ਖਸਤਾਹਾਲ ਹੋ ਚੁੱਕੇ ਬੱਸ ਸਟੈਂਡ ਕੋਟਕਪੂਰਾ ਦੇ ਅਸੁਰੱਖਿਅਤ ਭਵਨ ਵਿੱਚ ਹੀ ਬੱਸਾਂ ਦਾ ਇੰਤਜ਼ਾਰ ਕਰਦੀਆਂ ਸਵਾਰੀਆਂ
ਬੱਸ ਸਟੈਂਡ ਦੇ ਦੁਕਾਨਦਾਰਾਂ ਵੱਲੋਂ ਦੁਕਾਨਾਂ ਦੀ ਬਜਾਏ ਬਸ ਸਟੈਂਡ ਦੇ ਵਿਹੜੇ ਵਿੱਚ ਸਜਾਈਆਂ ਗਈਆਂ ਹਨ ਸਟਾਲਾਂ, ਮਹਿੰਗਾ ਮਿਲ ਰਿਹਾ ਸਮਾਨ ?
ਦੀਪਕ ਗਰਗ ਦੀ ਰਿਪੋਰਟ, ਬਾਬੂਸ਼ਾਹੀ ਨੈੱਟਵਰਕ
ਕੋਟਕਪੂਰਾ, 25 ਨਵੰਬਰ 2021-
ਪੰਜਾਬ ਦੇ ਨਵੇਂ ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਰਕਾਰੀ ਪੱਧਰ ਤੇ ਸਰਕਾਰੀ ਬੱਸਾਂ ਅਤੇ ਬੱਸ ਅੱਡਿਆਂ ਦੀ ਸਾਫ਼ ਸਫ਼ਾਈ ਅਤੇ ਸਾਂਭ ਸੰਭਾਲ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਦੇ ਬਾਵਜੂਦ ਕੋਟਕਪੂਰਾ ਦੇ ਨਗਰ ਕੌਂਸਲ ਬਸ ਸਟੈਂਡ ਉਪਰ ਇਸ ਮੁਹਿੰਮ ਦਾ ਕੋਈ ਅਸਰ ਨਹੀਂ ਵਿਖਾਈ ਦੇ ਰਿਹਾ ਹੈ।
17 ਜਨਵਰੀ 1985 ਨੂੰ ਲੋਕ ਅਰਪਣ ਹੋਏ ਪਰ ਹੁਣ ਬੁਰੀ ਤਰ੍ਹਾਂ ਨਾਲ ਖਸਤਾਹਾਲ ਹੋ ਚੁੱਕੇ ਬਸ ਸਟੈਂਡ ਕੋਟਕਪੂਰਾ ਦਾ ਮੁੱਖ ਭਵਨ ਅਸੁਰੱਖਿਅਤ ਘੋਸ਼ਿਤ ਹੋ ਚੁੱਕਿਆ ਹੈ। ਨਗਰ ਕੌਂਸਲ ਕੋਟਕਪੂਰਾ ਨੇ ਇਸ ਭਵਨ ਦੀਆਂ ਦੀਵਾਰਾਂ ਉੱਤੇ ਸਿਰਫ ਇਹ ਲਿਖਵਾ ਕੇ ਖਾਨਾਪੂਰਤੀ ਕਰ ਦਿੱਤੀ ਹੈ ਕਿ ਇੱਥੇ ਖੜੇ ਨਾ ਹੋਵੋ ਇਹ ਭਵਨ ਕਦੇ ਵੀ ਡਿੱਗ ਸਕਦਾ ਹੈ। ਹੁਣ ਸਵਾਰੀਆਂ ਦੀ ਮਜਬੂਰੀ ਸੱਮਝੋ ਜਾਂ ਪ੍ਰਸ਼ਾਸਨ ਦੀ ਲਾਪਰਵਾਹੀ ਕਿ ਸਰਦੀ, ਗਰਮੀ ਅਤੇ ਵਰਖਾ ਦੇ ਮੌਸਮ ਤੋਂ ਬਚਨ ਲਈ ਸਵਾਰੀਆਂ ਦੇ ਕੋਲ ਹੋਰ ਕੋਈ ਵਿਕਲਪ ਵੀ ਨਹੀਂ ਹੈ। ਸਵਾਰੀਆਂ ਇੱਥੇ ਇਸੇ ਅਸੁਰੱਖਿਅਤ ਭਵਨ ਵਿੱਚ ਬੈਠਕੇ ਆਰਾਮ ਕਰਦੀਆਂ ਹਨ। ਜਦੋਂਕਿ ਬੱਸ ਸਟੈਂਡ ਦੀਆਂ ਪੌੜੀਆਂ ਅਤੇ ਛੱਤ ਉਪਰ ਥਾਂ ਥਾਂ ਤੇ ਸਰੀਏ ਬਾਹਰ ਨਿਕਲੇ ਹੋਏ ਦਿਖਾਈ ਦੇ ਰਹੇ ਹਨ। ਪਹਿਲੀ ਮੰਜਿਲ ਤੇ ਬਣੇ ਕਮਰੇ ਬੁਰੀ ਤਰ੍ਹਾਂ ਨਾਲ ਖਸਤਾ ਹਾਲ ਹੋ ਚੁੱਕੇ ਹਨ ?
ਨਗਰ ਕੌਂਸਲ ਕੋਟਕਪੂਰਾ ਵਲੋਂ ਇਸ ਬੱਸ ਸਟੈਂਡ ਦਾ ਨਿਰਮਾਣ ਸਾਬਕਾ ਨਗਰ ਕੌਂਸਲ ਪ੍ਰਧਾਨ ਸਵ. ਅਜਮੇਰ ਸਿੰਘ ਮੱਕੜ ਨੇ ਕਰਵਾਇਆ ਸੀ। ਬਾਅਦ ਵਿੱਚ ਇਸਨੂੰ ਸਾਬਕਾ ਨਗਰ ਕੌਂਸਲ ਪ੍ਰਧਾਨ ਸਵ. ਸ਼੍ਰੀਮਤੀ ਕਾਂਤਾ ਸ਼ਰਮਾ ਦੇ ਕਾਰਜਕਾਲ ਸਮੇਂ ਰਾਜਪਾਲ ਕੇ ਟੀ ਸਤਾਰਾਵਾਲਾ ਵਲੋਂ ਲੋਕ ਅਰਪਣ ਕੀਤਾ ਗਿਆ।
ਮੁੱਖ ਭਵਨ ਦੇ ਸ਼ੌਚਾਲਾ ਵੀ ਖਸਤਾ ਹਾਲ ਹੋ ਚੁੱਕੇ ਹਨ। ਇਥੇ ਸਫਾਈ ਦਾ ਕੋਈ ਪ੍ਰਬੰਧ ਨਹੀਂ ਲੇਕਿਨ ਸਵਾਰੀਆਂ ਵਲੋਂ ਮਜਬੂਰੀ ਵਿੱਚ ਉਨ੍ਹਾਂ ਦਾ ਹੀ ਇਸਤੇਮਾਲ ਕੀਤਾ ਜਾ ਰਿਹਾ ਹੈ। ਬੱਸ ਸਟੈਂਡ ਉੱਤੇ ਕਈ ਸਥਾਨ ਅਜਿਹੇ ਹਨ, ਜਿੱਥੇ ਪੁਰਖ ਖੁੱਲ੍ਹੇ ਵਿੱਚ ਪੇਸ਼ਾਬ ਕਰਦੇ ਹਨ। ਬੱਸ ਸਟੈਂਡ ਦੇ ਅੰਦਰ ਕੂੜੇ ਕਰਕਟ ਦਾ ਡੰਪ ਹੋਣ ਦੇ ਚਲਦੇ ਅਵਾਰਾ ਪਸ਼ੁ ਵੀ ਇਥੇ ਉੱਧਰ ਘੁੰਮਦੇ ਰਹਿੰਦੇ ਹਨ। ਡੰਪ ਦੇ ਆਸਪਾਸ ਚਾਰਦੀਵਾਰੀ ਹੋਣ ਦੇ ਬਾਵਜੂਦ ਵੀ ਕੂੜਾ ਬਾਹਰ ਸੁੱਟਿਆ ਜਾ ਰਿਹਾ ਹੈ। ਯਾਨੀ ਬਸ ਸਟੈਂਡ ਵਿੱਚ ਯਾਤਰੀਆਂ ਲਈ ਹਰ ਤਰਫ ਖਤਰਾ ਹੀ ਖਤਰਾ ਹੈ ?
ਬੱਸ ਸਟੈਂਡ ਦਾ ਟ੍ਰੈਕ ਕੁੱਝ ਮਹੀਨੇਂ ਪਹਿਲਾਂ ਨਵਾਂ ਬਣਵਾਇਆ ਗਿਆ ਹੈ ਲੇਕਿਨ ਬਿਲਡਿੰਗ ਨੂੰ ਲੈ ਕੇ ਹਰ ਸਮੇਂ ਯਾਤਰੀਆਂ ਅਤੇ ਇਥੇ ਕੰਮ ਕਰਦੇ ਕਰਮਚਾਰੀਆਂ ਅਤੇ ਦੁਕਾਨਦਾਰਾਂ ਦੀ ਜਾਨ ਜੋਖਮ ਵਿੱਚ ਰਹਿੰਦੀ ਹੈ। ਬਸ ਸਟੈਂਡ ਉੱਤੇ ਪੀਣ ਵਾਲੇ ਸਾਫ ਪਾਣੀ ਦੀ ਵੀ ਸਹੂਲਤ ਨਹੀਂ ਹੈ। ਸਵਾਰੀਆਂ ਨੂੰ 20 ਰੁਪਏ ਵਿੱਚ ਪਾਣੀ ਦੀ ਬੋਤਲ ਖਰੀਦ ਕੇ ਪਾਣੀ ਪੀਣਾ ਪੈਂਦਾ ਹੈ ?
ਮਜਬੂਰੀਵਸ ਸਰਕਾਰੀ ਅਤੇ ਪ੍ਰਾਈਵੇਟ ਬੱਸਾਂ ਦਾ ਸਟਾਫ ਵੀ ਇਸ ਅਸੁਰੱਖਿਅਤ ਹੋ ਚੁੱਕੇ ਭਵਨ ਦੇ ਕਮਰਿਆਂ ਵਿੱਚ ਹੀ ਬੈਠਦਾ ਅਤੇ ਆਰਾਮ ਕਰਦਾ ਹੈ। ਸਵਾਰੀਆਂ ਨੂੰ ਵੀ ਨਹੀਂ ਰੋਕਿਆ ਨਹੀਂ ਜਾ ਰਿਹਾ ਕਿ ਇੱਥੇ ਨਹੀਂ ਬੈਠਿਆ ਜਾਵੇ ?
ਪ੍ਰਾਈਵੇਟ ਅਤੇ ਸਰਕਾਰੀ ਬੱਸਾਂ ਦੇ ਕਰਮਚਾਰੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਲਦੀ ਤੋਂ ਜਲਦੀ ਬਸ ਸਟੈਂਡ ਦੇ ਮੁੱਖ ਭਵਨ ਨੂੰ ਨਵੇਂ ਸਿਰੇ ਤੋਂ ਬਣਾਇਆ ਜਾਵੇ। ਜਿਸ ਵਿੱਚ ਸਾਰੇ ਬਾਥਰੂਮ, ਸ਼ੌਚਾਲਾ, ਪੀਣ ਵਾਲੇ ਪਾਣੀ ਦੀ ਸਹੂਲਤ ਸੇਂਸਰ ਯੁਕਤ ਨਲਾਂ ਨਾਲ ਕੀਤੀ ਜਾਵੇ ਤਾਂ ਜੋ ਕਿਸੇ ਵੀ ਨਲ ਨੂੰ ਹੱਥ ਲਗਾਉਣ ਦੀ ਜ਼ਰੂਰਤ ਨਾ ਪਵੇ। ਕਿਉਂਕਿ ਕੋਰੋਨਾ ਵਾਇਰਸ ਸੰਕਟ ਸਮੇਤ ਹੋਰ ਕਈ ਸੰਕ੍ਰਮਿਤ ਬੀਮਾਰੀਆਂ ਦੀ ਹੋਂਦ ਦੇ ਚਲਦੇ ਅਜਿਹਾ ਜਰੂਰੀ ਹੋ ਚੁੱਕਿਆ ਹੈ। ਨਾਲ ਹੀ ਬਸ ਸਟੈਂਡ ਵਿੱਚ ਮੌਜੂਦ ਕੂੜੇ ਦਾ ਡੰਪ ਵੀ ਹਟਾਇਆ ਜਾਵੇ ਤਾਂਕਿ ਇਥੇ ਅਵਾਰਾ ਪਸ਼ੁ ਨਾ ਆਉਣ ?
ਬੱਸ ਸਟੈਂਡ ਤੇ ਮੌਜੂਦ ਕੁਝ ਮਹਿਲਾ ਸਵਾਰੀਆਂ ਅਤੇ ਵੱਖ ਵੱਖ ਕਾਲਜਾਂ ਦੀਆਂ ਵਿਦਿਆਰਥਣਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵਿਚੋਂ ਕੁਝ ਨੇ ਆਪਣਾ ਨਾਂਅ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਸਾਡੇ ਵਲੋਂ ਸਰਕਾਰੀ ਬਸਾਂ ਵਿੱਚ ਮੁਫਤ ਸਫਰ ਕਰਣ ਦੀ ਬਜਾਏ ਪ੍ਰਾਈਵੇਟ ਬਸਾਂ ਵਿੱਚ ਸਫਰ ਕਰਨ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਕਿਉਂਕਿ ਜਿਆਦਾਤਰ ਲੋਕਲ ਰੂਟ ਦੀਆਂ ਖਸਤਾਹਾਲ ਹੋ ਚੁੱਕੀਆਂ ਸਰਕਾਰੀ ਬਸਾਂ ਖੜਕਾ ਕਰਦੀਆਂ ਹਨ। ਕਈ ਬਸਾਂ ਵਿੱਚ ਸੀਟਾਂ ਵੀ ਜ਼ਿਆਦਾ ਵਧੀਆ ਨਹੀਂ। ਇਸ ਤੋਂ ਬਿਨਾਂ ਸਰਕਾਰੀ ਬਸ ਟਾਈਮ ਤੇ ਨਾ ਮਿਲੇ ਤਾਂ ਵੀ ਮਜਬੂਰੀਵਸ ਪ੍ਰਾਈਵੇਟ ਬਸਾਂ ਵਿੱਚ ਸਫਰ ਕਰਨਾ ਪੈਂਦਾ ਹੈ ?
ਕੁਝ ਪੇਂਡੂ ਮਹਿਲਾ ਸਵਾਰੀਆਂ ਨੇ ਦੱਸਿਆ ਕਿ ਆਧਾਰ ਕਾਰਡ ਕੋਲ ਹੋਣ ਤੇ ਵੀ ਸਰਕਾਰੀ ਬਸਾਂ ਦੇ ਕੰਡਕਟਰ ਪੈਸੇ ਦੇਕੇ ਟਿਕਟ ਲੈਣ ਲਈ ਮਜਬੂਰ ਕਰਦੇ ਹਨ ?
ਇਸ ਸੰਬੰਧ ਵਿੱਚ 25 ਅਕਤੂਬਰ 2021 ਨੂੰ ਪੰਜਾਬ ਦੇ ਟ੍ਰਾੰਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਹੱਟਸ ਐਪ ਨੰਬਰ 94784 54701 ਉਪਰ ਜਾਣਕਾਰੀ ਭੇਜੀ ਗਈ ਸੀ।
ਆਟੋ ਰਿਪਲਾਈ ਰਾਹੀਂ ਜੁਆਬ ਆਇਆ ਸੀ ਕਿ ਸੁਝਾਅ ਅਤੇ ਸ਼ਿਕਾਇਤਾਂ ਨੂੰ ਪੜ੍ਹਨ ਨੂੰ ਥੋੜਾ ਸਮਾਂ ਲੱਗ ਰਿਹਾ ਹੈ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਮੇਰੀ ਕੋਸ਼ਿਸ਼ ਰਹੇਗੀ ਕਿ ਤੁਹਾਡੇ ਸ਼ਿਕਾਇਤਾਂ ਦਾ ਨਿਪਟਾਰਾ ਅਤੇ ਸੁਝਾਵਾਂ ਤੇ ਕੰਮ ਵਿਭਾਗ ਜਲਦ ਤੋਂ ਜਲਦ ਸ਼ੁਰੂ ਕਰ ਦੇਵੇ।
ਉਹਨਾਂ ਵਲੋਂ ਅਧਿਕਾਰਤ ਜੁਆਬ ਅਜੇ ਤੱਕ ਨਹੀਂ ਆਇਆ ਹੈ ਅਤੇ ਨਾਂ ਹੀ ਬਸ ਸਟੈਂਡ ਦੀ ਹਾਲਤ ਵੱਲ ਕਿਸੇ ਮਹਿਕਮੇ ਦਾ ਧਿਆਨ ਗਿਆ ਹੈ ?
ਹਲਕਾ ਇੰਚਾਰਜ ਭਾਈ ਰਾਹੁਲ ਸਿੰਘ ਸਿੱਧੂ ਵਲੋਂ ਇਸ ਬਿਲਡਿੰਗ ਦੀ ਦਿੱਖ ਸੁਧਾਰਨ ਦੀ ਗੱਲ ਕਹੀ ਜਾ ਰਹੀ ਹੈ ਅਸਲ ਵਿੱਚ ਇਹ ਪੂਰੀ ਬਿਲਡਿੰਗ ਹੀ ਨਵੇਂ ਸਿਰਿਉਂ ਬਣਾਈ ਜਾਣੀ ਚਾਹੀਦੀ ਹੈ ?
ਸੁੱਬਾ ਸਰਕਾਰ ਵਲੋਂ ਧਾਰਮਿਕ ਸਥਾਨਾਂ ਦੇ ਆਸਪਾਸ ਦਿੱਖ ਸੁਧਾਰਨ ਲਈ ਵੱਡੇ ਲੈਬਲ ਤੇ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਜਾਰੀ ਕੀਤੀਆਂ ਜਾ ਰਹੀ ਹਨ। ਪਰ ਆਮ ਪਬਲਿਕ ਦੀ ਸੁਵਿਧਾ ਲਈ ਬਣੀਆਂ ਅਤੇ ਹੁਣ ਖਸਤਾਹਾਲ ਹੋ ਚੁੱਕੀਆਂ ਬਿਲਡਿੰਗਾਂ ਵੱਲ ਸਰਕਾਰ ਦਾ ਕੋਈ ਧਿਆਨ ਨਹੀਂ ਹੈ ?
ਇਲਾਕੇ ਦੇ ਕਾਂਗਰਸੀ ਸਾਂਸਦ ਮੁਹੰਮਦ ਸਦੀਕ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਸੀ ਪਰ ਉਨ੍ਹਾਂ ਨੇ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ?
ਸਾਂਸਦ ਮੁਹੰਮਦ ਸਦੀਕ ਦਾ ਧਿਆਨ ਸਿਰਫ ਆਪਣੇ ਵਿਧਾਨ ਸਭਾ ਹਲਕੇ ਜੈਤੋ ਵੱਲ ਹੀ ਹੈ ?
ਟ੍ਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਚਾਹੀਦਾ ਹੈ ਕਿ ਉਹ ਆਪਣੇ ਏਰੀਏ ਨਾਲ ਸਬੰਧਿਤ ਪ੍ਰਾਈਵੇਟ ਬੱਸ ਸੰਚਾਲਕਾਂ ਉਪਰ ਕਾਰਵਾਈ ਤੋਂ ਵਿਹਲੇ ਹੋਕੇ ਇਧਰ ਵੀ ਧਿਆਨ ਦੇਣ।