਕਤਲ ਦੇ ਇੱਕ ਸਾਲ ਬਾਅਦ ਪੜਤਾਲ ਲਈ ਅਚਾਨਕ ਸਰਗਰਮ ਹੋਣ ਨੂੰ ਡੇਰਾ ਪ੍ਰੇਮੀਆਂ ਦੇ ਜਖਮਾਂ ਤੇ ਮੱਲ੍ਹਮ ਲਾਉਣ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ। ਐਨ ਆਈ ਏ ਦੀ ਕਮਾਨ ਕੇਂਦਰ ਦੇ ਹੱਥ ਹੈ ਜਿੱਥੇ ਬੀਜੇਪੀ ਸੱਤਾ ’ਚ ਹੈ। ਹਰਿਆਣਾ ’ਚ ਭਾਜਪਾ ਸਰਕਾਰ ਹੋਣ ਦੇ ਬਾਵਜੂਦ ਡੇਰਾ ਸਰਸਾ ਮੁਖੀ ਨੂੰ ਸਖਤ ਸਜ਼ਾਵਾਂ ਸੁਣਾਏ ਜਾਣ ਕਾਰਨ ਡੇਰਾ ਪ੍ਰੇਮੀ ਭਾਜਪਾ ਨਾਲ ਅੰਦਰੋ ਅੰਦਰੀ ਡਾਹਢੇ ਨਰਾਜ਼ ਚਲੇ ਆ ਰਹੇ ਹਨ। ਉੱਪਰੋਂ ਯੂਪੀ ਆਦਿ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਹੋਣ ਕਾਰਨ ਖੇਤੀ ਕਾਨੂੰਨਾਂ ਕਰਕੇ ਬੈਕਫੁੱਟ ਤੇ ਆਈ ਬੀਜੇਪੀ ਦੇ ਡੁੱਬਦੇ ਤਿਣਕੇ ਨੂੰ ਡੇਰੇ ਦਾ ਵੱਡਾ ਵੋਟ ਬੈਂਕ ਸਹਾਰਾ ਦੇ ਸਕਦਾ ਹੈ ਜਿਸ ਲਈ ਪ੍ਰੇਮੀਆਂ ਦੀ ਨਰਾਜ਼ਗੀ ਦੂਰ ਕਰਨਾ ਲਾਜਮੀ ਬਣ ਗਿਆ ਹੈ।
ਐਸ ਐਸ ਪੀ ਬਠਿੰਡਾ ਵੱਲੋਂ ਟੀਮ ਦੀ ਪੁਸ਼ਟੀ
ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ੍ਰੀ ਅਜੇ ਮਲੂਜਾ ਦਾ ਕਹਿਣਾ ਸੀ ਕਿ ਅੱਜ ਭਗਤਾ ਭਾਈ ’ਚ ਐਨ ਆਈ ਏ ਦੀ ਟੀਮ ਡੇਰਾ ਪ੍ਰੇਮੀ ਮਨੋਹਰ ਲਾਲ ਦੇ ਕਤਲ ਮਾਮਲੇ ਦੀ ਜਾਂਚ ਲਈ ਆਈ ਸੀ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਨੇ ਸੁਰੱਖਿਆ ਪ੍ਰਬੰਧ ਕੀਤੇ ਸਨ ਜਦੋਂਕਿ ਜਾਣਕਾਰੀ ਤਾਂ ਟੀਮ ਹੀ ਦੇ ਸਕਦੀ ਹੈ।