ਕਿਸਾਨਾਂ ਨੇ ਸ਼ਹੀਦ ਬਲਜੀਤ ਸਿੰਘ ਢਿੱਲਵਾਂ ਅਤੇ ਬਲਵੀਰ ਸਿੰਘ ਹਰਦਾਸਪੁਰਾ ਨੂੰ ਸ਼ਰਧਾਂਜਲੀ ਭੇਂਟ ਕੀਤੀ
26 ਨਵੰਬਰ ਕਾਫ਼ਲੇ ਬੰਨ੍ਹ ਕੇ ਸ਼ਾਮਿਲ ਹੋਵੋ- ਕਿਸਾਨ ਆਗੂ
ਕਮਲਜੀਤ ਸਿੰਘ ਸੰਧੂ, ਬਾਬੂਸ਼ਾਹੀ ਨੈੱਟਵਰਕ
ਬਰਨਾਲਾ: 25 ਨਵੰਬਰ, 2021-
ਬੱਤੀ ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ ਅੱਜ 421 ਵੇਂ ਦਿਨ ਵੀ ਪੂਰੇ ਜੋਸ਼ੋ-ਖਰੋਸ਼ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਕਿਹਾ ਕਿ ਕੇ-ਜੀ-ਪੀ( ਕੁੰਡਲੀ-ਗਾਜੀਆਬਾਦ-ਪਲਵਲ) ਐਕਸਪ੍ਰੈਸ ਵੇ ਤੇ ਟਰੈਕਟਰ-ਟਰਾਲੀ ਅਤੇ ਦੋ ਪਹੀਆ ਵਾਹਨਾਂ ਦੇ ਚੱਲਣ ਤੇ ਐਨਐਚਏਆਈ ਨੇ ਰੋਕ ਲਗਾ ਦਿੱਤੀ ਹੈ। ਜਮੀਨਾਂ ਖਰੀਦੀਆਂ ਲੋਕਾਂ ਵੱਲੋਂ ਅਦਾ ਕੀਤੇ ਟੈਕਸ ਦੇ ਪੈਸਿਆਂ ਨਾਲ, ਪਰ ਸੜਕਾਂ ਤੇ ਚੱਲਣਗੇ ਸਿਰਫ਼ ਅਮੀਰ ਜਾਦੇ।ਅਜੀਬ ਸਥਿਤੀ ਹੈ ਇੱਕ ਪਾਸੇ ਮੁਲਕ ਦਾ ਭੁੱਖਮਰੀ ਸੂਚਕ ਅੰਕ 116 ਮੁਲਕਾਂ ਵਿੱਚੋਂ 101 ਵਾਂ ਸਥਾਨ, ਦੂਜੇ ਪਾਸੇ ਮੁਲਕ ਦੇ ਧਨਾਢਾਂ ਦੀ ਦੌਲਤ ਛੜੱਪੇ ਮਾਰਕੇ ਵਧ ਰਹੀ ਹੈ, ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਵਿਅਕਤੀ ਬਣ ਗਿਆ ਹੈ। ਅਜਿਹਾ ਸਾਰਾ ਕੁੱਝ ਹਾਕਮਾਂ ਵੱਲੋਂ ਲਿਆਂਦੀਆਂ ਲੋਕ ਵਿਰੋਧੀ ਨੀਤੀਆਂ ਕਾਰਨ ਵਾਪਰ ਰਿਹਾ ਹੈ।
. ਅੱਜ ਗੁਰਦੇਵ ਸਿੰਘ ਮਾਂਗੇਵਾਲ, ਗੁਰਚਰਨ ਸਿੰਘ ਕੋਠੇ ਸੁਰਜੀਤ ਪੁਰਾਣੇ, ਹਰਚਰਨ ਚੰਨਾ, ਜਸਪਾਲ ਕੌਰ ਕਰਮਗੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕੱਲੵ 26 ਕਿਸਾਨ ਅੰਦੋਲਨ ਦੇ ਇੱਕ ਸਾਲ ਪੂਰਾ ਹੋਣ ਮੌਕੇ ਵੱਡੀ ਗਿਣਤੀ ਵਿੱਚ ਕਾਫ਼ਲੇ ਬੰਨ੍ਹ ਕੇ ਪੱਜਣ ਦੀ ਅਪੀਲ ਕੀਤੀ।
ਅੱਜ ਦਿੱਲੀ ਮੋਰਚੇ ਅਤੇ ਸਥਾਨਕ ਧਰਨਿਆਂ ਵਿੱਚ ਲਗਾਤਾਰ ਸ਼ਮੂਲੀਅਤ ਕਰਨ ਵਾਲੇ ਦੋ ਯੋਧਿਆਂ ਬਲਜੀਤ ਸਿੰਘ ਢਿੱਲਵਾਂ ਅਤੇ ਬਲਵੀਰ ਸਿੰਘ ਹਰਦਾਸਪੁਰਾ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਾਡੇ ਅੰਦੋਲਨ ਦਾ ਅਟੁੱਟ ਅੰਗ ਸਨ। ਅੱਜ ਦੋ ਮਿੰਟ ਦਾ ਮੌਨ ਧਾਰ ਕੇ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ।
ਉਧਰ ਰਿਲਾਇੰਸ ਮਾਲ ਮੂਹਰੇ ਲੱਗਿਆ ਧਰਨਾ ਵੀ 421 ਵੇਂ ਦਿਨ ਵਿੱਚ ਦਾਖਲ ਹੋ ਗਿਆ ਅਤੇ ਲਗਾਤਾਰ ਜਾਰੀ ਹੈ। ਅੱਜ ਮੇਜਰ ਸਿੰਘ, ਨਾਜਰ ਸਿੰਘ, ਭੋਲਾ ਸਿੰਘ , ਦਲੀਪ ਲਈ ਬਲਵਿੰਦਰ ਸਿੰਘ, ਬਸੰਤ ਸਿੰਘ , ਮਿੱਠੂ ਸਿੰਘ ਅਤੇ ਤੇਜਾ ਸਿੰਘ ਨੇ ਸੰਬੋਧਨ ਕੀਤਾ