ਸਰਕਾਰੀ ਪੌਲੀਟੈਕਨਿਕ ਕਾਲਜ ਬਠਿੰਡਾ ਦੇ ਤਿੰਨ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ
ਅਸ਼ੋਕ ਵਰਮਾ, ਬਾਬੂਸ਼ਾਹੀ ਨੈੱਟਵਰਕ
ਬਠਿੰਡਾ,25 ਨਵੰਬਰ2021: ਸਰਕਾਰੀ ਪੌਲੀਟੈਕਨਿਕ ਕਾਲਜ, ਬਠਿੰਡਾ ਦੇ ਮਕੈਨੀਕਲ ਇੰਜੀ: ਦੇ ਇਸ ਸਾਲ ਪਾਸਆਊਟ ਹੋਏ ਤਿੰਨ ਵਿਦਿਆਰਥੀਆਂ ਦੀ ਦੇਸ਼ ਦੀ ਨਾਮੀ ਕੰਪਨੀ ਕ੍ਰਿਸ਼ਨਾ ਮੂਰਤੀ ਲਿਮ:ਵਿੱਚ ਨੌਕਰੀ ਲਈ ਚੋਣ ਹੋਈ ਹੈ। ਇਹਨਾਂ ਚੁਣੇ ਗਏ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਾਲਜ ਦੇ ਪ੍ਰਿੰਸੀਪਲ ਅਨੂਜਾ ਪੁਪਨੇਜਾ ਨੇ ਦੱਸਿਆ ਕਿ ਕਾਲਜ ਲਈ ਇਹ ਮਾਣ ਵਾਲੀ ਗੱਲ ਹੈ ਕਿ ਕਰੋਨਾ ਮਹਾਂਮਾਰੀ ਹੋਣ ਦੇ ਬਾਵਜੂਦ ਵੀ ਇਹਨਾਂ ਵਿਦਿਆਰਥੀਆਂ ਨੇ ਦੇਸ਼ ਦੀ ਨਾਮੀ ਕੰਪਨੀਆਂ ਵਿੱਚ ਨੌਕਰੀ ਹਾਸਲ ਕੀਤੀ ਹੈ। ਉਹਨਾਂ ਇਸ ਲਈ ਕਾਲਜ ਦੇ ਮਕੈਨੀਕਲ ਇੰਜੀ: ਦੇ ਸਟਾਫ ਨੂੰ ਵਧਾਈ ਦਿੱਤੀ।
ਉਹਨਾਂ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਮਿਹਨਤ ਅਤੇ ਲਗਨ ਨਾਲ ਨੌਕਰੀ ਕਰਕੇ ਕਾਲਜ ਅਤੇ ਆਪਣੇ ਮਾਪਿਆਂ ਦਾ ਨਾਂ ਰੋਸ਼ਨ ਕਰਨ। ਉਹਨਾਂ ਦੱਸਿਆ ਕਿ ਕਾਲਜ ਵੱਲੋਂ ਹਰ ਸਾਲ ਨੌਕਰੀ ਦੇ ਚਾਹਵਾਨ ਵਿਦਿਆਰਥੀਆਂ ਦੀ ਚੋਣ ਕਰਕੇ ਉਹਨਾਂ ਲਈ ਪਲੇਸਮੈਂਟ ਦੇ ਉਪਰਾਲੇ ਕੀਤੇ ਜਾਂਦੇ ਹਨ ਅਤੇ ਇਸ ਲਈ ਕਾਲਜ ਵਿੱਚ ਪਲੇਸਮੈਂਟ ਸੈਲ ਦਾ ਗਠਨ ਵੀ ਕੀਤਾ ਗਿਆ ਹੈ। ਉਹਨਾਂ ਇਹ ਵੀ ਦੱਸਿਆ ਕਿ ਕਾਲਜ ਵੱਲੋਂ ਪੜ੍ਹਾਈ ਦੇ ਨਾਲ-ਨਾਲ ਗੈਰ-ਅਕਾਦਮਿਕ ਗਤੀ-ਵਿਧੀਆਂ ਵੀ ਲਗਾਤਾਰ ਕਾਰਵਾਈਆਂ ਜਾਦੀਆਂ ਹਨ ਤਾਂ ਕਿ ਵਿਦਿਆਰਥੀਆਂ ਦਾ ਸਰਵਪੱਖੀ ਵਿਕਾਸ ਹੋ ਸਕੇ।
ਕਾਲਜ ਦੇ ਮਕੈਨੀਕਲ ਇੰਜੀ: ਵਿਭਾਗ ਦੇ ਟ੍ਰੇਨਿੰਗ ਅਤੇ ਪਲੇਸਮੈਂਟ ਅਫਸਰ ਬਲਜੀਤ ਸਿੰਘ ਵਿਰਕ, ਸੀਨੀਅਰ ਲੈਕਚਰਾਰ ਨੇ ਦੱਸਿਆ ਕਿ ਵਿਦਿਆਰਥੀ ਜਸਵਿੰਦਰ ਸਿੰਘ, ਸ਼ਾਨੂੰ, ਵਿਸ਼ਾਲ ਕੁਮਾਰ ਸ਼ਾਹ ਦੀ ਚੋਣ ਕ੍ਰਿਸ਼ਨਾ ਮਾਰੂਤੀ ਪ੍ਰਾਈਵੇਟ ਲਿਮਿ: ਮਾਨੇਸਰ ਵਿੱਚ ਹੋਈ ਹੈ। ਉਪਰੋਕਤ ਵਿਦਿਆਰਥੀਆਂ ਨੂੰ ਕੰਪਨੀ ਵੱਲੋਂ ਟ੍ਰੇਨਿੰਗ ਦੌਰਾਨ 2 ਲੱਖ ਰੁਪਏ ਸਲਾਨਾ ਦਾ ਪੈਕੇਜ ਦਿੱਤਾ ਜਾਵੇਗਾ। ਇਸ ਮੌਕੇ ਮੁਖੀ ਵਿਭਾਗ ਮਕੈਨੀਕਲ ਸੋਮਨਾਥ ਸ਼ਰਮਾ ਤੋਂ ਇਲਾਵਾ ਮਕੈਨੀਕਲ ਵਿਭਾਗ ਦੇ ਸਮੂਹ ਸਟਾਫ ਮੈਂਬਰ ਵੀ ਹਾਜ਼ਰ ਸਨ।