ਐਸ ਓ ਆਈ ਦੇ ਦਿਹਾਤੀ ਪ੍ਰਧਾਨ ਨੇ ਖੁਦ ਨੂੰ ਮਾਰੀ ਗੋਲੀ, ਮੌਤ
ਬਲਵਿੰਦਰ ਸਿੰਘ ਧਾਲੀਵਾਲ
- ਕਨਪਟੀ 'ਚੋਂ ਗੋਲੀ ਦਿਮਾਗ ਦੇ ਆਰ-ਪਾਰ ਹੋ ਕੇ ਗੱਡੀ ਦੇ ਸ਼ੀਸ਼ੇ ਤੋੜ ਕੇ ਬਾਹਰ ਆ ਗਈ
- ਘਰੇਲੂ ਝਗੜੇ ਕਾਰਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ : ਡੀ.ਐੱਸ.ਪੀ
ਸੁਲਤਾਨਪੁਰ ਲੋਧੀ 24 ਨਵੰਬਰ 2021 - ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ (SOI) ਦੇ ਜ਼ਿਲਾ ਕਪੂਰਥਲਾ ਦੇ ਦਿਹਤੀ ਪ੍ਰਧਾਨ ਨੇ ਆਪਣੀ ਇਨੋਵਾ ਗੱਡੀ 'ਚ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਕਨਪਟੀ ਤੇ ਰੱਖ ਕੇ ਚਲਾਈ ਗਈ ਗੋਲੀ ਦਿਮਾਗ ਨੂੰ ਪਾਰ ਕਰ ਕੇ ਇਨੋਵਾ ਗੱਡੀ ਦੀ ਪਿਛਲੀ ਸੀਟ ਦਾ ਸ਼ੀਸ਼ਾ ਤੋੜ ਕੇ ਬਾਹਰ ਨਿਕਲ ਗਈ। ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ। ਥਾਣਾ ਸਦਰ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ। ਦੂਜੇ ਪਾਸੇ ਥਾਣਾ ਸਦਰ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ’ਤੇ 174 ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਿਹਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ 30 ਸਾਲਾ ਅਮਰਜੋਤ ਸਿੰਘ ਵਾਸੀ ਪਿੰਡ ਮਾਧੋਝੰਡਾ ਆਪਣੀ ਇਨੋਵਾ ਗੱਡੀ ਨੰਬਰ ਡੀਐਲ-4ਸੀਏਈ-2617 ’ਤੇ ਸਵਾਰ ਹੋ ਕੇ ਪਿੰਡ ਰਜ਼ਾਪੁਰ ਨੇੜੇ ਰਿਸ਼ਤੇਦਾਰਾਂ ਨੂੰ ਮਿਲਣ ਆਇਆ ਸੀ। ਇਸ ਦੌਰਾਨ ਉਸ ਨੇ ਉੱਥੇ ਘਰੇਲੂ ਝਗੜੇ ਕਾਰਨ ਕਾਰ 'ਚ ਬੈਠਦੇ ਹੀ ਆਪਣੇ ਲਾਇਸੈਂਸੀ ਰਿਵਾਲਵਰ ਨਾਲ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਇਸ ਤੋਂ ਬਾਅਦ ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ।
ਡੀਐਸਪੀ ਕਪੂਰਥਲਾ ਸੁਰਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੇ ਪਰਿਵਾਰਕ ਝਗੜੇ ਕਾਰਨ ਖ਼ੁਦ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰਨ ਦਾ ਖ਼ੌਫ਼ਨਾਕ ਕਦਮ ਚੁੱਕਿਆ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਧਾਰਾ-174 ਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਦੱਸ ਦੇਈਏ ਕਿ ਅਮਰਜੋਤ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ SOI ਦੇ ਦਿਹਾਤੀ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ।