ਚੰਨੀ ਨਕਲੀ ਕੇਜਰੀਵਾਲ ਕਹੇ ਜਾਣ 'ਤੇ ਗੁੱਸੇ 'ਚ : ਅਰਵਿੰਦ ਕੇਜਰੀਵਾਲ ਨੂੰ ਕਿਹਾ- ਅਸੀਂ ਪੰਜਾਬ ਦੇ ਲੋਕਾਂ ਨੂੰ ਕੰਮ ਕਰਕੇ ਦੇ ਰਹੇ ਹਾਂ ਗਾਰੰਟੀ ਨਹੀਂ ਦੇ ਰਹੇ
ਦੀਪਕ ਗਰਗ
- ਪੰਜਾਬ 'ਚ ਨਕਲੀ ਕੇਜਰੀਵਾਲ ਘੁੰਮ ਰਿਹਾ ਹੈ, ਸੁਰੱਖਿਅਤ ਰਹੋ... ਦਿੱਲੀ ਦੇ ਮੁੱਖ ਮੰਤਰੀ ਨੇ ਮੋਗਾ ਰੈਲੀ 'ਚ ਕਿਹਾ
- ਸੁਖਬੀਰ ਵੀ ਆਮ ਲੋਕਾਂ ਨਾਲ ਸੈਲਫੀ ਕਰਵਾਕੇ ਬਣ ਰਹੇ ਆਮ ਆਦਮੀ
- ਮੁੱਖ ਮੰਤਰੀ ਚੰਨੀ ਖਿਲਾਫ ਆਪ' ਨੇ ਜਾਰੀ ਕੀਤੇ 'ਨਕਲੀ ਕੇਜਰੀਵਾਲ' ਪੋਸਟਰ
ਕੋਟਕਪੂਰਾ, 24 ਨਵੰਬਰ 2021 - ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਵਿਚਾਲੇ ਜੁਬਾਨੀ ਜੰਗ ਤੇਜ਼ ਹੋ ਗਈ ਹੈ। ਅਰਵਿੰਦ ਕੇਜਰੀਵਾਲ ਨੇ ਸੀਐਮ ਚੰਨੀ ਨੂੰ ਨਕਲੀ ਕੇਜਰੀਵਾਲ ਕਿਹਾ ਸੀ। ਹੁਣ ਮੁਖਮੰਤਰੀ ਚੰਨੀ ਨੇ ਵੀ ਇਸ 'ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ਼ਾਰਿਆਂ 'ਚ ਕੇਜਰੀਵਾਲ ਨੂੰ ਭੰਡ ਕਿਹਾ।
ਸੀਐਮ ਚਰਨਜੀਤ ਚੰਨੀ ਨੇ ਅੱਜ ਪਟਿਆਲਾ ਵਿੱਖੇ ਕਿਹਾ ਕਿ ਉਹ ਕੰਮ ਕਰ ਰਹੇ ਹਨ ਅਤੇ ਅਰਵਿੰਦ ਕੇਜਰੀਵਾਲ ਵਰਗੇ ਨੇਤਾਵਾਂ ਕੋਲ ਕੋਈ ਮੁੱਦਾ ਨਹੀਂ ਹੈ। ਕੇਜਰੀਵਾਲ ਉਸ ਨੂੰ ਨਕਲੀ ਦੱਸ ਰਹੇ ਹਨ, ਜਦਕਿ ਉਹ ਖੁਦ ਨਕਲਚੀ ਹਨ। ਇਨ੍ਹਾਂ ਨੂੰ ਪਿੰਡਾਂ ਵਿੱਚ ‘ਭੰਡ’ ਕਿਹਾ ਜਾਂਦਾ ਹੈ। ਚਰਨਜੀਤ ਚੰਨੀ ਨੇ ਕਿਹਾ ਕਿ ਕੋਈ ਕੁਝ ਵੀ ਕਹਿੰਦਾ ਰਹੇ , ਉਹ ਆਪਣਾ ਕੰਮ ਕਰ ਕੇ ਦਿਖਾ ਰਹੇ ਹਨ। ਜਿਨ੍ਹਾਂ ਕੋਲ ਕਰਣ ਲਈ ਕੁਝ ਨਹੀਂ ਹੈ। ਉਹ ਗੁੱਸੇ ਵਿਚ ਝੂਠੇ ਬਿਆਨ ਦੇ ਰਹੇ ਹਨ
ਮੁਖਮੰਤਰੀ ਚੰਨੀ ਨੇ ਕਿਹਾ ਕਿ ਅਸੀਂ ਸਕਾਰਾਤਮਕ ਸੋਚ ਨਾਲ ਚੱਲ ਰਹੇ ਹਾਂ। ਰਣਨੀਤੀ 'ਤੇ ਕੰਮ ਕਰ ਰਹੇ ਹਾਂ। ਮੈਂ ਕਿਸੇ ਨੂੰ ਇਹ ਨਹੀਂ ਕਹਾਂਗਾ ਕਿ ਕੋਈ ਮੇਰੀ ਨਕਲ ਕਰ ਰਿਹਾ ਹੈ ਜਾਂ ਬੁਰਾ ਹੋ ਰਿਹਾ ਹੈ। ਮੈਂ ਆਪਣੀ ਲਾਈਨ ਤੇ ਚਲ ਰਿਹਾ ਹਾਂ। ਮੈਂ ਉਹੀ ਕਰ ਰਿਹਾ ਹਾਂ ਜੋ ਲੋਕਾਂ ਲਈ ਚੰਗਾ ਹੈ।
ਕੇਜਰੀਵਾਲ ਦੇ 25 ਵਿਧਾਇਕਾਂ ਦੇ ਕਾਂਗਰਸ 'ਚੋਂ 'ਆਪ' 'ਚ ਸ਼ਾਮਲ ਹੋਣ ਦੇ ਬਿਆਨ 'ਤੇ ਮੁਖਮੰਤਰੀ ਚੰਨੀ ਨੇ ਕਿਹਾ ਕਿ ਕੇਜਰੀਵਾਲ ਪਿਛਲੀ ਵਾਰ ਵੀ ਜੁਮਲਾ ਛੱਡ ਗਏ ਸਨ ਅਤੇ ਇਸ ਵਾਰ ਵੀ ਉਹੀ ਕਰ ਰਹੇ ਹਨ। ਉਨ੍ਹਾਂ ਦੇ ਆਪਣੇ ਵਿਧਾਇਕਾਂ ਨੂੰ ਤਾਂ ਉਨ੍ਹਾਂ ਤੋਂ ਸੰਭਾਲਿਆ ਨਹੀਂ ਜਾ ਰਿਹਾ।
ਚਰਨਜੀਤ ਚੰਨੀ ਦੇ ਪੰਜਾਬ ਦੇ ਸੀਐਮ ਬਣਨ ਤੋਂ ਬਾਅਦ ਇਹ ਜੰਗ ਸ਼ੁਰੂ ਹੋਈ ਸੀ। ਜਦੋਂ ਉਨ੍ਹਾਂ ਨੇ ਕੇਜਰੀਵਾਲ ਦੇ ਕੱਪੜਿਆਂ 'ਤੇ ਟਿੱਪਣੀ ਕੀਤੀ ਸੀ। ਚੰਨੀ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਘੱਟੋ-ਘੱਟ ਚੰਗੇ ਕੱਪੜੇ ਤਾਂ ਲੈਣੇ ਚਾਹੀਦੇ ਹਨ।
ਪੰਜਾਬ ਵਿੱਚ ਸਾਢੇ ਤਿੰਨ ਮਹੀਨਿਆਂ ਬਾਅਦ ਚੋਣਾਂ ਹਨ। ਅਜਿਹੇ 'ਚ 'ਆਮ ਆਦਮੀ' ਨੂੰ ਲੈ ਕੇ ਮੁੱਖ ਮੰਤਰੀ ਚੰਨੀ ਅਤੇ ਕੇਜਰੀਵਾਲ ਵਿਚਾਲੇ ਜੰਗ ਚੱਲ ਰਹੀ ਹੈ। ਕੇਜਰੀਵਾਲ ਪਹਿਲਾਂ ਇਸ ਤਸਵੀਰ ਨੂੰ ਕੈਸ਼ ਕਰਦੇ ਸਨ। ਜਦੋਂ ਚਰਨਜੀਤ ਚੰਨੀ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਨੇ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਆਮ ਆਦਮੀ ਕਿਹਾ। ਇਸ ਤੋਂ ਬਾਅਦ ਲੋਕਾਂ ਨੂੰ ਮਿਲਣਾ, ਭੰਗੜਾ ਅਤੇ ਹਾਕੀ ਗੋਲਕੀਪਰ ਵਰਗੇ ਨਵੇਂ ਅੰਦਾਜ਼ ਦਿਖਾਉਂਦੇ ਹੋਏ ਸਟੇਜ 'ਤੇਭੰਗੜਾ ਵੀ ਪਾਇਆ। ਜਿਸ ਤੋਂ ਬਾਅਦ ਕੇਜਰੀਵਾਲ ਨੇ ਵੀ ਉਨ੍ਹਾਂ 'ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ। ਦੋ ਦਿਨ ਪਹਿਲਾਂ ਮੋਗਾ ਪਹੁੰਚੇ ਕੇਜਰੀਵਾਲ ਨੇ ਚੰਨੀ ਨੂੰ ਨਕਲੀ ਕੇਜਰੀਵਾਲ ਕਿਹਾ। ਜਿਸ ਤੋਂ ਬਾਅਦ ਇਹ ਵਿਵਾਦ ਵਧ ਗਿਆ ਹੈ।
ਸੂਤਰਾਂ ਅਤੇ ਚਰਚਾ ਮੁਤਾਬਿਕ ਆਮ ਆਦਮੀ ਪਾਰਟੀ (ਆਪ) ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ‘ਫੇਕ ਕੇਜਰੀਵਾਲ’ ਵਾਲੇ ਪੋਸਟਰ ਵੀ ਜਾਰੀ ਕੀਤੇ ਹਨ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੀ ਇਸ ਅਸਲੀ-ਨਕਲੀ ਲੜਾਈ ਵਿੱਚ ਕੁੱਦ ਪਏ ਹਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਚੰਨੀ ਅਤੇ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਦੋਵੇਂ ਫਰਜ਼ੀ ਆਮ ਆਦਮੀ ਹਨ। ਪੰਜਾਬ ਦਾ ਅਸਲੀ ਆਮ ਆਦਮੀ ਉਹ ਹਨ। ਅਕਾਲੀ ਦਲ ਲਗਾਤਾਰ ਖੇਤਰੀ ਪਾਰਟੀ ਹੋਣ ਦੀ ਬਾਜ਼ੀ ਖੇਡ ਰਿਹਾ ਹੈ।