ਕਾਂਗਰਸ ਦੇ ਹਲਕਾ ਇੰਚਾਰਜ ਵੱਲੋਂ ਵੰਡੇ ਕਰਜ਼ਾ ਮੁਆਫੀ ਦੇ ਚੈਕਾਂ ਦਾ ਰੱਫੜ ਪਿਆ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,25 ਨਵੰਬਰ2021 : ਬਠਿੰਡਾ ਜ਼ਿਲ੍ਹੇ ’ਚ ਸਿਆਸੀ ਲੀਡਰਾਂ ਕਾਰਨ ਪੰਜਾਬ ਸਰਕਾਰ ਵੱਲੋਂ ਖੇਤ ਮਜ਼ਦੂਰ ਅਤੇ ਬੇਜ਼ਮੀਨੇ ਕਾਸ਼ਤਕਾਰਾਂ ਦੇ ਮੁਆਫ ਕੀਤੇ ਕੀਤੇ ਕਰਜ਼ੇ ਨੂੰ ਲੈ ਕੇ ਨਵਾਂ ਰੱਫੜ ਬਣ ਗਿਆ ਹੈ। ਪੰਜਾਬ ਸਰਕਾਰ ਨੇ ਲਿਖਤੀ ਹੁਕਮ ਰਾਹੀਂ ਮੁਆਵਜ਼ੇ ਦੇ ਚੈਕ ਹਲਕਾ ਇੰਚਾਰਜਾਂ ਤੇ ਵਿਧਾਇਕਾਂ ਨੂੰ ਵੰਡਣ ਦੀ ਜਿੰਮੇਵਾਰੀ ਦਿੱਤੀ ਸੀ । ਬਠਿੰਡਾ ਜ਼ਿਲ੍ਹੇ ਦੇ ਲੱਗਭਗ 9 ਹਜ਼ਾਰ ਮੈਂਬਰ ਹਨ ਜਿੰਨ੍ਹਾਂ ਦਾ ਤਕਰੀਬਨ 15 ਕਰੋੜ ਰੁਪਏ ਕਰਜਾ ਮੁਆਫ ਹੋਇਆ ਹੈ। ਤਾਜਾ ਮਾਮਲਾ ਬਠਿੰਡਾ ਦਿਹਾਤੀ ਹਲਕੇ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਨਾਲ ਜੁੜਿਆ ਹੋਇਆ ਹੈ । ਲਾਡੀ ਨੇ ਕੁੱਝ ਦਿਨ ਪਹਿਲਾਂ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ’ਚ ਲਾਭਪਾਤਰੀ ਕਿਸਾਨਾਂ ਮਜ਼ਦੂਰਾਂ ਨੂੰ ਚੈਕ ਵੰਡੇ ਹਨ ਜਿੰਨ੍ਹਾਂ ਦੇ ਪਾਸ ਹੋਣ ਦਾ ਵੱਡਾ ਰੌਲਾ ਰੱਪਾ ਪਿਆ ਹੋਇਆ ਹੈ।
ਲਾਭਪਾਤਰੀ ਚੈਕ ਆਪਣੇ ਹੱਥਾਂ ’ਚ ਲੈਕੇ ਬੈਂਕ ਮੈਨੇਜਰਾਂ ਦੇ ਹਾੜ੍ਹੇ ਕੱਢਦੇ ਫਿਰ ਰਹੇ ਹਨ ਪਰ ਉਨ੍ਹਾਂ ਨੂੰ ਪੱਲਾ ਨਹੀਂ ਫੜਾਇਆ ਜਾ ਰਿਹਾ ਹੈ। ਜਦੋਂ ਪਾਣੀ ਸਿਰ ਤੋਂ ਦੀ ਲੰਘਦਾ ਦਿਖਾਈ ਦਿੱਤਾ ਤਾਂ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਯੂਨੀਅਨ ਅਤੇ ਲਾਭਪਾਤਰੀਆਂ ਨੇ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਜਿਲ੍ਹਾ ਮੈਨੇਜਰ ਕੋਲ ਉਠਾਇਆ ਹੈ। ਬੈਂਕ ਪ੍ਰਬੰਧਕਾਂ ਨੇ ਮਸਲਾ ਜਲਦੀ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ ਹੈ ਪਰ ਅੱਕੇ ਲੋਕਾਂ ਅਤੇ ਸਹਿਕਾਰੀ ਸਭਾਵਾਂ ਦੇ ਆਗੂਆਂ ਨੇ ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਅਫਸਰਾਂ ਨੂੰ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਹੈ। ਇਸ ਤੋਂ ਪਹਿਲਾਂ ਸਹਿਕਾਰੀ ਸਭਾਵਾਂ ਯੂਨੀਅਨ ਦੇ ਵਫਦ ਨੇ ਜਿਲ੍ਹਾ ਮੈਨੇਜਰ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਅਸਲੀਅਤ ਤੋਂ ਜਾਣੂੰ ਕਰਵਾਇਆ ਹੈ।
ਇਸ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕੋਟਸ਼ਮੀਰ ਦੇ ਇੰਨ੍ਹਾਂ ਕਿਸਾਨਾਂ ਨੇ ਫਿਕਰ ਜਾਹਰ ਕੀਤੇ ਕਿ ਜੇਕਰ ਚੋਣ ਜਾਬਤਾ ਲੱਗ ਗਿਆ ਤਾਂ ਉਨ੍ਹਾਂ ਦੀ ਕਰਜ ਮੁਆਫੀ ਦਾ ਮਾਮਲਾਹ ਮੁਸ਼ਕਲਾਂ ’ਚ ਫਸ ਸਕਦਾ ਹੈ ਇਸ ਲਈ ਪੰਜਾਬ ਸਰਕਾਰ ਨੂੰ ਇਹ ਪੈਸੇ ਜਲਦੀ ਤੋਂ ਜਲਦੀ ਬੈਂਕਾਂ ਨੂੰ ਭੇਜ ਦੇਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਅਸਲ ’ਚ ਵੋਟਾਂ ਖਾਤਰ ਕਰਜਾ ਮੁਆਫੀ ਦੇ ਨਾਮ ਹੇਠ ਉਨ੍ਹਾਂ ਨੂੰ ਕਾਂਗਰਸੀ ਨੇਤਾਵਾਂ ਦੇ ਗੋਡੀਂ ਹੱਥ ਲਾਉਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਸਰਕਾਰ ਨੇ ਕਰਜਾ ਮੁਆਫ ਹੀ ਕੀਤਾ ਹੈ ਤਾਂ ਇਹ ਪੈਸਾ ਸਿੱਧਾ ਉਨ੍ਹਾਂ ਦੇ ਖਾਤਿਆਂ ’ਚ ਪਾ ਦੇਣਾ ਚਾਹੀਦਾ ਹੈ ਏਦਾਂ ਖੱਜਲਖੁਆਰ ਕਰਨ ਦੀ ਕੀ ਲੋੜ ਸੀ।
ਦੱਸਣਯੋਗ ਹੈ ਕਿ ਪੰਜਾਬ ਦੇ ਤੱਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਵੱਲੋਂ ਪੰਜਾਬ ਦੀਆਂ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਦੇ ਕਰੀਬ ਦੋ ਲੱਖ 85 ਹਜਾਰ ਤੋਂ ਵੀ ਵੱਧ ਮੈਂਬਰਾਂ ਨੂੰ 590 ਕਰੋੜ ਰੁਪਏ ਦੀ ਕਰਜਾ ਰਾਹਤ ਦਿੱਤੀ ਗਈ ਸੀ। ਹਾਲਾਂਕਿ ਕੈਪਟਨ ਨੂੰ ਸੱਤਾ ਤੋਂ ਲਾਂਭੇ ਹੋਇਆਂ ਵੀ ਕਈ ਮਹੀਨੇ ਬੀਤ ਗਏ ਹਨ ਪਰ ਕਰਜਾ ਮੁਆਫੀ ਅਜੇ ਵੀ ਕਿਸਾਨਾਂ ਮਜਦੂਰਾਂ ਦੇ ਜੀਅ ਦਾ ਜੰਜਾਲ ਬਣੀ ਹੋਈ ਹੈ। ਇਸੇ ਤਰਾਂ ਹੀ ਆਪਣੇ ਚੋਣ ਵਾਅਦੇ ਮੁਤਾਬਕ ਮੁਕੰਮਲ ਕਰਜਾ ਮੁਆਫੀ ਨੂੰ ਕਰਜਾ ਰਾਹਤ ’ਚ ਤਬਦੀਲ ਕਰਦਿਆਂ ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਸੀ ਜੋ ਅਜੇ ਵੀ ਚੱਕਰਵਿਊ ’ਚ ਫਸਿਆ ਹੋਇਆ ਹੈ।
ਅਸਾਂ ਨਹੀਂ ਕਨੌੜ ਝੱਲਣੀ ਕਿਸਾਨ
ਪੰਜਾਬ ਸਰਕਾਰ ਵੱਲੋਂ ਦਿੱਤੀ ਕਰਜਾ ਰਾਹਤ ਨੂੰ ਲੈਕੇ ਕੋਟਸ਼ਮੀਰ ਦੇ ਕਈ ਕਿਸਾਨਾਂ ਨੇ ਦੱਸਿਆ ਕਿ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਕੁੱਝ ਕੁ ਚੈਕ ਵੰਡੇ ਸਨ ਜਦੋਂਕਿ ਬਾਕੀ ਚੈਕ ਉਹ ਪਿੰਡ ਦੇ ਕਾਂਗਰਸੀ ਲੀਡਰਾਂ ਹਵਾਲੇ ਕਰ ਗਏ ਸਨ। ਉਨ੍ਹਾਂ ਦੱਸਿਆ ਕਿ ਇਹ ਲੀਡਰ ਚੈਕ ਲਿਜਾਣ ਲਈ ਲਾਭਪਾਤਰੀਆਂ ਨੂੰ ਘਰੀਂ ਸੱਦ ਰਹੇ ਹਨ ਤਾਂ ਜੋ ਵੋਟਾਂ ਪੱਕੀਆਂ ਕੀਤੀਆਂ ਜਾ ਸਕਣ। ਉਨ੍ਹਾਂ ਸਪਸ਼ਟ ਕੀਤਾ ਕਿ ਚਾਹੇ ਸਾਨੂੰ ਚੈਕ ਮਿਲਣ ਜਾਂ ਨਾਂ ਮਿਲਣ ਉਹ ਪੈਸਿਆਂ ਖਾਤਰ ਕਿਸੇ ਲੀਡਰ ਦੇ ਦਰ ਤੇ ਗੋਡੇ ਨਹੀਂ ਟੇਕਣਗੇ।
ਸੰਘਰਸ਼ ਦੀ ਤਿਆਰੀ: ਸਹਿਕਾਰੀ ਆਗੂ
Êਪੰਜਾਬ ਪੇਂਡੂ ਖੇਤੀਬਾੜੀ ਸਹਿਕਾਰੀ ਸਭਾਵਾਂ ਡਵੀਜਨ ਫਿਰੋਜ਼ਪੁਰ ਦੇ ਪ੍ਰਧਾਨ ਜਸਕਰਨ ਸਿੰਘ ਕੋਟਸ਼ਮੀਰ ਅਤੇ ਜਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਬੱਲ੍ਹੋ ਦਾ ਕਹਿਣਾ ਸੀ ਕਿ ਜੇਕਰ ਅਧਿਕਾਰੀਆਂ ਨੇ ਰਾਹਤ ਰਾਸ਼ੀ ਵੰਡਣ ਦਾ ਮਸਲਾ 29 ਨਵੰਬਰ ਤੱਕ ਹੱਲ ਨਾਂ ਕੀਤਾ ਤਾਂ ਜੱਥੇਬੰਦੀ ਨੇ ਤਿੱਖਾ ਸੰਘਰਸ਼ ਦਾ ਫੈਸਲਾ ਲਿਆ ਹੈ । ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸੀ ਨੇਤਾਵਾਂ ਰਾਹੀਂ ਚੈਕ ਵੰਡ ਕੇ ਸਰਕਾਰ ਸਰਕਾਰੀ ਖਜਾਨੇ ਨੂੰ ਇੱਕ ਤਰਾਂ ਨੇ ਸਿਆਸੀ ਲਾਹੇ ਲਈ ਵਰਤ ਰਹੀ ਹੈ ਜੋ ਲੋਕਤੰਤਰ ਦਾ ਕਤਲ ਹੈ । ਹਲਕਾ ਇੰਚਾਰਜਾਂ ਨੂੰ ਚੈਕ ਸੌਂਪਣ ਦੀ ਨਿਖੇਧੀ ਕਰਦਿਆਂ ਸਹਿਕਾਰੀ ਸਭਾਵਾਂ ਦੇ ਆਗੂਆਂ ਨੇ ਸਰਕਾਰ ਤੋਂ ਫੈਸਲਾ ਵਾਪਿਸ ਲੈਣ ਅਤੇ ਰਾਹਤ ਰਾਸ਼ੀ ਤੁਰੰਤ ਲਾਭਪਾਤਰੀਆਂ ਦੇ ਖਾਤੇ ’ਚ ਪਾਉਣ ਦੀ ਮੰਗ ਕੀਤੀ ਹੈ।
ਮਸਲਾ ਜਲਦੀ ਹੱਲ ਕਰਾਂਗੇ:ਡੀ ਐਮ
ਕੇਂਦਰੀ ਸਹਿਕਾਰੀ ਬੈਂਕ ਬਠਿੰਡਾ ਦੇ ਜਿਲ੍ਹਾ ਮੈਨੇਜਰ ਨਿਪੁਨ ਗਰਗ ਦਾ ਕਹਿਣਾ ਸੀ ਕਿ ਲਾਭਪਾਤਰੀਆਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਅਤੇ ਚੋਣ ਜਾਬਤਾ ਲੱਗਣ ਦੇ ਬਾਵਜੂਦ ਕਰਜਾ ਰਾਹਤ ਦਾ ਪੈਸਾ ਸਬੰਧਤ ਚੈਕ ਧਾਰਕਾਂ ਦੇ ਖਾਤੇ ’ਚ ਪਾਇਆ ਜਾਏਗਾ। ਉਨ੍ਹਾਂ ਦੱਸਿਆ ਕਿ ਉਹ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਜਲਦੀ ਹੀ ਮਸਲਾ ਸੁਲਝਾ ਲੈਣਗੇ। ਉਨ੍ਹਾਂ ਦੱਸਿਆ ਕਿ ਲਾਭਪਾਤਰੀਆਂ ਨੂੰ ਆਪੋ ਆਪਣੇ ਚੈਕ ਬੈਂਕਾਂ ’ਚ ਜਮ੍ਹਾ ਕਰਵਾਉਣ ਲਈ ਵੀ ਆਖ ਦਿੱਤਾ ਗਿਆ ਹੈ ਤਾਂ ਜੋ ਸਰਕਾਰ ਤੋਂ ਹੋਰ ਰਾਸ਼ੀ ਆਉਣ ਸਾਰ ਖਾਤਿਆਂ ’ਚ ਪਾ ਦਿੱਤੀ ਜਾਏ।
--